ਜਲੰਧਰ (ਸਲਵਾਨ, ਸੰਜੇ)— ਦੋਆਬਾ ਵਾਸੀਆਂ 'ਚ ਆਦਮਪੁਰ ਏਅਰਪੋਰਟ ਦੇ ਸ਼ੁਰੂ ਹੋਣ ਦੀ ਖੁਸ਼ੀ ਸਿਰਫ 2 ਮਹੀਨਿਆਂ 'ਚ ਉਸ ਸਮੇਂ ਗਮੀ 'ਚ ਬਦਲ ਗਈ, ਜਦੋਂ 18 ਦਿਨਾਂ ਦੇ ਅੰਦਰ ਆਦਮਪੁਰ ਤੋਂ ਦਿੱਲੀ ਦੀ ਸਪਾਈਸ ਜੈੱਟ ਦੀ ਫਲਾਈਟ ਨੂੰ ਦੂਜੀ ਵਾਰ ਤਕਨੀਕੀ ਕਾਰਨਾਂ ਨਾਲ ਰੱਦ ਕਰਨਾ ਪਿਆ। ਸਪਾਈਸ ਜੈੱਟ ਦੀ ਫਲਾਈਟ ਦਿੱਲੀ ਤੋਂ ਆਦਮਪੁਰ ਆਪਣੇ ਨਿਰਧਾਰਤ ਸਮੇਂ ਬੀਤੀ ਸ਼ਾਮ 4.45 ਤੱਕ ਏਅਰਪੋਰਟ 'ਤੇ ਲੈਂਡ ਹੋ ਗਈ, ਜਿਸ ਤੋਂ ਬਾਅਦ ਇਸ ਜਹਾਜ਼ ਨੇ 5.05 'ਤੇ ਮੁੜ ਦਿੱਲੀ ਲਈ ਉਡਾਣ ਭਰਨੀ ਸੀ।
ਸਪਾਈਸ ਜੈੱਟ ਦੇ ਜ਼ਰੀਏ ਦਿੱਲੀ ਜਾਣ ਲਈ 76 ਯਾਤਰੀਆਂ ਨੂੰ ਜਹਾਜ਼ ਵਿਚ ਬਿਠਾ ਦਿੱਤਾ ਗਿਆ। ਕਰੀਬ ਡੇਢ ਘੰਟਾ ਬਿਨਾਂ ਏ. ਸੀ. ਦੇ ਜਹਾਜ਼ ਵਿਚ ਬੈਠੇ ਯਾਤਰੀਆਂ ਦਾ ਹਾਲ ਬੇਹਾਲ ਹੋ ਗਿਆ ਪਰ ਅੰਤ ਸਮੇਂ ਵਿਚ ਯਾਤਰੀਆਂ ਨੂੰ ਸੂਚਨਾ ਦਿੱਤੀ ਗਈ ਕਿ ਜਹਾਜ਼ 'ਚ ਕੋਈ ਤਕਨੀਕੀ ਖਰਾਬੀ ਆਉਣ ਕਾਰਨ ਇਸ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਗੁੱਸੇ ਵਿਚ ਆਏ ਯਾਤਰੀਆਂ ਨੇ ਏਅਰਪੋਰਟ 'ਤੇ ਖੂਬ ਹੰਗਾਮਾ ਕੀਤਾ। ਉਨ੍ਹਾਂ ਨੇ ਸਪਾਈਸ ਜੈੱਟ ਦੇ ਅਧਿਕਾਰੀਆਂ ਨੂੰ ਫਿਟਕਾਰ ਲਾਉਂਦੇ ਹੋਏ ਉਨ੍ਹਾਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਾਉਣ ਲਈ ਕਿਸੇ ਹੋਰ ਜਹਾਜ਼ ਦੀ ਵਿਵਸਥਾ ਦੀ ਮੰਗ ਕੀਤੀ। ਸਪਾਈਸ ਜੈੱਟ ਦੇ ਬੁਲਾਰਿਆਂ ਨੇ ਕਿਹਾ ਕਿ ਯਾਤਰੀਆਂ ਨੂੰ ਪਾਲਿਸੀ ਦੇ ਮੁਤਾਬਕ ਟਿਕਟ ਦਾ ਰੀਫੰਡ ਦਿੱਤਾ ਜਾਵੇਗਾ।
ਦਿੱਲੀ ਤੋਂ ਇੰਟਰਨੈਸ਼ਨਲ ਫਲਾਈਟ ਫੜਨ ਵਾਲੇ ਯਾਤਰੀ ਹੋਏ ਕਾਫੀ ਪਰੇਸ਼ਾਨ
ਸਪਾਈਸ ਜੈੱਟ ਦੀ ਫਲਾਈਟ ਰੱਦ ਹੋਣ ਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਉਨ੍ਹਾਂ ਯਾਤਰੀਆਂ ਨੂੰ ਭੁਗਤਣਾ ਪਿਆ ਜਿਨ੍ਹਾਂ ਨੇ ਦਿੱਲੀ ਪਹੁੰਚ ਕੇ ਦੂਜੇ ਦੇਸ਼ਾਂ ਦੀ ਯਾਤਰਾ ਕਰਨ ਲਈ ਇੰਟਰਨੈਸ਼ਨਲ ਫਲਾਈਟ ਫੜਨੀ ਸੀ। ਹਵਾਈ ਯਾਤਰਾ ਤੋਂ ਬਾਅਦ ਉਨ੍ਹਾਂ ਕੋਲ ਸਿਰਫ ਸੜਕ ਦੇ ਰਾਹੀਂ ਹੀ ਜਾਣਾ ਬਾਕੀ ਰਹਿ ਗਿਆ ਸੀ। ਮੌਕੇ 'ਤੇ ਹੰਗਾਮਾ ਕਰ ਰਹੇ ਕੁਝ ਯਾਤਰੀਆਂ ਨੇ ਕਿਹਾ ਕਿ ਅੱਜ ਫਲਾਈਟ ਦੇ ਕੈਂਸਲ ਹੋ ਜਾਣ ਨਾਲ ਉਨ੍ਹਾਂ ਦਾ ਸਾਰਾ ਪ੍ਰੋਗਰਾਮ ਗੜਬੜਾ ਗਿਆ ਹੈ। ਉਨ੍ਹਾਂ ਕੋਲ ਇੰਨਾ ਸਮਾਂ ਵੀ ਨਹੀਂ ਕਿ ਉਹ ਸੜਕ ਰਾਹੀਂ ਦਿੱਲੀ ਏਅਰਪੋਰਟ ਸਮੇਂ 'ਤੇ ਪਹੁੰਚ ਕੇ ਅਗਲੀ ਫਲਾਈਟ ਲੈ ਸਕਣ। ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਜਾ ਰਹੇ ਕੁਝ ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਦਾ ਟੂਰ ਪੈਕੇਜ ਲਿਆ ਹੋਇਆ ਸੀ, ਜਿਸ 'ਚ ਫਲਾਈਟ ਦਾ ਕਿਰਾਇਆ ਸਮੇਤ ਹੋਟਲ ਅਤੇ ਸਾਰੇ ਪ੍ਰਬੰਧ ਬੁਕ ਕੀਤੇ ਜਾ ਚੁੱਕੇ ਸਨ ਪਰ ਸਪਾਈਸ ਜੈੱਟ ਕਾਰਨ ਉਨ੍ਹਾਂ ਦਾ ਸਮਾਂ ਅਤੇ ਉਨ੍ਹਾਂ ਦਾ ਪੈਸਾ ਦੋਵੇਂ ਬਰਬਾਦ ਹੁੰਦੇ ਦਿਖਾਈ ਦੇ ਰਹੇ ਹਨ।
ਸਪਾਈਸ ਜੈੱਟ ਅਧਿਕਾਰੀਆਂ ਤੋਂ ਬਦਲਵੀਂ ਵਿਵਸਥਾ ਕਰਨ ਦੀ ਉੱਠਣ ਲੱਗੀ ਮੰਗ
3 ਹਫਤਿਆਂ ਦੇ ਅੰਦਰ ਦੂਜੀ ਵਾਰ ਵਾਪਰੀ ਇਸ ਘਟਨਾ ਤੋਂ ਬਾਅਦ ਹੁਣ ਯਾਤਰੀਆਂ ਵੱਲੋਂ ਸਪਾਈਸ ਜੈੱਟ ਤੋਂ ਆਦਮਪੁਰ ਏਅਰਪੋਰਟ 'ਤੇ ਬਦਲਵੀਂ ਵਿਵਸਥਾ ਕਰਨ ਦੀ ਮੰਗ ਵੀ ਉੱਠਣ ਲੱਗੀ ਹੈ ਕਿ ਏਅਰਪੋਰਟ ਐਮਰਜੈਂਸੀ ਦੇ ਲਈ ਇਕ ਹੋਰ ਜਹਾਜ਼ ਨੂੰ ਤਾਇਨਾਤ ਕੀਤਾ ਜਾਵੇ। ਕੁਝ ਯਾਤਰੀਆਂ ਨੇ ਕਿਹਾ ਕਿ ਇੰਟਰਨੈਸ਼ਨਲ ਏਅਰਪੋਰਟ 'ਤੇ ਅਜਿਹੀਆਂ ਸਹੂਲਤਾਂ ਮੁਹੱਈਆ ਹੁੰਦੀਆਂ ਹਨ ਕਿ ਜੇਕਰ ਕਿਸੇ ਕੰਪਨੀ ਦਾ ਜਹਾਜ਼ ਕੁਝ ਕਾਰਨਾਂ ਨਾਲ ਉਡਾਣ ਨਹੀਂ ਭਰ ਸਕਦਾ ਤਾਂ ਕੰਪਨੀ ਯਾਤਰੀਆਂ ਦੇ ਲ ਈ ਦੂਜੇ ਜਹਾਜ਼ ਦੀ ਵਿਵਸਥਾ ਕਰਦੀ ਹੈ ਪਰ ਆਦਮਪੁਰ ਏਅਰਪੋਰਟ 'ਤੇ ਅਜਿਹੇ ਕਿਸੇ ਤਰ੍ਹਾਂ ਦੇ ਪ੍ਰਬੰਧ ਹੁਣ ਤਕ ਨਹੀਂ ਕੀਤੇ ਗਏ ਹਨ। ਇਕ ਯਾਤਰੀ ਨੇ ਸਪਾਈਸ ਜੈੱਟ ਦੇ ਖਿਲਾਫ ਭੜਾਸ ਕੱਢਦੇ ਹੋਏ ਕਿਹਾ ਕਿ ਉਹ ਹਵਾਬਾਜ਼ੀ ਮੰਤਰਾਲਾ ਨੂੰ ਕੰਪਨੀ ਦੇ ਖਿਲਾਫ ਸ਼ਿਕਾਇਤ ਪੱਤਰ ਲਿਖਣਗੇ।
ਕੈਪਟਨ ਸਰਕਾਰ ਹਰ ਖੇਤਰ ਵਿਚ ਹੋਈ ਫਾਡੀ : ਰਾਕੇਸ਼ ਰਾਠੌਰ
NEXT STORY