ਅੰਮ੍ਰਿਤਸਰ, (ਛੀਨਾ)- ਮੁਸ਼ਕਲਾਂ 'ਚ ਘਿਰੇ ਮਕਬੂਲਪੁਰਾ ਨਿਵਾਸੀਆਂ ਨੇ ਅੱਜ ਪ੍ਰਸ਼ਾਸਨ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਮਹਿਤਾ ਰੋਡ 'ਤੇ ਜਾਮ ਲਗਾ ਕੇ ਨਗਰ ਨਿਗਮ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਧਰਨੇ ਦੀ ਅਗਵਾਈ ਕਰ ਰਹੇ ਟੈਲੀਫੋਨ ਸਲਾਹਕਾਰ ਕਮੇਟੀ ਦੇ ਸਾਬਕਾ ਮੈਂਬਰ ਗੁਰਦਿਆਲ ਸਿੰਘ ਕਲਿਆਣ ਨੇ ਕਿਹਾ ਕਿ ਮਕਬੂਲਪਰਾ ਦੀ ਗਲੀ ਨੰ. 9 ਤੇ 10 'ਚ ਸੀਵਰੇਜ ਦੀਆਂ ਪਾਈਪਾਂ ਬੈਠ ਜਾਣ ਕਾਰਨ ਗੰਦੇ ਪਾਣੀ ਦਾ ਨਿਕਾਸ ਨਹੀ ਹੋ ਰਿਹਾ ਹੈ ਜਿਸ ਸਦਕਾ ਸਾਰਾ ਗੰਦਾ ਪਾਣੀ ਹਰ ਵੇਲੇ ਗਲੀਆਂ 'ਚ ਹੀ ਖੜ੍ਹਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਨਾਲ ਇਲਾਕਾ ਨਿਵਾਸੀ ਪਿਛਲੇ ਲੰਮੇਂ ਸਮੇਂ ਤੋਂ ਜੂਝ ਰਹੇ ਹਨ ਪਰ ਕਈ ਵਾਰ ਨਿਗਮ ਅਧਿਕਾਰੀਆਂ ਨੂੰ ਫਰਿਆਦਾਂ ਕਰਨ ਦੇ ਬਾਵਜੂਦ ਵੀ ਇਸ ਸਮੱਸਿਆ ਨੂੰ ਹੱਲ ਕਰਨ 'ਚ ਕੋਈ ਰੁਚੀ ਨਹੀਂ ਦਿਖਾਈ ਗਈ ਜਿਸ ਦਾ ਖਮਿਆਜ਼ਾ ਇਲਾਕਾ ਨਿਵਾਸੀ ਭੁਗਤਣ ਲਈ ਮਜਬੂਰ ਹਨ। ਸ. ਕਲਿਆਣ ਨੇ ਕਿਹਾ ਕਿ ਗਲੀਆਂ 'ਚ ਹਰ ਵੇਲੇ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਜਿਥੇ ਲੋਕ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਉਥੇ ਗੰਦੇ ਪਾਣੀ 'ਚੋਂ ਲੰਘਣ ਵੇਲੇ ਤਿਲ੍ਹਕ ਕੇ ਸੱਟਾਂ ਵੀ ਲਗਵਾ ਰਹੇ ਹਨ।
ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਕੌਂਸਲਰ ਭੁਪਿੰਦਰ ਸਿੰਘ ਰਾਹੀ, ਗੁਰਦਿਆਲ ਸਿੰਘ ਕਲਿਆਣ, ਅਮਰੀਕ ਸਿੰਘ ਬਿੱਟਾ, ਗੁਰਦੇਵ ਸਿੰਘ ਬਿੱਲਾ, ਰਣਜੀਤ ਸਿੰਘ ਲਾਡੀ, ਗੁਰਮੀਤ ਸਿੰਘ ਕਾਲੂ, ਬੱਗਾ ਸਿੰਘ, ਪਰਮਜੀਤ ਕੌਰ, ਗੁਰਮੀਤ ਕੌਰ ਬੱਬੀ, ਤਲਵਿੰਦਰ ਕੌਰ ਤੇ ਬੀਬੀ ਬੀਰ ਕੌਰ ਸਮੇਤ ਵੱਡੀ ਗਿਣਤੀ 'ਚ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਸ ਹਲਕੇ ਦੀ ਪਹਿਲਾਂ 5 ਸਾਲ ਵਾਗਡੋਰ ਡਾ. ਨਵਜੋਤ ਕੌਰ ਸਿੱਧੂ ਹੱਥ ਰਹੀ ਹੈ ਤੇ ਹੁਣ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਕੋਲ ਹੈ ਜੋ ਕਿ ਸਥਾਨਕ ਸਰਕਾਰਾਂ ਮੰਤਰੀ ਹਨ, ਇਸ ਹਲਕੇ ਤੋਂ ਵਿਧਾਇਕ ਹਨ ਪਰ ਫਿਰ ਵੀ ਸਾਡੀਆਂ ਮੁਸ਼ਕਲਾਂ ਉਸੇ ਤਰ੍ਹਾਂ ਹੀ ਹਨ।
ਇਸ ਸਮੇਂ ਇਲਾਕਾ ਨਿਵਾਸੀਆਂ ਦਾ ਰੋਸ ਸ਼ਾਂਤ ਕਰਨ ਪੁੱਜੇ ਨਗਰ ਨਿਗਮ ਦੇ ਐਕਸੀਅਨ ਤਿਲਕ ਰਾਜ ਤੇ ਐੱਸ. ਡੀ. ਓ. ਹਰਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਇਸ ਸਮੱਸਿਆ ਤੋਂ 1 ਹਫਤੇ 'ਚ ਨਿਜਾਤ ਦਿਵਾਉਣ ਦਾ ਭਰੋਸਾ ਦਿਵਾ ਕੇ ਧਰਨਾ ਖਤਮ ਕਰਵਾਇਆ ਜਿਸ ਤੋਂ ਬਾਅਦ ਆਵਾਜਾਈ ਬਹਾਲ ਹੋ ਸਕੀ।
ਇਸ ਦੌਰਾਨ ਪੂਰੇ ਜੋਸ਼ 'ਚ ਰੋਸ ਪ੍ਰਦਰਸ਼ਨ ਕਰ ਰਹੇ ਇਲਾਕਾ ਨਿਵਾਸੀਆਂ ਨੇ ਤਾੜਨਾ ਕਰਦਿਆਂ ਕਿਹਾ ਕਿ ਜੇਕਰ 1 ਹਫਤੇ 'ਚ ਸਾਡੀ ਇਹ ਸਮੱਸਿਆ ਹੱਲ ਨਾ ਹੋਈ ਤਾਂ ਫਿਰ ਅਗਲੇ ਸੋਮਵਾਰ ਤੋਂ ਇਸ ਸੜਕ 'ਤੇ ਪੱਕਾ ਧਰਨਾ ਲਗਾਇਆ ਜਾਵੇਗਾ।
ਤਰੁੱਟੀਆਂ ਕਾਰਨ ਸਿਹਤ ਮੰਤਰਾਲੇ ਵੱਲੋਂ ਪਲਾਂਟ ਬੰਦ ਕਰਨ ਦੇ ਹੁਕਮ
NEXT STORY