ਚੰਡੀਗੜ੍ਹ (ਟੱਕਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਪਾਸੇ ਤਾਂ ਸੱਤਾ ਵਿਚ ਆਉਣ ’ਤੇ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇ ਕੇ ਨਿਵਾਜ਼ੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਪਰ ਦੂਸਰੇ ਪਾਸੇ ਆਪਣੀ ਪਾਰਟੀ ਦੇ ਦਲਿਤ ਆਗੂਆਂ ਨੂੰ ਵਿਸਾਰਿਆ ਜਾ ਰਿਹਾ ਹੈ, ਜਿਸ ਵਿਚ ਟਕਸਾਲੀ ਅਕਾਲੀ ਪਰਿਵਾਰ ਚਰਨਜੀਤ ਸਿੰਘ ਅਟਵਾਲ, ਉਨ੍ਹਾਂ ਦਾ ਸਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਪਾਰਟੀ ਦੇ ਹੀ ਆਗੂ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ ਦੇ ਨਾਮ ਅੱਜ-ਕੱਲ੍ਹ ਲੋਕਾਂ ਦੀ ਜ਼ੁਬਾਨ ’ਤੇ ਹਨ। ਸ਼੍ਰੋਮਣੀ ਅਕਾਲੀ ਦਲ ਵਿਚ ਪਹਿਲਾਂ ਹੀ ਟਕਸਾਲੀ ਅਕਾਲੀ ਪਰਿਵਾਰ ਜੋ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਸਨ, ਜਿਨ੍ਹਾਂ ’ਚ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਪ੍ਰਧਾਨ ਦੀਆਂ ਨੀਤੀਆਂ ਤੋਂ ਤੰਗ ਆ ਕੇ ਨਵੀਂ ਪਾਰਟੀ ਬਣਾ ਲਈ ਅਤੇ ਇਸ ਤੋਂ ਇਲਾਵਾ ਸਵ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਵ. ਸੇਵਾ ਸਿੰਘ ਸੇਖਵਾਂ ਪਹਿਲਾਂ ਹੀ ਪਾਰਟੀ ਛੱਡ ਚੁੱਕੇ ਸਨ।
ਸ਼੍ਰੋਮਣੀ ਅਕਾਲੀ ਦਲ ਵਿਚ ਇਸ ਸਮੇਂ ਸਭ ਤੋਂ ਪੁਰਾਣੇ ਟਕਸਾਲੀ ਅਕਾਲੀ ਤੇ ਦਲਿਤ ਭਾਈਚਾਰੇ ਦਾ ਵੱਡਾ ਚਿਹਰਾ ਚਰਨਜੀਤ ਸਿੰਘ ਅਟਵਾਲ ਹਨ ਪਰ ਉਨ੍ਹਾਂ ਨੂੰ ਇਸ ਵਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਹਾਈਕਮਾਨ ਵੱਲੋਂ ਬਿਲਕੁਲ ਅਣਗੌਲਿਆਂ ਕਰ ਦਿੱਤਾ ਗਿਆ। ਇਸ ਤਹਿਤ ਨਾ ਹੀ ਅਟਵਾਲ ਤੇ ਨਾ ਹੀ ਉਨ੍ਹਾਂ ਦੇ ਸਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਕਿਸੇ ਵੀ ਹਲਕੇ ਤੋਂ ਟਿਕਟ ਨਹੀਂ ਦਿੱਤੀ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਨਾਲ ਗਠਜੋੜ ਕਰ ਦਲਿਤ ਵੋਟ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਪਰ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਅਟਵਾਲ ਨੂੰ ਅਣਗੌਲਿਆਂ ਕਰਨ ਤੋਂ ਬਾਅਦ ਸਬੰਧਿਤ ਭਾਈਚਾਰੇ ਤੇ ਉਨ੍ਹਾਂ ਦੇ ਸਮਰਥਕਾਂ ਵਿਚ ਭਾਰੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਕਿ ਇੱਕ ਸੀਨੀਅਰ ਆਗੂ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਪਾਰਟੀ ਦੇ ਲੇਖੇ ਲਗਾ ਦਿੱਤੀ ਪਰ ਅੱਜ ਅਕਾਲੀ ਦਲ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਾਲੇ ਆਗੂਆਂ ਨੂੰ ਅੱਖੋਂ-ਪਰੋਖੇ ਕਰ ਨਵੇਂ ਸ਼ਰਮਾਏਦਾਰਾਂ ਨੂੰ ਅੱਗੇ ਲਿਆ ਰਹੀ ਹੈ।
ਅਟਵਾਲ ਪਰਿਵਾਰ ਨੂੰ ਅਕਾਲੀ ਹਾਈਕਮਾਨ ਵੱਲੋਂ ਅਣਗੌਲਿਆਂ ਕਰਨ ਤੋਂ ਬਾਅਦ ਚਰਚਾਵਾਂ ਜ਼ੋਰਾਂ ’ਤੇ ਸਨ ਕਿ ਇਹ ਟਕਸਾਲੀ ਦਲਿਤ ਆਗੂ ਜਿਸ ਨੇ ਕਿ ਪੁਰਾਣੇ ਸਮਿਆਂ ’ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦਾ ਡਟ ਕੇ ਸਾਥ ਦਿੱਤਾ ਹੁਣ ਦੇ ਹਾਲਾਤ ਨੂੰ ਦੇਖਦਿਆਂ ਕਿਸੇ ਹੋਰ ਪਾਰਟੀ ’ਚ ਜਾ ਸਕਦੇ ਹਨ ਪਰ ਅਜੇ ਤੱਕ ਇਸ ਪਰਿਵਾਰ ਵੱਲੋਂ ਹੋਰ ਪਾਰਟੀ ’ਚ ਸ਼ਾਮਲ ਹੋਣ ਸਬੰਧੀ ਖੁੱਲ੍ਹ ਕੇ ਨਹੀਂ ਕਿਹਾ ਜਾ ਰਿਹਾ। ਅਟਵਾਲ ਤੋਂ ਇਲਾਵਾ ਕੁੱਝ ਸਾਲ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਆਏ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ ਵੀ ਜਿਨ੍ਹਾਂ ਨੂੰ ਹਲਕਾ ਪਾਇਲ ਦਾ ਇੰਚਾਰਜ ਲਗਾਇਆ ਹੋਇਆ ਸੀ, ਜਿਨ੍ਹਾਂ ਨੇ ਇਹ ਸੀਟ ਬਸਪਾ ਦੇ ਖਾਤੇ ਜਾਣ ਤੋਂ ਬਾਅਦ ਹਲਕੇ ਦੀ ਨੁਮਾਇੰਦਗੀ ਵਜੋਂ ਸੰਭਾਲੀ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ। ਈਸ਼ਰ ਸਿੰਘ ਮਿਹਰਬਾਨ ਵੀ ਹਲਕਾ ਕੂੰਮਕਲਾਂ, ਜਗਰਾਉਂ ਤੇ ਪਾਇਲ ਤੋਂ ਚੋਣ ਲੜ ਚੁੱਕੇ ਹਨ ਅਤੇ ਦਲਿਤ ਭਾਈਚਾਰੇ ’ਚ ਉਨ੍ਹਾਂ ਦੀ ਚੰਗੀ ਪਛਾਣ ਹੈ ਪਰ ਇਹ ਵੀ ਪਾਰਟੀ ਵੱਲੋਂ ਅਣਗੌਲੇ ਹੋਣ ਕਾਰਨ ਇਨ੍ਹਾਂ ਨੂੰ ਕਿਸੇ ਹਲਕੇ ਤੋਂ ਵੀ ਟਿਕਟ ਨਹੀਂ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਹੀ ਪਾਰਟੀ ਦੇ ਵੱਡੇ ਦਲਿਤ ਚਿਹਰਿਆਂ ਨੂੰ ਜੇਕਰ ਨਾ ਸੰਭਾਲਿਆ ਗਿਆ ਤਾਂ ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਇਸ ਦਾ ਖੁਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਚੰਡੀਗੜ੍ਹ : ਜਨਵਰੀ ਦੇ ਅਖ਼ੀਰ ਤੱਕ ਤਿਆਰ ਹੋ ਜਾਣਗੇ 37 ਫਾਸਟ ਚਾਰਜਿੰਗ ਸਟੇਸ਼ਨ
NEXT STORY