ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਗਵੰਤ ਮਾਨ ਤੋਂ ਮੁੱਖ ਮੰਤਰੀ ਵਜੋਂ ਅਸਤੀਫ਼ਾ ਮੰਗਿਆ ਕਿਉਂਕਿ ਉਨ੍ਹਾਂ ਦੀ ਅਗਵਾਈ ਵਾਲੀ ‘ਆਪ’ ਸਰਕਾਰ ਸੂਬੇ ’ਚ ਅਮਨ-ਕਾਨੂੰਨ ਵਿਵਸਥਾ ਕਾਇਮ ਰੱਖਣ ’ਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ, ਜਦਕਿ ਪਾਰਟੀ ਨੇ ਤਰਨਤਾਰਨ ਦੇ ਸਰਹਾਲੀ ਪੁਲਸ ਥਾਣੇ ’ਤੇ ਆਰ. ਪੀ. ਜੀ. ਹਮਲੇ ਨੂੰ ਪੁਲਸ ਫੋਰਸ ਦਾ ਮਨੋਬਲ ਡੇਗਣ ਤੇ ਉਸ ਨੂੰ ਚੁਣੌਤੀ ਦੇਣ ਦਾ ਯਤਨ ਕਰਾਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ‘ਆਪ’ ਆਗੂ ਡਾ. ਕੰਗ ਨੇ ਕੀਤਾ ਸਟਿੰਗ ਆਪ੍ਰੇਸ਼ਨ, ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
ਇਥੇ ਜਾਰੀ ਕੀਤੇ ਇਕ ਬਿਆਨ ’ਚ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਦੇ ਹਮਲੇ ਤੋਂ ਪੰਜਾਬੀ ਹੱਕੇ-ਬੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ 8 ਮਹੀਨਿਆਂ ਦੇ ਕਾਰਜਕਾਲ ’ਚ ਲਗਾਤਾਰ ਆਰ. ਪੀ. ਜੀ. ਹਮਲੇ ਪੁਲਸ ਟਿਕਾਣਿਆਂ ’ਤੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਵਿਚ ਅਮਨ-ਕਾਨੂੰਨ ਵਿਵਸਥਾ ਕਾਇਮ ਰੱਖਣ ’ਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।
ਡਾ. ਚੀਮਾ ਨੇ ਕਿਹਾ ਕਿ ਪਿਛਲੇ 8 ਮਹੀਨਿਆਂ ਦੌਰਾਨ ਪੰਜਾਬੀਆਂ ਨੇ ਵੇਖਿਆ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਸਮੇਤ ਕਿੰਨੇ ਹੀ ਕਤਲ ਹੋਏ ਹਨ। ਉਨ੍ਹਾਂ ਕਿਹਾ ਕਿ ਨਕੋਦਰ ਦੀ ਘਟਨਾ ਇਸ ਗੱਲ ਦੀ ਸਪੱਸ਼ਟ ਉਦਾਹਰਣ ਹੈ ਕਿ ਕਿਵੇਂ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਗੈਂਗਸਟਰਾਂ ਤੋਂ ਫਿਰੌਤੀਆਂ ਲਈ ਫੋਨ ਆ ਰਹੇ ਹਨ ਅਤੇ ਜਦੋਂ ਫਿਰੌਤੀ ਨਹੀਂ ਦਿੱਤੀ ਜਾਂਦੀ ਤਾਂ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ, ਜਿਵੇਂ ਕਿ ਨਕੋਦਰ ਤੇ ਤਰਨਤਾਰਨ ’ਚ ਕੱਪੜਾ ਵਪਾਰੀ ਦਾ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ, ਕਿਹਾ-‘ਪੰਜਾਬ ਨੂੰ ਦੀਵਾਲੀਏਪਣ ਵੱਲ ਨਾ ਧੱਕੋ’
ਉਨ੍ਹਾਂ ਕਿਹਾ ਕਿ ਇਕੱਲੇ ਲੁਧਿਆਣਾ ’ਚ ਪੁਲਸ ਨੇ 55 ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ’ਚ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਫਿਰੌਤੀਆਂ ਲਈ ਫੋਨ ਆਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ’ਚ ਜੇਕਰ ਦਰਜ ਮਾਮਲਿਆਂ ਦੀ ਗਿਣਤੀ ਇੰਨੀ ਹੈ ਤਾਂ ਫਿਰ ਜਿਹੜੇ ਮਾਮਲੇ ਪੁਲਸ ਨੂੰ ਦੱਸੇ ਹੀ ਨਹੀਂ ਗਏ, ਉਨ੍ਹਾਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ । ਉਨ੍ਹਾਂ ਕਿਹਾ ਕਿ ਵਪਾਰੀਆਂ ਤੇ ਉਦਯੋਗਪਤੀਆਂ ਸਮੇਤ ਲੋਕ ਦਹਿਸ਼ਤ ਦੇ ਪ੍ਰਛਾਵੇਂ ’ਚ ਰਹਿ ਰਹੇ ਹਨ ਤੇ ਪੰਜਾਬ ਵਿਚ ਵਪਾਰ ਕਰਨ ਤੋਂ ਟਾਲਾ ਵੱਟਦਿਆਂ ਪੰਜਾਬ ਤੋਂ ਬਾਹਰ ਜਾ ਰਹੇ ਹਨ ਕਿਉਂਕਿ ਸੂਬੇ ’ਚ ਮਾਹੌਲ ਦਹਿਸ਼ਤ ਵਾਲਾ ਹੈ। ਅਕਾਲੀ ਆਗੂ ਨੇ ਕਿਹਾ ਕਿ ਬਜਾਏ ਲੋਕਾਂ ਨੂੰ ਹੋਰ ਮੂਰਖ ਬਣਾਉਣ ਦੇ ਭਗਵੰਤ ਮਾਨ ਨੂੰ ਤੁਰੰਤ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਕਿਉਂਕਿ ਉਹ ਸੂਬਾ ਚਲਾਉਣ ’ਚ ਪੂਰੀ ਤਰ੍ਹਾਂ ਫੇਲ੍ਹ ਹੋਏ ਹਨ ਅਤੇ ਲੋਕ ਹੁਣ ਉਨ੍ਹਾਂ ਦੀਆਂ ਗੱਲਾਂ ’ਤੇ ਹੋਰ ਵਿਸ਼ਵਾਸ ਨਹੀਂ ਕਰਨਗੇ।
ਭਿਆਨਕ ਹਾਦਸੇ ਵਿਚ ਦੋ ਬੱਚੇ ਗੁਆਉਣ ਵਾਲੀ ਮਾਂ ਨੇ ਲੋਕਾਂ ਅੱਗੇ ਲਗਾਈ ਮਦਦ ਦੀ ਗੁਹਾਰ
NEXT STORY