ਲੁਧਿਆਣਾ (ਰਾਜ, ਨਰਿੰਦਰ) : ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਅਕਸਰ ਫਰਜ਼ੀ ਏਜੰਟਾਂ ਕੋਲ ਫਸ ਜਾਂਦੇ ਹਨ, ਜਿਹੜੇ ਕਿ ਉਨ੍ਹਾਂ ਨੂੰ ਗਲਤ ਢੰਗ ਨਾਲ ਵਿਦੇਸ਼ਾਂ 'ਚ ਪਹੁੰਚਾ ਤਾਂ ਦਿੰਦੇ ਹਨ ਪਰ ਉੱਥੇ ਉਨ੍ਹਾਂ ਨੂੰ ਨਰਕ ਭਰੀ ਜ਼ਿੰਦਗੀ ਭੋਗਣੀ ਪੈਂਦੀ ਹੈ। ਮਲੇਸ਼ੀਆ 'ਚ ਫਸੇ ਅਜਿਹੇ ਹੀ 300 ਨੌਜਵਾਨਾਂ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਵਾਪਸ ਪੰਜਾਬ ਲਿਆਂਦਾ ਗਿਆ ਹੈ, ਜਿਨ੍ਹਾਂ ਨੂੰ ਆਉਂਦੇ ਸਾਰ ਹੀ ਇਕਾਂਤਵਾਸ 'ਚ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਹੁਣ ਇਹ ਨੌਜਵਾਨ ਆਪਣੇ ਘਰਾਂ ਨੂੰ ਗਏ ਹਨ।
ਇਹ ਵੀ ਪੜ੍ਹੋ : ਨਵ-ਵਿਆਹੁਤਾ ਧੀ ਦੀਆਂ ਰੁਲ੍ਹੀਆਂ ਸਦਰਾਂ, ਮਾਪਿਆਂ ਪੱਲੇ ਪਾਇਆ ਉਮਰਾਂ ਦਾ ਰੋਣਾ
ਇਨ੍ਹਾਂ 'ਚੋਂ ਹਲਕਾ ਰਾਏਕੋਟ ਦੇ ਪਿੰਡ ਸੁਖਾਣਾ ਦਾ ਨੌਜਵਾਨ ਜਗਪ੍ਰੀਤ ਅਤੇ ਪਿੰਡ ਰਾਮਗੜ੍ਹ ਦਾ ਨੌਜਵਾਨ ਦਿਲਜੋਤ ਵੀ ਇਕਾਂਤਵਾਸ ਦਾ ਸਮਾਂ ਖਤਮ ਹੋਣ ਤੋਂ ਬਾਅਦ ਆਪਣੇ ਪਿੰਡ ਪਰਤੇ ਹਨ, ਜਿਨ੍ਹਾਂ ਨੇ ਆਪਣੀ ਹੱਡ ਬੀਤੀ ਦੱਸੀ ਅਤੇ ਕੇਂਦਰੀ ਮੰਤਰੀ ਦਾ ਧੰਨਵਾਦ ਵੀ ਕੀਤਾ। ਬੱਚਿਆਂ ਦੀ ਘਰ ਵਾਪਸੀ 'ਤੇ ਮਾਪਿਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਪਰਮਾਤਮਾ ਦੇ ਸ਼ੁਕਰਾਨੇ ਦੇ ਨਾਲ-ਨਾਲ ਬੀਬਾ ਬਾਦਲ ਦਾ ਵੀ ਧੰਨਵਾਦ ਕੀਤਾ। ਇਸ ਦੌਰਾਨ ਦੋਹਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਏਜੰਟਾਂ ਰਾਹੀਂ ਮਲੇਸ਼ੀਆ ਗਏ ਸਨ ਪਰ ਉੱਥੇ ਉਨ੍ਹਾਂ ਨੂੰ ਵਰਕ ਪਰਮਿਟ ਨਾ ਮਿਲਣ ਕਾਰਨ ਉੱਥੋਂ ਦੀ ਸਰਕਾਰ ਨੇ ਜੇਲ੍ਹਾਂ 'ਚ ਬੰਦ ਕਰ ਦਿੱਤਾ ਅਤੇ ਜੇਲ੍ਹਾਂ 'ਚੋਂ ਆਪੋ-ਆਪਣੀ ਸਜ਼ਾ ਪੂਰੀ ਕਰਨ ਉਪਰੰਤ ਉੱਥੋਂ ਦੀ ਸਰਕਾਰ ਨੇ ਮਲੇਸ਼ੀਆ ਦੇ ਸ਼ਹਿਰ ਸਰਵਣਾ ਲਿਵਿੰਗ ਵਿਚਲੇ ਇੱਕ ਕੈਂਪ 'ਚ ਉਨ੍ਹਾਂ ਨੂੰ ਕੈਦ ਕਰ ਦਿੱਤਾ, ਜਿੱਥੇ ਉਨ੍ਹਾਂ ਸਮੇਤ 450 ਦੇ ਕਰੀਬ ਹੋਰ ਭਾਰਤੀ ਵੀ ਕੈਦ ਕੀਤੇ ਹਨ।
