ਜਲੰਧਰ (ਰਮਨਦੀਪ ਸਿੰਘ ਸੋਢੀ)- ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਵਿਚ ਇਕ-ਦੂਜੇ ਤੋਂ ਵੱਧ-ਚੜ੍ਹ ਕੇ ਮੁਫ਼ਤ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ। ਚੋਣ ਮੈਨੀਫੈਸਟੋ ਵਿਚ ਦਰਜ ਇਹ ਵਾਅਦੇ ਅਕਸਰ ਵਫ਼ਾ ਨਹੀਂ ਹੋ ਪਾਉਂਦੇ ਅਤੇ ਲੋਕ ਉਨ੍ਹਾਂ ਲੀਡਰਾਂ ਨੂੰ ਹੀ ਕੋਸਣ ਲੱਗ ਪੈਂਦੇ ਨੇ ਜਿਨ੍ਹਾਂ ਨੂੰ ਖ਼ੁਦ ਵੋਟਾਂ ਪਾ ਕੇ ਜਿਤਾਇਆ ਹੁੰਦਾ ਹੈ। ਇਨ੍ਹਾਂ ਮਸਲਿਆਂ ’ਤੇ ਗੱਲਬਾਤ ਕਰਦਿਆਂ ‘ਆਪ’ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਲੋਕਤੰਤਰੀ ਢਾਂਚੇ ਵਿਚ ਮੁਫ਼ਤ ਦੀਆਂ ਚੀਜ਼ਾਂ ਇਕ ਹੱਦ ਤਕ ਤਾਂ ਠੀਕ ਹਨ ਪਰ ਲੋੜ ਤੋਂ ਜ਼ਿਆਦਾ ਇਹ ਸਹੂਲਤਾਂ ਠੀਕ ਨਹੀਂ। ਸੂਬੇ ਦੇ ਲੋਕਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਰਫ਼ ਬਿਜਲੀ ਸੈਕਟਰ ਦੇ ਢਾਂਚੇ ਨੂੰ ਹੀ ਸੁਧਾਰ ਲਿਆ ਜਾਵੇ ਤਾਂ ਪੰਜਾਬ ਦੇ ਖ਼ਜ਼ਾਨੇ ’ਚੋਂ 6-7 ਹਜ਼ਾਰ ਕਰੋੜ ਰੁਪਇਆ ਬਚਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੰਦੇ ਬੇਈਮਾਨ ਵਿਧਾਇਕਾਂ ਦੀ ਲਿਸਟ ਜਾਰੀ ਕਰਨ ਨੂੰ ਕਿਹਾ ਹੈ।
ਬਿਜਲੀ ਸਮਝੌਤਿਆਂ ’ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਵੀ ਇਸ ਵਿਚ ਸੁਧਾਰ ਹੋ ਜਾਵੇ ਤਾਂ ਬਿਜਲੀ 3 ਤੋਂ 4 ਰੁਪਏ ਸਸਤੀ ਹੋ ਸਕਦੀ ਹੈ। ਪੰਜਾਬ ਵਿਚ ਗਰਮੀਆਂ ਵਿਚ ਝੋਨੇ ਦੇ ਸੀਜ਼ਨ ਵਿਚ 14000 ਮੈਗਾਵਾਟ ਅਤੇ ਸਰਦੀਆਂ ਵਿਚ 3 ਤੋਂ 6 ਹਜ਼ਾਰ ਮੈਗਾਵਾਟ ਬਿਜਲੀ ਦੀ ਲੋੜ ਹੁੰਦੀ ਹੈ। ਜੋ ਬਿਜਲੀ ਸਰਪਲੱਸ ਹੈ ਉਹ ਸਰਦੀਆਂ ਦੇ ਸਮੇਂ ਹੈ ਪਰ ਗਰਮੀਆਂ ਵਿਚ ਫਿਰ ਬਾਹਰਲੇ ਸੂਬਿਆਂ ਤੋਂ ਖ਼ਰੀਦਣੀ ਪੈਂਦੀ ਹੈ। ਟਾਟਾ ਮੁਦਰਾਂ ਪਾਵਰ ਪਲਾਂਟ ਦਾ ਹਵਾਲਾ ਦਿੰਦਿਆਂ ਵਿਧਾਇਕ ਨੇ ਕਿਹਾ ਕਿ ਉਸ ਪਲਾਂਟ ਦਾ ਪੰਜਾਬ ਨਾਲ ਸਮਝੌਤਾ ਹੋਇਆ ਹੈ। ਟਾਟਾ ਮੁਦਰਾਂ ਪਲਾਟ ਸੁਪਰੀਮ ਕੋਰਟ ਗਿਆ। ਜਸਟਿਸ ਨਰੀਮਨ ਨੇ ਫ਼ੈਸਲਾ ਸੁਣਾਇਆ ਕਿ ਜੇ ਤੁਹਾਨੂੰ ਸਮਝੌਤਾ ਨਹੀਂ ਪੁੱਗਦਾ ਤਾਂ ਤੁਸੀਂ ਬਿਜਲੀ ਦਾ ਭਾਅ ਮੁੜ ਤੈਅ ਕਰ ਸਕਦੇ ਹੋ ਜਿਸ ਅਧੀਨ ਪੰਜਾਬ ਨੂੰ ਵੀ ਪਹਿਲਾਂ ਨਾਲੋਂ 50 ਪੈਸੇ ਵੱਧ ਅਦਾ ਕਰਨ ਲਈ ਨੋਟਿਸ ਆ ਗਿਆ। ਸੋ ਇਸੇ ਰਸਤੇ ’ਤੇ ਚੱਲਦਿਆਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਮੁੜ ਤੋਂ ਇਹ ਸਮਝੌਤੇ ਵਿਚਾਰੇ ਜਾਣ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੀਤੀ ਭਵਿੱਖਬਾਣੀ, ਕਿਹਾ-ਪੰਜਾਬ ਨੂੰ ਕਰੇਗਾ ਬਰਬਾਦ (ਵੀਡੀਓ)
ਅਮਨ ਅਰੋੜਾ ਨੇ ਦੱਸਿਆ ਕਿ ਪਿਛਵਾੜਾ ਕੋਲ ਮਾਇਨ ਨਾ ਚਲਾਉਣ ਕਾਰਨ 700 ਕਰੋੜ ਰੁਪਈਆ ਅਜਾਈਂ ਜਾ ਰਿਹਾ ਹੈ। ਇਵੇਂ ਹੀ ਟਰਾਂਸਪੋਟੇਸ਼ਨ ਅਤੇ ਕੋਲ ਵਾਸ਼ਿੰਗ ਦੇ 2800 ਕਰੋੜ ਚਾਰਜਿਸ ਹੁਣ ਤੱਕ ਦੇ ਚੁੱਕੇ ਹਾਂ ਅਤੇ ਤਕਰੀਬਨ 10000 ਕਰੋੜ ਆਉਣ ਵਾਲੇ 20 ਸਾਲਾਂ ਵਿਚ ਦੇਣਾ ਪਵੇਗਾ। ਪੰਜਾਬ ਵਿਚ ਸਭ ਤੋਂ ਵੱਧ 18 ਫ਼ੀਸਦੀ ਟਰਾਂਸਪੇਰਿੰਟ ਡਿਸਟਰੀਬਿਊਸ਼ਨ ਲੌਸਸ ਹਨ। ਉਨ੍ਹਾਂ ਕਿਹਾ ਕਿ ਇਕ ਵਾਰ ਬੈਠ ਕੇ ਇਨ੍ਹਾਂ ਕੰਪਨੀਆਂ ਨਾਲ ਬਿਜਲੀ ਸਮਝੌਤੇ ਮੁੜ ਵਿਚਾਰੇ ਜਾਣੇ ਚਾਹੀਦੇ ਹਨ।
ਮਾਫ਼ੀਆ ਚਲਾਉਣ ਵਾਲੇ ਵਿਧਾਇਕ ਅੱਜ ਸਿੱਧੂ ਦੇ ਸਾਥੀ
ਨਵਜੋਤ ਸਿੱਧੂ ’ਤੇ ਸਵਾਲ ਉਠਾਂਦਿਆਂ ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਸਿੱਧੂ ਭਾਜਪਾ ਦੇ ਲੋਕ ਸਭਾ ਮੈਂਬਰ ਸਨ ਅਤੇ ਉਸੇ ਸਮੇਂ ਦੌਰਾਨ ਹੀ ਇਹ ਸਮਝੌਤੇ ਹੋਏ ਸਨ। ਹੁਣ ਸਾਢੇ ਚਾਰ ਸਾਲ ਤੋਂ ਕਾਂਗਰਸ ਵਿਚ ਹਨ। ਹੁਣ ਸਿੱਧੂ ਆਪਣੀ ਹੀ ਪਾਰਟੀ ਨੂੰ ਕਹਿ ਰਹੇ ਹਨ ਕਿ ਇਹ ਕੁਝ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਨੂੰ ਬਿਜਲੀ ਮਹਿਕਮਾ ਸੌਂਪਿਆ ਗਿਆ ਸੀ ਤਾਂ ਮੈਂ ਉਦੋਂ ਸਿੱਧੂ ਨੂੰ ਚਿੱਠੀ ਲਿਖੀ ਸੀ ਕਿ ਸਾਡੇ ਕੋਲ ਸਭ ਰਿਕਾਰਡ ਪਿਆ ਅਤੇ ਤੁਹਾਨੂੰ ਦੱਸਾਗੇਂ ਕਿ ਕਿੱਥੇ ਕੀ ਗਲਤ ਹੋਇਆ ਹੈ ਅਤੇ ਇਸ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਆਪਾਂ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਕਿਵੇਂ ਦੇ ਸਕਦੇ ਹਾਂ। ਹੁਣ ਚੰਦ ਮਹੀਨੇ ਬਾਕੀ ਰਹਿ ਗਏ ਨੇ ਤਾਂ ਉਹ ਕਦੇ ਸ਼ਰਾਬ ਮਾਫ਼ੀਏ ਦੀ ਗੱਲ਼ ਕਰਦੇ ਨੇ ਅਤੇ ਕਦੇ ਰੇਤ ਮਾਫ਼ੀਏ ਦੀ ਪਰ ਅਸਲੀਅਤ ਇਹ ਹੈ ਕਿ ਇਹ ਸਭ ਕੁਝ ਉਨ੍ਹਾਂ ਨੇਤਾਵਾਂ ਕਰਕੇ ਹੈ, ਜੋ ਉਨ੍ਹਾਂ ਦੇ ਨਾਲ ਤੁਰੇ ਫਿਰਦੇ ਹਨ। ਸਿੱਧੂ ਨੂੰ ਚੁਣੌਤੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਕ ਲਿਸਟ ਜਾਰੀ ਕਰਨ ਅਤੇ ਦੱਸਣ ਕਿ ਉਨ੍ਹਾਂ ਦੇ ਧੜੇ ਵਾਲੇ ਵਿਧਾਇਕਾਂ ’ਚੋਂ ਉਹ ਦੱਸ ਦੇਣ ਕਿ ਕਿਹੜੇ ਬੇਈਮਾਨ ਹਨ, ਜਿਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਜਾਣੀ ਚਾਹੀਦੀ।
ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ 'ਚ ਨਵੀਆਂ ਗਾਈਡਲਾਈਨਜ਼ ਕੀਤੀਆਂ ਜਾਰੀ
ਨਹੀਂ ਛੱਡਾਂਗਾ ਆਮ ਆਦਮੀ ਪਾਰਟੀ
ਕਾਂਗਰਸ ਪਾਰਟੀ 'ਚ ਜਾਣ ਦੀਆਂ ਚਰਚਾਵਾਂ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਸੱਚਾ ਸਿਪਾਹੀ ਹਾਂ ਅਤੇ ਰਹਾਂਗਾ। ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਦਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਤਾਂ ਕੋਈ ਕਾਂਗਰਸ ’ਚ ਕਿਉਂ ਜਾਣਾ ਚਾਹੇਗਾ। ਮਾਇਨੇ ਇਹ ਨਹੀਂ ਰੱਖਦਾ ਕੇ ਮੈਂ ਕਿੰਨੇ ਸਾਲ ਵਿਧਾਇਕ ਰਿਹਾਂ ਮਾਇਨੇ ਇਹ ਰੱਖਦਾ ਹੈ ਕਿ ਮੈਂ ਪੰਜਾਬ ਦੇ ਲੋਕਾਂ ਲਈ ਕੀ ਕੀਤਾ ਹੈ।
ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਬਿਹਤਰ ਭਵਿੱਖ ਦਾ ਲੀਡਰ ਗਰਦਾਨਦਿਆਂ ਅਮਨ ਅਰੋੜਾ ਨੇ ਕਿਹਾ ਕਿ ਸਾਡੇ ਆਗੂਆਂ ਨੂੰ ਅਜੇ ਬਹੁਤ ਕੁਝ ਸਿੱਖਣ ਅਤੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ-ਕਾਂਗਰਸੀਆਂ ਨਾਲ ਲੜਾਈ ਲੜਨੀ ਸੌਖੀ ਨਹੀਂ। ਸਾਰਿਆਂ ਨੂੰ ਇਕੱਠਾ ਕਰਕੇ ਚੱਲਣਾ ਜ਼ਰੂਰੀ ਹੈ। ਮੈਂ ਆਪਣੀ ਹਰ ਤਲਖ਼ੀ ਪਾਰਟੀ ਹਾਈਕਮਾਨ ਅੱਗੇ ਰੱਖਦਾ ਹਾਂ, ਕਈ ਵਾਰ ਉਹ ਸਵੀਕਾਰ ਹੋ ਜਾਂਦੀ ਹੈ ਤੇ ਕਈ ਵਾਰ ਨਾਮਨਜ਼ੂਰ। ਪਾਰਟੀ ਅੰਦਰ ਮੈਨੂੰ ਕਿਸੇ ਤਰ੍ਹਾਂ ਦੀ ਘੁਟਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।
ਪਾਰਟੀ ਦੇ ਮੁੱਖ ਮੰਤਰੀ ਚਿਹਰੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਕੋਲ ਮੁੱਖ ਮੰਤਰੀ ਦਾ ਚਿਹਰਾ ਤਾਂ ਹੈ ਪਰ ਉਨ੍ਹਾਂ 'ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਸੋ ਸਾਡੇ ਤੋਂ ਵੱਡਾ ਮਸਲਾ ਇਹ ਦੂਜੀਆਂ ਪਾਰਟੀਆਂ ਦਾ ਹੈ। ਸਾਡੇ ਆਗੂ ਬੇਦਾਗ ਨੇ ਜੋ ਸਾਡੀ ਸਭ ਤੋਂ ਵੱਡੀ ਸ਼ਕਤੀ ਹੈ। ਅਮਨ ਅਰੋੜਾ ਨੇ ਇਹ ਗੱਲ ਸਵੀਕਾਰ ਕੀਤੀ ਕਿ ਪੰਜਾਬ ਲੀਡਰਸ਼ਿਪ ਨੂੰ ਜਿੰਨਾ ਮਜ਼ਬੂਤ ਅਤੇ ਸ਼ਕਤੀਸ਼ਾਲੀ ਹੋਣਾ ਚਾਹੀਦਾ ਸੀ ਸ਼ਾਇਦ ਉਨੀ ਨਹੀਂ ਹੋ ਸਕੀ, ਜਿਸ ਦਾ ਕਾਰਨ ਸਿਰਫ਼ ਟਿਕਟਾਂ ਲੈਣ ਖ਼ਾਤਰ ਪਾਰਟੀ ’ਚ ਆਏ ਲੋਕ ਸਨ, ਜੋ ਸਮੇਂ-ਸਮੇਂ ਪਾਰਟੀ ਦਾ ਸਾਥ ਛੱਡਦੇ ਗਏ। ਉਨ੍ਹਾਂ ਕਿਹਾ ਕਿ ਅਸੀਂ ਨਵੇਂ ਅਤੇ ਛੋਟੇ ਜ਼ਰੂਰ ਆ ਪਰ ਸਾਡੇ ’ਤੇ ਸ਼ੱਕ ਕਰਨ ਦੀ ਬਜਾਏ ਇਕ ਮੌਕਾ ਤਾਂ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਕਪੂਰਥਲਾ 'ਚ ਪਤੀ ਨੇ ਪਤਨੀ ਨੂੰ ਦਿੱਤੀ ਰੂਹ ਕੰਬਾਊ ਮੌਤ, 7 ਸਾਲ ਪਹਿਲਾਂ ਹੋਈ ਸੀ 'ਲਵ ਮੈਰਿਜ'
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਰੇਡ ਕਰਨ ਗਈ ਐਕਸਾਈਜ਼ ਟੀਮ ’ਤੇ ਸ਼ਰਾਬੀ ਸਮੱਗਲਰਾਂ ਦਾ ਹਮਲਾ, ਪੁਲਸ ਕਰਮਚਾਰੀ ਦੀ ਪਾੜੀ ਵਰਦੀ
NEXT STORY