ਚੰਡੀਗੜ੍ਹ, (ਰਾਏ)- ਐੱਸ. ਸੀ./ਐੱਸ. ਟੀ. ਐਕਟ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ 'ਚ ਦਲਿਤ ਸੰਗਠਨਾਂ ਨੇ ਭਾਰਤ ਬੰਦ ਕਾਰਨ ਟ੍ਰਾਈਸਿਟੀ 'ਚ ਵੀ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤਾ। ਪੁਲਸ ਅਨੁਸਾਰ ਚੰਡੀਗੜ੍ਹ ਤੋਂ 210 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨਾਲ ਨਿੱਬੜਨ ਲਈ ਭਾਰੀ ਪੁਲਸ ਫੋਰਸ ਦੀ ਨਿਯੁਕਤੀ ਕੀਤੀ ਗਈ ਸੀ।
ਸਵੇਰੇ 9 ਵਜੇ ਦੇ ਲਗਭਗ ਟ੍ਰਿਬਿਊਨ ਚੌਕ 'ਤੇ ਦਲਿਤ ਸੰਗਠਨ ਦੇ ਲੋਕਾਂ ਨੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ। ਪੁਲਸ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਸਮਝਾਇਆ ਪਰ ਪ੍ਰਦਰਸ਼ਨਕਾਰੀ ਜਦੋਂ ਨਾ ਮੰਨੇ ਤਾਂ ਪੁਲਸ ਨੇ ਹਲਕਾ ਬਲ ਪ੍ਰਯੋਗ ਕੀਤਾ। ਪੁਲਸ ਨੇ ਇਥੋਂ ਸਾਬਕਾ ਮੇਅਰ ਕਮਲੇਸ਼ ਸਮੇਤ ਹੋਰ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ। ਉਧਰ ਮੋਹਾਲੀ ਤੇ ਪੰਚਕੂਲਾ 'ਚ ਵੀ ਵੱਖ-ਵੱਖ ਦਲਿਤ ਸੰਗਠਨਾਂ ਦੀ ਅਗਵਾਈ 'ਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਟ੍ਰਾਈਸਿਟੀ ਵਿਚ ਜ਼ਿਆਦਾਤਰ ਵਪਾਰਕ ਅਦਾਰੇ ਬੰਦ ਰਹੇ ਪਰ ਵਾਹਨਾਂ ਦੀ ਆਵਾਜਾਈ 'ਤੇ ਜ਼ਿਆਦਾ ਅਸਰ ਨਹੀਂ ਪਿਆ।
ਹਾਲਾਂਕਿ ਪ੍ਰਦਰਸ਼ਨਕਾਰੀਆਂ ਨੇ ਕਈ ਸਥਾਨਾਂ 'ਤੇ ਟ੍ਰੈਫਿਕ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਚੰਡੀਗੜ੍ਹ 'ਚ ਸਕੂਲ-ਕਾਲਜ ਖੁੱਲ੍ਹੇ ਰਹੇ। ਹਰਿਆਣਾ ਰੋਡਵੇਜ਼ ਦੀ ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੀਆਂ ਬੱਸਾਂ ਕੁਝ ਰੂਟ 'ਤੇ ਬੰਦ ਕਰ ਦਿੱਤੀਆਂ ਗਈਆਂ। ਸੈਕਟਰ-16 'ਚ ਵੀ ਪ੍ਰਦਰਸ਼ਨਕਾਰੀ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਵਿਚ ਧਰਮਵੀਰ, ਪ੍ਰੇਮਪਾਲ, ਲਵ ਕੁਮਾਰ, ਹਰਫੂਲ ਕਲਿਆਣ, ਚੰਦੂ ਲਾਲ, ਜਗਨ ਰਾਮ, ਕਾਲਾ ਰਾਮ ਸੂਦ ਤੇ ਹਰਭਜਨ ਸਿੰਘ ਸ਼ਾਮਲ ਸਨ।
ਦਲਿਤ ਸੰਗਠਨਾਂ ਨੇ ਲਾਇਆ ਜਾਮ
ਚੰਡੀਗੜ੍ਹ, (ਸੁਸ਼ੀਲ)- ਐੱਸ. ਸੀ./ਐੱਸ. ਟੀ. ਐਕਟ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ 'ਚ ਦਲਿਤ ਸੰਗਠਨਾਂ ਵੱਲੋਂ ਭਾਰਤ ਬੰਦ ਤਹਿਤ ਕੀਤੇ ਗਏ ਪ੍ਰਦਰਸ਼ਨ ਨਾਲ ਆਮ ਲੋਕਾਂ ਨੂੰ ਸੋਮਵਾਰ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਕਾਰਨ ਟ੍ਰਿਬਿਊਨ ਚੌਕ, ਸੈਕਟਰ-52, ਮਲੋਆ, ਸੈਕਟਰ-25/38 ਲਾਈਟ ਪੁਆਇੰਟ 'ਤੇ ਜਾਮ ਦੀ ਹਾਲਤ ਬਣੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਹਟਾ ਕੇ ਜਾਮ ਨੂੰ ਖੁਲ੍ਹਵਾਇਆ। ਟ੍ਰਿਬਿਊਨ ਚੌਕ 'ਤੇ ਸਾਬਕਾ ਮੇਅਰ ਕਮਲੇਸ਼ ਸਮੇਤ ਹੋਰ ਲੋਕ ਸੋਮਵਾਰ ਸਵੇਰੇ ਹੱਲੋਮਜਾਰਾ ਤੋਂ ਟ੍ਰਿਬਿਊਨ ਚੌਕ ਪੁੱਜੇ ਸਨ ਤੇ ਉਥੇ ਜੰਮ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਡੀ. ਐੱਸ. ਪੀ. ਦੀਪਕ ਯਾਦਵ ਅਤੇ ਸੈਕਟਰ-31 ਥਾਣਾ ਇੰਚਾਰਜ ਮੌਕੇ 'ਤੇ ਪਹੁੰਚੀ ਅਤੇ ਲੋਕਾਂ ਨੂੰ ਸਮਝਾਇਆ। ਇਸ ਤੋਂ ਬਾਅਦ ਪੁਲਸ ਨੇ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਰਾਊਂਡਅਪ ਕਰਕੇ ਸੀ. ਟੀ. ਯੂ. ਬੱਸਾਂ 'ਚ ਬਿਠਾ ਕੇ ਸੈਕਟਰ-16 ਸਥਿਤ ਕ੍ਰਿਕਟ ਸਟੇਡੀਅਮ 'ਚ ਬਣਾਈ ਗਈ ਅਸਥਾਈ ਜੇਲ 'ਚ ਛੱਡ ਦਿੱਤਾ। ਇਸ ਤੋਂ ਬਾਅਦ ਸੈਕਟਰ-52 'ਚ ਦਲਿਤ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਇੰਸਪੈਕਟਰ ਨਸੀਬ ਸਿੰਘ ਅਤੇ ਚੌਕੀ ਇੰਚਾਰਜ ਮੌਕੇ 'ਤੇ ਪੁੱਜੇ। ਪ੍ਰਦਰਸ਼ਨਕਾਰੀ ਜਾਮ ਲਾਉਣ ਲੱਗੇ ਤਾਂ ਪੁਲਸ ਨੇ ਉਨ੍ਹਾਂ ਨੂੰ ਰਾਊਂਡਅਪ ਕੀਤਾ। ਸੈਕਟਰ-36 ਥਾਣਾ ਪੁਲਸ ਨੇ ਮਹਿਲਾ ਸਮੇਤ 55 ਪ੍ਰਦਰਸ਼ਨਕਾਰੀਆਂ ਨੂੰ ਰਾਊਂਡਅਪ ਕਰਕੇ ਸੈਕਟਰ-16 ਸਥਿਤ ਕ੍ਰਿਕਟ ਸਟੇਡੀਅਮ 'ਚ ਛੱਡ ਦਿੱਤਾ। ਇਸ ਤੋਂ ਇਲਾਵਾ ਸੈਕਟਰ-25/38 ਦੀਆਂ ਲਾਈਟਾਂ 'ਤੇ ਨੁਮਾਇਸ਼ ਕਰਨ ਵਾਲੇ ਕਰੀਬ 69 ਲੋਕਾਂ ਨੂੰ ਪੁਲਸ ਨੇ ਰਾਊਂਡਅਪ ਕਰਕੇ ਅਸਥਾਈ ਜੇਲ 'ਚ ਛੱਡ ਦਿੱਤਾ। 210 ਲੋਕਾਂ ਨੂੰ ਅਸਥਾਈ ਜੇਲ 'ਚ ਰੱਖਿਆ ਸੀ, ਜਿਨ੍ਹਾਂ ਨੂੰ ਸ਼ਾਮ ਹੋਣ ਤੋਂ ਬਾਅਦ ਪੁਲਸ ਨੇ ਛੱਡ ਦਿੱਤਾ।
ਸ਼ਹਿਰ ਦੇ ਦੋਵਾਂ ਬੱਸ ਅੱਡਿਆਂ ਤੋਂ ਨਹੀਂ ਚੱਲੀਆਂ ਬੱਸਾਂ
