ਫਰੀਦਕੋਟ (ਹਾਲੀ) - ਇਥੋਂ ਦੇ ਵਸਨੀਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਡਾਕਟਰਾਂ ਖਿਲਾਫ਼ ਲਿਖਤੀ ਸ਼ਿਕਾਇਤ ਭੇਜ ਕੇ ਦੋਸ਼ ਲਾਇਆ ਹੈ ਕਿ ਐਮਰਜੈਂਸੀ ਵਿਭਾਗ ਦੇ ਡਾਕਟਰਾਂ ਨੇ ਸੜਕ ਹਾਦਸੇ 'ਚ ਜ਼ਖਮੀ ਹੋਏ ਨੌਜਵਾਨ ਨੂੰ ਮੁੱਢਲੀ ਸਹਾਇਤਾ ਤੱਕ ਨਹੀਂ ਦਿੱਤੀ, ਜਦਕਿ ਜ਼ਖਮੀ ਹੋਏ ਨੌਜਵਾਨ ਦੇ ਵਾਰਿਸਾਂ ਤੋਂ ਐਮਰਜੈਂਸੀ ਵਿਭਾਗ ਦੇ ਡਾਕਟਰਾਂ ਤੇ ਅਮਲੇ ਨੇ ਦਸ ਹਜ਼ਾਰ ਰੁਪਏ ਦੀਆਂ ਦਵਾਈਆਂ ਮੰਗਵਾ ਲਈਆਂ।
ਨਰਿੰਦਰ ਕੁਮਾਰ ਵਾਸੀ ਫ਼ਰੀਦਕੋਟ ਨੇ ਦੱਸਿਆ ਕਿ ਸੇਮਾ ਸਿੰਘ ਵਾਸੀ ਕਿਲਾ ਨੌ ਦੇਰ ਰਾਤ ਸੜਕ ਹਾਦਸੇ ਵਿਚ ਜ਼ਖਮੀ ਹੋ ਗਿਆ ਸੀ, ਜਿਸ ਵਿਚ ਉਸ ਦੀ ਇਕ ਲੱਤ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਚਾਰ ਘੰਟਿਆਂ ਤੱਕ ਡਾਕਟਰਾਂ ਨੇ ਮਰੀਜ਼ ਨੂੰ ਮੁੱਢਲੀ ਸਹਾਇਤਾ ਤੱਕ ਨਹੀਂ ਦਿੱਤੀ, ਜਿਸ ਤੋਂ ਮਜਬੂਰ ਹੋ ਕੇ ਜ਼ਖ਼ਮੀ ਨੌਜਵਾਨ ਦੇ ਵਾਰਿਸਾਂ ਨੇ ਉਸ ਨੂੰ ਸਿਵਲ ਹਸਪਤਾਲ ਫਰੀਦਕੋਟ ਵਿਚ ਇਲਾਜ ਲਈ ਦਾਖਲ ਕਰਵਾਇਆ।
ਨਰਿੰਦਰ ਕੁਮਾਰ ਨੇ ਕਿਹਾ ਕਿ ਐਮਰਜੈਂਸੀ ਵਿਭਾਗ ਵਿਚ ਮਰੀਜ਼ ਅਤੇ ਉਸ ਦੇ ਵਾਰਿਸਾਂ ਨਾਲ ਕਥਿਤ ਤੌਰ 'ਤੇ ਦੁਰਵਿਹਾਰ ਵੀ ਕੀਤਾ ਗਿਆ। ਪੀੜਤ ਤੇ ਉਸ ਦੇ ਵਾਰਿਸਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਸਪਤਾਲ ਦੇ ਡਾਕਟਰਾਂ ਖਿਲਾਫ਼ ਤੁਰੰਤ ਕਾਰਵਾਈ ਨਾ ਹੋਈ ਤਾਂ ਉਹ ਇਸ ਖਿਲਾਫ਼ ਕਾਨੂੰਨੀ ਤੇ ਜਨਤਕ ਲੜਾਈ ਲੜ ਕੇ ਇਨਸਾਫ਼ ਲੈਣਗੇ।
ਪੀੜਤ ਨੌਜਵਾਨ ਦੇ ਹੱਕ ਵਿਚ ਨਿਤਰੇ ਆਮ ਆਦਮੀ ਪਾਰਟੀ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਡਾਕਟਰ ਮਰੀਜ਼ਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ ਅਤੇ ਇਥੇ ਮਰੀਜ਼ਾਂ ਦਾ ਬਿਲਕੁਲ ਵੀ ਇਲਾਜ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹਜ਼ਾਰ ਕਰੋੜ ਦੀ ਲਾਗਤ ਨਾਲ ਬਣਿਆ ਹਸਪਤਾਲ ਡਾਕਟਰਾਂ ਦੀ ਅਣਗਹਿਲੀ ਕਾਰਨ ਰੈਫਰ ਕੇਂਦਰ ਬਣ ਕੇ ਰਹਿ ਗਿਆ ਹੈ।
ਕੀ ਕਹਿੰਦੇ ਹਨ ਅਧਿਕਾਰੀ : ਮੈਡੀਕਲ ਸੁਪਰਡੈਂਟ ਡਾ. ਰਾਜੀਵ ਜੋਸ਼ੀ ਨੇ ਇਸ ਮਾਮਲੇ ਵਿਚ ਪੜਤਾਲ ਕਰ ਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਜਨਤਕ ਥਾਵਾਂ 'ਤੇ ਪੁਲਸ ਨੇ ਕੀਤੀ ਚੈਕਿੰਗ
NEXT STORY