ਅੰਮ੍ਰਿਤਸਰ (ਛੀਨਾ)- ਆਮ ਆਦਮੀ ਪਾਰਟੀ ਦੀ ਟਿਕਟ 'ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਚੋਣ ਲੜ ਚੁੱਕੇ ਸਾਬਕਾ ਜ਼ਿਲਾ ਅਕਾਲੀ ਜਥਾ ਬਾਦਲ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਵਰ੍ਹਦਿਆਂ ਉਸ ਨੂੰ ਆਪਣੀ ਜ਼ੁਬਾਨ 'ਤੇ ਕੰਟਰੋਲ ਰੱਖਣ ਦੀ ਨਸੀਹਤ ਦਿੱਤੀ ਹੈ। ਸ. ਸੰਧੂ ਨੇ ਕਿਹਾ ਕਿ ਸਿਆਸਤ ਕੋਈ ਲਾਫਟਰ ਸ਼ੋਅ ਨਹੀਂ, ਜਿਥੇ ਠੋਕੋ ਤਾਲੀ ਦੀ ਸ਼ੂਟਿੰਗ ਚੱਲਦੀ ਹੈ ਤੇ ਲੋਕਾਂ ਨੂੰ ਖੁਸ਼ ਕਰਨ ਲਈ ਕਿਸੇ ਵਿਰੁੱਧ ਵੀ ਬਿਨਾਂ ਸੋਚੇ-ਸਮਝੇ ਅਪਮਾਨਿਤ ਸ਼ਬਦ ਬੋਲ ਦਿੱਤੇ ਜਾਣ। ਸਥਾਨਕ ਸਰਕਾਰਾਂ ਜਿਹੇ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਨਵਜੋਤ ਸਿੰਘ ਸਿੱਧੂ ਨੂੰ ਤਾਂ ਸਹੀ ਮਾਇਨੇ 'ਚ ਇਹ ਗਿਆਨ ਨਹੀਂ ਕਿ ਸੂਬੇ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਸ. ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਕਿਵੇਂ ਨਰਮੀ ਅਤੇ ਸਤਿਕਾਰ ਦੇ ਸ਼ਬਦ ਬੋਲਣੇ ਹਨ।
ਉਨ੍ਹਾਂ ਕਿਹਾ ਕਿ ਸਿਆਸੀ ਕਿੜ ਕੱਢਣ ਲਈ ਮੌਕਾਪ੍ਰਸਤੀ ਨਾਲ ਕਾਂਗਰਸ 'ਚ ਸ਼ਾਮਿਲ ਹੋ ਕੇ ਸਿੱਧੂ ਵੱਲੋਂ ਹੁਣ ਜੋ ਸ. ਬਾਦਲ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਤੋਂ ਸਿੱਧੂ ਦੀ ਸੋਚ ਅਤੇ ਸਿਆਣਪ ਦਾ ਹਰ ਕੋਈ ਸਹਿਜੇ ਹੀ ਅੰਦਾਜ਼ਾ ਲਾ ਸਕਦਾ ਹੈ। ਉਨ੍ਹਾਂ ਨਵਜੋਤ ਸਿੱਧੂ ਨੂੰ ਅਨਾੜੀ ਸਿਆਸਤਦਾਨ ਗਰਦਾਨਦਿਆਂ ਕਿਹਾ ਕਿ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸ. ਬਾਦਲ ਖਿਲਾਫ ਸਿੱਧੂ ਨੂੰ ਬੋਲਣ ਤੋਂ ਪਹਿਲਾਂ ਆਪਣਾ ਵਜੂਦ ਜ਼ਰੂਰ ਤੋਲ ਲੈਣਾ ਚਾਹੀਦਾ ਹੈ। ਸਿੱਧੂ ਦੇ ਘਿਸੇ-ਪਿਟੇ ਤੇ ਬੇਹਾਸੋਹੀਣੇ ਚੁਟਕਲਿਆਂ ਨੂੰ ਸੁਣ-ਸੁਣ ਕੇ ਲੋਕ ਹੁਣ ਅੱਕ ਚੁੱਕੇ ਹਨ, ਜਿਸ ਕਾਰਨ ਸਿੱਧੂ ਨੇ ਸੌਖੀ ਤੇ ਸਸਤੀ ਸ਼ੌਹਰਤ ਹਾਸਲ ਕਰਨ ਲਈ ਬਜ਼ੁਰਗ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਬਿਲਕੁਲ ਠੀਕ ਨਹੀਂ ਹੈ।
ਸ. ਸੰਧੂ ਨੇ ਅਖੀਰ 'ਚ ਕਿਹਾ ਕਿ ਨਵਜੋਤ ਸਿੱਧੂ ਨੂੰ ਬਦਲਾਖੋਰੀ ਵਾਲੀ ਸੋਚ ਤੇ ਨੀਤੀ ਤਿਆਗ ਕੇ ਪੰਜਾਬ ਦੇ ਹਿੱਤ 'ਚ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਉਸ ਨੂੰ ਅਹਿਮ ਜ਼ਿੰਮੇਵਾਰੀ ਸਿਰਫ ਸੂਬੇ ਦੇ ਭਲੇ ਲਈ ਸੌਂਪੀ ਹੈ, ਨਾ ਕਿ ਨਿੱਜੀ ਰੰਜਿਸ਼ਾਂ ਕੱਢਣ ਲਈ, ਇਹ ਗੱਲ ਸਿੱਧੂ ਜਿੰਨੀ ਜਲਦੀ ਸਮਝ ਲਵੇ ਉਸ ਵਾਸਤੇ ਓਨਾ ਹੀ ਚੰਗਾ ਹੋਵੇਗਾ।
ਨੋਟਾਂ ਵਾਲਾ ਪਰਸ ਦੇਖ ਕੇ ਵੀ ਨਹੀਂ ਡੋਲਿਆ ਇਮਾਨ, ਪੇਸ਼ ਕੀਤੀ ਵੱਡੀ ਮਿਸਾਲ
NEXT STORY