ਜਲੰਧਰ, (ਮਹੇਸ਼)- 66 ਫੁੱਟੀ ਰੋਡ ’ਤੇ ਪਿੰਡ ਕਾਦੀਅਾਂਵਾਲੀ ਨੇੜੇ ਦੇਰ ਰਾਤ 12 ਵਜੇ ਤੋਂ ਬਾਅਦ ਹੋਏ ਇਕ ਦਰਦਨਾਕ ਹਾਦਸੇ ’ਚ 23 ਸਾਲ ਦੇ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ, ਜੋ ਕਿ ਸਿਵਲ ਹਸਪਤਾਲ ’ਚ ਇਲਾਜ ਅਧੀਨ ਹੈ। ਹਾਦਸੇ ਦੀ ਸੂਚਨਾ ਮਿਲਦਿਅਾਂ ਹੀ ਥਾਣਾ ਸਦਰ ਦੀ ਜਲੰਧਰ ਹਾਈਟਸ ਪੁਲਸ ਚੌਕੀ ਦੇ ਮੁਖੀ ਗੁਰਮੀਤ ਸਿੰਘ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਪੁਲਸ ਕੋਲੋਂ ਮਿਲੀ ਸੂਚਨਾ ਮੁਤਾਬਕ ਮ੍ਰਿਤਕ ਬਲਜੀਤ ਸਿੰਘ ਪੁੱਤਰ ਨਸੀਬ ਚੰਦ ਤੇ ਜ਼ਖਮੀ ਬਲਵਿੰਦਰ ਸਿੰਘ ਪੁੱਤਰ ਜੋਗਾ ਸਿੰਘ ਦੋਨੋਂ ਵਾਸੀ ਪਿੰਡ ਸੁਭਾਨਾ, ਥਾਣਾ ਨੰ. 7 ਜਲੰਧਰ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ’ਤੇ ਕਲਿਆਣਪੁਰ ਲਾਂਬੜਾ ਤੋਂ ਆਪਣੇ ਕਿਸੇ ਦੋਸਤ ਨੂੰ ਮਿਲ ਕੇ ਪਿੰਡ ਸੁਭਾਨਾ ਜਾ ਰਹੇ ਸਨ। ਰਸਤੇ ’ਚ ਉਨ੍ਹਾਂ ਨੂੰ 4-5 ਨਕਾਬਪੋਸ਼ ਲੁਟੇਰਿਅਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਬਲਜੀਤ ਨੇ ਆਪਣਾ ਮੋਟਰਸਾਈਕਲ ਤੇਜ਼ ਕਰ ਲਿਆ। ਜਿਵੇਂ ਹੀ ਉਹ ਕਾਦੀਅਾਂਵਾਲੀ ਪਿੰਡ ਨੇੜੇ ਪਹੁੰਚੇ ਤਾਂ ਅੱਗਿਓਂ ਆ ਰਹੇ ਇਕ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ, ਜਿਸ ਤੋਂ ਬਾਅਦ ਉਹ ਨਜ਼ਦੀਕ ਹੀ ਲੱਗੇ ਹੋਏ ਲਾਈਟਾਂ ਵਾਲੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਖੇਤ ’ਚ ਡਿੱਗ ਗਏ। ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਬਲਜੀਤ ਤੇ ਬਲਵਿੰਦਰ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲੇ ਵਾਹਨ ਦਾ ਅਜੇ ਪਤਾ ਨਹੀਂ ਚਲ ਸਕਿਆ ਹੈ।
ਪੁਲਸ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਅਾਂ ਦੀ ਫੁਟੇਜ ਚੈੱਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਬਲਜੀਤ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਅਾਂ ਨੂੰ ਸੌਂਪ ਦਿੱਤੀ ਹੈ।
ਕਿਹਾ ਜਾ ਰਿਹਾ ਸੀ ਕਿ ਹਾਦਸੇ ਤੋਂ ਬਾਅਦ ਜੇ ਮ੍ਰਿਤਕ ਬਲਜੀਤ ਨੂੰ ਜਲਦ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ ਪਰ ਖੇਤ ’ਚ ਡਿੱਗਣ ਕਾਰਨ ਉਨ੍ਹਾਂ ਦੇ ਉਥੇ ਹੋਣ ਦਾ ਕਿਸੇ ਨੂੰ ਕੋਈ ਪਤਾ ਨਹੀਂ ਚਲ ਸਕਿਆ। ਜ਼ਿਕਰਯੋਗ ਹੈ ਕਿ ਪੁਲਸ ਨੇ ਨਕਾਬਪੋਸ਼ ਲੁਟੇਰਿਅਾਂ ਵਾਲੀ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਤੇ ਨਾ ਹੀ ਦਰਜ ਕੀਤੀ ਗਈ ਐੱਫ. ਆਈ. ਆਰ. ’ਚ ਅਜਿਹਾ ਕੁਝ ਹੋਣ ਦੀ ਗੱਲ ਕਹੀ ਹੈ।
ਆਲ ਇੰਡੀਆ ਹਿੰਦੂ ਸ਼ਿਵ ਸੈਨਾ ਨੇ ਫੂਕਿਆ ਨਵਜੋਤ ਸਿੱਧੂ ਦਾ ਪੁਤਲਾ
NEXT STORY