ਰੂਪਨਗਰ, (ਜ.ਬ.)- ਪੁਲਸ ਨੇ 1 ਔਰਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 334 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਰਾਜਬਚਨ ਸਿੰਘ ਸੰਧੂ ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਦੱਸਿਆ ਕਿ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਮੁੱਖ ਅਫਸਰ ਥਾਣਾ ਸਦਰ ਰੂਪਨਗਰ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਰੂਪਨਗਰ ਅਤੇ ਕਾਊਂਟਰ ਇੰਟੈਲੀਜੈਂਸ ਦੀ ਸਾਂਝੀ ਟੀਮ ਵੱਲੋਂ 24 ਅਪ੍ਰੈਲ ਨੂੰ ਪਿੰਡ ਮਲਿਕਪੁਰ ਚੌਕ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਿਨ੍ਹਾਂ ਨੂੰ ਸੂਚਨਾ ਮਿਲੀ ਕਿ ਪ੍ਰਸ਼ੋਤਮ ਲਾਲ ਪੁੱਤਰ ਰੌਸ਼ਨ ਲਾਲ ਵਾਸੀ ਪਿੰਡ ਬੀਟਣ ਅਤੇ ਸੰਦੀਪ ਸੋਨੀਆ ਪੁੱਤਰੀ ਕਰਨੈਲ ਸਿੰਘ ਵਾਸੀ ਪਿੰਡ ਢਿਲਵਾਂ ਥਾਣਾ ਹਰੋਲੀ ਜ਼ਿਲਾ ਊਨਾ (ਹਿਮਾਚਲ ਪ੍ਰਦੇਸ਼), ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ, ਅੱਜ ਵੀ ਵਰਨਾ ਕਾਰ 'ਚ ਨਹਿਰ ਦੇ ਨਾਲ-ਨਾਲ ਜਾਂਦੀ ਲਿੰਕ ਰੋਡ ਰਾਹੀਂ ਥਰਮਲ ਪਲਾਂਟ ਘਨੌਲੀ ਵੱਲ ਜਾਣਗੇ। ਪੁਲਸ ਨੇ ਤੁਰੰਤ ਨਾਕਾਬੰਦੀ ਕਰ ਕੇ ਉਕਤਾਂ ਨੂੰ 314 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਅਤੇ ਮੁਕੱਦਮਾ ਦਰਜ ਕੀਤਾ।
ਦੂਸਰੇ ਮਾਮਲੇ 'ਚ ਥਾਣਾ ਸ੍ਰੀ ਚਮਕੌਰ ਸਾਹਿਬ ਦੀ ਪੁਲਸ ਪਾਰਟੀ ਵੱਲੋਂ 639 ਗੋਦਾਮ ਸ੍ਰੀ ਚਮਕੌਰ ਸਾਹਿਬ ਨੇੜੇ ਤਲਵਿੰਦਰ ਸਿੰਘ ਪੁੱਤਰ ਧਰਮਪਾਲ ਸਿੰਘ ਵਾਸੀ ਘੰੜੂਆ ਜ਼ਿਲਾ ਐੱਸ. ਏ. ਐੱਸ. ਨਗਰ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮੁਕੱਦਮਾ ਦਰਜ ਕੀਤਾ ਗਿਆ। ਇਕ ਹੋਰ ਮਾਮਲੇ ਵਿਚ ਥਾਣਾ ਨੂਰਪੁਰਬੇਦੀ ਦੀ ਪੁਲਸ ਪਾਰਟੀ ਵੱਲੋਂ ਪਿੰਡ ਟੱਪਰੀਆਂ ਨੇੜੇ ਨਾਕੇਬੰਦੀ ਦੌਰਾਨ ਜਸਵਿੰਦਰ ਸਿੰਘ ਉਰਫ ਜੱਸ ਪੁੱਤਰ ਕ੍ਰਿਸ਼ਨ ਚੰਦ ਵਾਸੀ ਅੰਨਦਾਤਾ, ਥਾਣਾ ਖਨੋਰੀ ਜ਼ਿਲਾ ਸੰਗਰੂਰ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ, ਜਿਸ ਖਿਲਾਫ ਪੁਲਸ ਨੇ ਮਾਮਲਾ ਥਾਣਾ ਨੂਰਪੁਰਬੇਦੀ 'ਚ ਦਰਜ ਕੀਤਾ।
ਬੰਗਾ, (ਚਮਨ ਲਾਲ/ਰਾਕੇਸ਼)- ਥਾਣਾ ਸਦਰ ਪੁਲਸ ਨੇ 15 ਗ੍ਰਾਮ ਹੈਰੋਇਨ ਤੇ 26 ਨਸ਼ੇ ਵਾਲੇ ਟੀਕਿਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਏ.ਐੱਸ.ਆਈ. ਮਨੋਹਰ ਲਾਲ ਨੇ ਦੱਸਿਆ ਉਹ ਸਮੇਤ ਪੁਲਸ ਪਾਰਟੀ ਗਸ਼ਤ ਲਈ ਥਾਣਾ ਸਦਰ ਤੋਂ ਖਮਾਚੋਂ, ਮਾਹਲ ਗਹਿਲਾ ਨੂੰ ਜਾ ਰਹੇ ਸਨ। ਜਿਵੇਂ ਹੀ ਉਹ ਪੁਲ ਸੂਆ ਮਾਹਿਲ ਗਹਿਲਾਂ ਪੁੱਜੇ ਤਾਂ ਸਾਹਮਣਿਓਂ ਪਿੰਡ ਮਾਹਿਲ ਗਹਿਲਾਂ ਸਾਈਡ ਤੋਂ ਆ ਰਿਹਾ ਮੋਟਰਸਾਈਕਲ ਸਵਾਰ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਪਿੱਛੇ ਮੁੜਣ ਲੱਗਾ। ਪੁਲਸ ਪਾਰਟੀ ਨੇ ਤੁਰੰਤ ਉਸ ਨੂੰ ਕਾਬੂ ਕਰ ਕੇ 26 ਨਸ਼ੇ ਵਾਲੇ ਟੀਕੇ ਅਤੇ 15 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਮੁਲਜ਼ਮ ਜਸਕਰਨਜੀਤ ਸਿੰਘ ਉਰਫ ਜਿੰੰਮੀ ਪੁੱਤਰ ਅਵਤਾਰ ਸਿੰਘ ਵਾਸੀ ਜੱਲੋਵਾਲ ਕਾਲੋਨੀ ਥਾਣਾ ਕਰਤਾਰਪੁਰ ਜ਼ਿਲਾ ਜਲੰਧਰ ਖਿਲਾਫ ਮਾਮਲਾ ਦਰਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
NEXT STORY