ਚੰਡੀਗੜ੍ਹ, (ਰਜਿੰਦਰ)- ਦਲਿਤ ਸੰਗਠਨਾਂ ਵੱਲੋਂ ਸੋਮਵਾਰ ਨੂੰ ਘੋਸ਼ਿਤ ਭਾਰਤ ਬੰਦ ਦਾ ਅਸਰ ਸ਼ਹਿਰ ਦੀ ਬੱਸ ਸੇਵਾ 'ਤੇ ਵੀ ਦੇਖਣ ਨੂੰ ਮਿਲਿਆ। ਬੰਦ ਕਾਰਨ ਸ਼ਹਿਰ ਦੇ ਦੋਵਾਂ ਬੱਸ ਅੱਡਿਆਂ 'ਤੇ ਯਾਤਰੀ ਬੱਸਾਂ ਲੈਣ ਲਈ ਭਟਕਦੇ ਰਹੇ ਪਰ ਉਨ੍ਹਾਂ ਨੂੰ ਬੱਸਾਂ ਨਹੀਂ ਮਿਲੀਆਂ। ਬੱਸਾਂ ਦਾ ਸੰਚਾਲਨ ਸ਼ਾਮ ਛੇ ਵਜੇ ਤੋਂ ਬਾਅਦ ਹੀ ਸ਼ੁਰੂ ਹੋ ਸਕਿਆ। ਬੱਸਾਂ ਨਾ ਮਿਲਣ ਕਾਰਨ ਥੱਕ-ਹਾਰ ਕੇ ਯਾਤਰੀ ਬੱਸ ਅੱਡਿਆਂ 'ਤੇ ਹੀ ਬੈਠੇ ਰਹੇ। ਮੁਸਾਫਿਰਾਂ ਨੂੰ ਵੋਲਵੋ ਬੱਸਾਂ ਵੀ ਨਹੀਂ ਮਿਲੀਆਂ। ਇਸ ਤੋਂ ਇਲਾਵਾ ਬੱਸ ਸਟੈਂਡ 'ਤੇ ਦਿਨ ਭਰ ਪੁਲਸ ਦਾ ਵੀ ਪਹਿਰਾ ਰਿਹਾ। ਸੈਕਟਰ-17 ਬੱਸ ਸਟੈਂਡ ਤੋਂ ਦਿਨ ਭਰ ਇਕ ਵੀ ਵੋਲਵੋ ਬੱਸ ਨਹੀਂ ਚੱਲੀ। ਮੁਸਾਫਿਰਾਂ ਨੂੰ ਦਿੱਲੀ, ਗੁੜਗਾਓਂ, ਫਰੀਦਾਬਾਦ ਜਾਣ ਲਈ ਵੋਲਵੋ ਬੱਸ ਨਾ ਮਿਲਣ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਉਥੇ ਹੀ ਆਮ ਬੱਸ ਸੇਵਾ ਵੀ ਬੰਦ ਰਹੀ। ਪੰਜਾਬ, ਹਰਿਆਣਾ ਅਤੇ ਹਿਮਾਚਲ ਟ੍ਰਾਂਸਪੋਰਟ ਵਿਭਾਗ ਵੱਲੋਂ ਹਰ ਰੋਜ਼ ਦੋ ਹਜ਼ਾਰ ਬੱਸਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਸੈਕਟਰ-17 ਬੱਸ ਸਟੈਂਡ ਤੋਂ ਬੱਸਾਂ ਦਿੱਲੀ ਦੇ ਨਾਲ ਰੋਹਤਕ, ਪਾਨੀਪਤ, ਸੋਨੀਪਤ, ਗੋਹਾਨਾ ਸਹਿਤ ਹਰਿਆਣੇ ਦੇ ਸਾਰੇ ਜ਼ਿਲਿਆਂ ਲਈ ਚੱਲਦੀਆਂ ਹਨ। ਸੈਕਟਰ-43 ਬੱਸ ਸਟੈਂਡ 'ਤੇ ਵੀ ਲੋਕਾਂ ਨੂੰ ਇਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੀ. ਟੀ. ਯੂ. ਦੀਆਂ ਲੰਬੇ ਰੂਟ ਦੀਆਂ ਬੱਸਾਂ ਦਾ ਸੰਚਾਲਨ ਨਹੀਂ ਹੋ ਸਕਿਆ ਹੈ, ਜਿਸ 'ਚ ਕਿ ਦਿੱਲੀ ਸਮੇਤ ਪੰਜਾਬ, ਹਰਿਆਣਾ ਸ਼ਾਮਲ ਹਨ। ਸੀ. ਟੀ. ਯੂ. ਦੀਆਂ 25 ਤੋਂ ਜ਼ਿਆਦਾ ਲੋਕਲ ਬੱਸਾਂ ਵੀ ਨਹੀਂ ਚੱਲ ਸਕੀਆਂ। ਬੱਸਾਂ ਦੇ ਨਾ ਚੱਲਣ ਕਾਰਨ ਚੰਡੀਗੜ੍ਹ ਤੋਂ ਮੋਹਾਲੀ ਤਕ ਜਾਣ ਵਾਲੀਆਂ ਸੀ. ਟੀ. ਯੂ. ਦੀਆਂ ਲੋਕਲ ਰੂਟ ਦੀਆਂ ਬੱਸਾਂ ਬੰਦ ਰਹੀਆਂ। ਇਸ ਕਾਰਨ ਮੁਸਾਫਿਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਉਥੇ ਹੀ ਚੰਡੀਗੜ੍ਹ ਤੋਂ ਜ਼ੀਰਕਪੁਰ ਜਾਣ ਵਾਲੀਆਂ ਬੱਸਾਂ ਵਿਚ ਵੀ ਜੰਮ ਕੇ ਭੀੜ ਰਹੀ।
ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਕੱਢਿਆ ਮੋਮਬੱਤੀ ਮਾਰਚ
NEXT STORY