ਚੰਡੀਗਡ਼੍ਹ, (ਸੁਸ਼ੀਲ)- ਸੈਕਟਰ-43 ਬੱਸ ਅੱਡੇ ਨੂੰ ਜਾ ਰਹੇ ਦੋ ਲਡ਼ਕਿਆਂ ਦੀ ਮੋਟਰਸਾਈਕਲ ਸੈਕਟਰ-35 ਸਥਿਤ ਪੈਟਰੋਲ ਪੰਪ ਕੋਲ ਦਰੱਖਤ ਨਾਲ ਮੰਗਲਵਾਰ ਦੇਰ ਰਾਤ ਟਕਰਾ ਗਈ। ਹਾਦਸੇ ’ਚ ਮੋਟਰਸਾਈਕਲ ਸਵਾਰ ਦੋਵੇਂ ਲੜਕੇ ਜ਼ਖਮੀ ਹੋ ਗਏ। ਪੁਲਸ ਨੇ ਉਨ੍ਹਾਂ ਨੂੰ ਪੀ. ਜੀ. ਆਈ. ’ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਖੰਨਾ ਸਥਿਤ ਮਾਡਲ ਟਾਊਨ ਨਿਵਾਸੀ ਕਰਨਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂਕਿ ਉਸਦੇ ਸਾਥੀ ਮੰਡੀ ਨਿਵਾਸੀ ਅਜੇ ਨੂੰ ਪਰਿਵਾਰ ਪੀ. ਜੀ. ਆਈ. ਤੋਂ ਮੋਹਾਲੀ ਦੇ ਇਕ ਨਿੱਜੀ ਹਸਪਤਾਲ ’ਚ ਲੈ ਕੇ ਗਏ, ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਦੱਸਿਆ ਕਿ ਕਰਨਵੀਰ ਸਿੰਘ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਬਿੱਲ ਕਲਰਕ ਦੀ ਨੌਕਰੀ ਕਰਦਾ ਸੀ, ਜਦੋਂਕਿ ਜ਼ਖ਼ਮੀ ਲੈਬ ਟੈਕਨੀਸ਼ੀਅਨ ਵਜੋਂ ਤਾਇਨਾਤ ਹੈ। ਸੈਕਟਰ-36 ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਸੈਕਟਰ-36 ਥਾਣੇ ਦੇ ਕਾਰਜਕਾਰੀ ਇੰਚਾਰਜ ਬਲਦੇਵ ਕੁਮਾਰ ਨੇ ਦੱਸਿਆ ਕਿ ਖੰਨਾ ਨਿਵਾਸੀ ਕਰਨਵੀਰ ਸਿੰਘ ਮੋਟਰਸਾਈਕਲ ’ਤੇ ਆਪਣੇ ਦੋਸਤ ਅਜੇ ਨਾਲ ਪਿਕਾਡਲੀ ਚੌਕ ਤੋਂ ਕਿਸਾਨ ਭਵਨ ਚੌਕ ਤੋਂ ਹੁੰਦੇ ਹੋਏ ਸੈਕਟਰ-43 ਬੱਸ ਅੱਡੇ ’ਤੇ ਕਿਸੇ ਨੂੰ ਮਿਲਣ ਜਾ ਰਿਹਾ ਸੀ। ਮੰਗਲਵਾਰ ਰਾਤ ਨੂੰ ਜਦੋਂ ਕਰਨਵੀਰ ਸਿੰਘ ਸੈਕਟਰ-35 ਸਥਿਤ ਪੈਟਰੋਲ ਪੰਪ ਕੋਲ ਪਹੁੰਚਿਆ ਤਾਂ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗਡ਼ ਗਿਆ। ਕਰਨਵੀਰ ਦੀ ਮੋਟਰਸਾਈਕਲ ਸਿੱਧੀ ਦਰੱਖਤ ਨਾਲ ਟਕਰਾ ਗਈ ਤੇ ਕਰਨਵੀਰ ਅਤੇ ਅਜੈ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਰਾਹਗੀਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਨਾਂ ਜ਼ਖ਼ਮੀਆਂ ਨੂੰ ਪੀ. ਜੀ. ਆਈ. ’ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਕਰਨਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਅਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਮ੍ਰਿਤਕ ਕਰਨਵੀਰ ਸਿੰਘ ਦੇ ਪਰਿਵਾਰ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਹੈ। ਸੈਕਟਰ-36 ਇੰਚਾਰਜ ਨੇ ਦੱਸਿਆ ਕਿ ਮੋਟਰਸਾਈਕਲ ਦਾ ਸੰਤੁਲਨ ਵਿਗਡ਼ਨ ਨਾਲ ਸਡ਼ਕ ਹਾਦਸੇ ’ਚ ਲਡ਼ਕੇ ਦੀ ਮੌਤ ਹੋਈ ਹੈ।
ਨਸ਼ੇ ਦੀ ਦਲਦਲ ’ਚ ਫਸੀ ਨੌਜਵਾਨ ਪੀਡ਼੍ਹੀ ਕਾਲੇ ਪੀਲੀਏ ਦੀ ਸ਼ਿਕਾਰ
NEXT STORY