ਇਹ ਵੀ ਪੜ੍ਹੋ : ਲੁਧਿਆਣਾ : ਗੈਸ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ, ਕੰਬਿਆ ਪੂਰਾ ਮੁਹੱਲਾ
ਨੌਜਵਾਨਾਂ ਨੇ ਦੱਸਿਆ ਕਿ ਉੱਥੇ ਉਨ੍ਹਾਂ ਨਾਲ ਅਣਮਨੁੱਖੀ ਵਰਤਾਅ ਕੀਤਾ ਜਾਂਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮਾਪਿਆਂ ਦੀ ਮਦਦ ਨਾਲ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਰੁਮਾਣਾ, ਸਰਬਜੋਤ ਸਿੰਘ ਸਾਬੀ ਅਤੇ ਪ੍ਰਭਜੋਤ ਸਿੰਘ ਧਾਲੀਵਾਲ ਦੇ ਜ਼ਰੀਏ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਸੰਪਰਕ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਉਹ ਆਪਣੇ ਘਰ ਪਰਤ ਆਏ ਹਨ। ਨੌਜਵਾਨਾਂ ਨੇ ਦੱਸਿਆ ਕਿ ਮਲੇਸ਼ੀਆ 'ਚ ਪੁਲਸ ਉਨ੍ਹਾਂ 'ਤੇ ਤਸ਼ੱਦਦ ਕਰਦੀ ਸੀ। ਉਨ੍ਹਾਂ ਨੂੰ ਦਵਾਈ ਨਹੀਂ ਦਿੱਤੀ ਜਾਂਦੀ ਸੀ ਅਤੇ ਖਾਣ-ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ, ਜਿਸ ਕਾਰਨ ਉਹ ਨਰਕ ਭਰੀ ਜ਼ਿੰਦਗੀ ਉੱਥੇ ਬਤੀਤ ਕਰ ਰਹੇ ਸਨ, ਜਿਸ ਤੋਂ ਬਾਅਦ ਭਾਰਤੀ ਸਰਕਾਰ ਵੱਲੋਂ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਮੁਫਤ 'ਚ ਭਾਰਤ ਲਿਆਂਦਾ ਗਿਆ ਹੈ। ਦੂਜੇ ਪਾਸੇ ਲੁਧਿਆਣਾ ਜ਼ਿਲ੍ਹਾ ਦਿਹਾਤੀ ਅਕਾਲੀ ਦਲ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਿਵੇਂ ਇਨ੍ਹਾਂ ਨੌਜਵਾਨਾਂ 'ਤੇ ਉੱਥੇ ਪੁਲਸ ਨੇ ਤਸ਼ੱਦਦ ਕੀਤੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਅਜਿਹੇ ਨੌਜਵਾਨ ਘਰ ਪਰਤੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਭਾਵੁਕ ਹੋ ਗਏ ਹਨ ਪਰ ਇਸ ਮਾਮਲੇ 'ਤੇ ਬਾਕੀ ਪਾਰਟੀਆਂ ਨੂੰ ਬਿਨਾਂ ਸਿਆਸਤ ਕੀਤੇ ਇਨ੍ਹਾਂ ਨੌਜਵਾਨਾਂ ਦੀ ਸਾਰ ਲੈਣ ਦੀ ਲੋੜ ਹੈ।
ਇਹ ਵੀ ਪੜ੍ਹੋ : ਪਿਓ-ਧੀ ਦੇ ਧੋਖੇ ਤੇ ਬੇਇੱਜ਼ਤੀ ਨੂੰ ਦਿਲ 'ਤੇ ਲਾ ਬੈਠਾ ਮੁੰਡਾ, ਲਾਇਆ ਮੌਤ ਨੂੰ ਗਲੇ
ਨਵਾਂਸ਼ਹਿਰ: ਲੁਧਿਆਣਾ ਡੀ. ਐੱਮ. ਸੀ. ਦੀ ਸਟਾਫ ਨਰਸ ਸਣੇ 3 ਦੀ ਰਿਪੋਰਟ ਪਾਜ਼ੇਟਿਵ
NEXT STORY