ਜਲੰਧਰ, (ਸ਼ੋਰੀ)— ਬੱਸ ਸਟੈਂਡ ਫਲਾਈਓਵਰ 'ਤੇ ਇਕ ਬਾਈਕ ਸਵਾਰ ਨੂੰ ਬਚਾਉਣ ਦੇ ਚੱਕਰ ਵਿਚ ਸਵਿਫਟ ਕਾਰ ਸਵਾਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਉਕਤ ਕਾਰ ਦੇ ਪਿੱਛੇ 4 ਕਾਰਾਂ ਨੇ ਵੀ ਅਚਾਨਕ ਬ੍ਰੇਕਾਂ ਲਗਾ ਦਿੱਤੀਆਂ, ਜਿਸ ਕਾਰਨ ਗੱਡੀਆਂ ਦੀ ਆਪਸ ਵਿਚ ਟੱਕਰ ਹੋ ਗਈ। ਹਾਦਸੇ ਵਿਚ 5 ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਕਾਰ ਚਾਲਕਾਂ ਦਾ ਆਪਸ ਵਿਚ ਖੂਬ ਵਿਵਾਦ ਦੇਖਣ ਨੂੰ ਮਿਲਿਆ। ਇਸ ਕਾਰਨ ਲੰਮਾ ਜਾਮ ਵੀ ਲੱਗਣਾ ਸ਼ੁਰੂ ਹੋ ਗਿਆ। ਇਸ ਦੌਰਾਨ ਐਂਬੂਲੈਂਸ ਜੋ ਕਿ ਗੰਭੀਰ ਮਰੀਜ਼ ਨੂੰ ਲੈ ਕੇ ਜਾ ਰਹੀ ਸੀ, ਨੂੰ ਵੀ ਉਥੇ ਕੁਝ ਸਮਾਂ ਰੁਕਣਾ ਪਿਆ। ਹੰਗਾਮੇ ਦੀ ਸੂਚਨਾ ਮਿਲਦੇ ਹੀ ਬੱਸ ਸਟੈਂਡ ਚੌਕੀ ਦੇ ਇੰਚਾਰਜ ਸੇਵਾ ਸਿੰਘ ਪੁਲਸ ਫੋਰਸ ਲੈ ਕੇ ਮੌਕੇ 'ਤੇ ਪਹੁੰਚੇ ਅਤੇ ਕਾਰਾਂ ਨੂੰ ਪੁਲ ਤੋਂ ਹੇਠਾਂ ਉਤਾਰਿਆ ਤਾਂ ਜੋ ਟ੍ਰੈਫਿਕ ਜਾਮ ਨਾ ਹੋ ਸਕੇ। ਦੱਸਿਆ ਜਾ ਰਿਹਾ ਹੈ ਕਿ ਇਕ ਸਵਿਫਟ ਕਾਰ ਤੇਜ਼ ਰਫਤਾਰ ਨਾਲ ਜਾ ਰਹੀ ਸੀ। ਉਸਦੇ ਅੱਗੇ ਬਾਈਕ ਸਵਾਰ ਨੇ ਅਚਾਨਕ ਫੁੱਕਰੀ ਮਾਰਨ ਦੇ ਚੱਕਰ ਵਿਚ ਮੋਟਰਸਾਈਕਲ ਘੁਮਾ ਦਿੱਤਾ। ਕਾਰ ਚਾਲਕ ਨੇ ਇਹ ਦੇਖ ਕੇ ਬ੍ਰੇਕ ਲਗਾ ਦਿੱਤੀ। ਸਿੱਟੇ ਵਜੋਂ ਉਸਦੇ ਪਿੱਛੇ ਆ ਰਹੀਆਂ ਤੇਜ਼ ਰਫਤਾਰ ਕਾਰਾਂ ਨੇ ਬ੍ਰੇਕਾਂ ਲਾਈਆਂ, ਜਿਸ ਕਾਰਨ ਇਹ ਹਾਦਸਾ ਹੋਇਆ। ਚੌਕੀ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਸਾਰੇ ਕਾਰ ਚਾਲਕਾਂ ਨੇ ਆਪਸ ਵਿਚ ਰਾਜ਼ੀਨਾਮਾ ਕਰ ਲਿਆ ਹੈ। ਸਾਰਿਆਂ ਦਾ ਕਹਿਣਾ ਹੈ ਕਿ ਇਸ਼ੋਰੈਂਸ ਤੋਂ ਕਲੇਮ ਲੈ ਕੇ ਉਹ ਗੱਡੀਆਂ ਠੀਕ ਕਰਵਾ ਲੈਣਗੇ।
ਵੈਲੇਨਟਾਈਨ ਡੇ 'ਤੇ ਦਿੱਤਾ ਫੁੱਲ ਤਾਂ ਲੜਕੀ ਨੇ ਕੀਤੀ ਥੱਪੜਾਂ ਦੀ ਬਰਸਾਤ
NEXT STORY