ਮੋਹਾਲੀ (ਕੁਲਦੀਪ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਜਾਣ ਦੇ ਮੱਦੇਨਜ਼ਰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੇ ਆਪਣੇ ਵਕੀਲਾਂ ਐਡਵੋਕੇਟ ਰਮਦੀਪ ਪ੍ਰਤਾਪ ਸਿੰਘ ਤੇ ਐਡਵੋਕੇਟ ਐੱਚ. ਐੱਸ. ਪੰਨੂ ਰਾਹੀਂ ਪੰਜ ਲੱਖ ਰੁਪਏ ਦਾ ਜ਼ਮਾਨਤੀ ਬਾਂਡ ਭਰਿਆ । ਉਨ੍ਹਾਂ ਦੇ ਪੱਖ ਵਿਚ ਇਹ ਜ਼ਮਾਨਤੀ ਬਾਂਡ ਮੋਹਾਲੀ ਦੇ ਸੈਕਟਰ-71 ਨਿਵਾਸੀ ਮਨੇਸ਼ਵਰ ਸਿੰਘ ਖਹਿਰਾ ਨੇ ਭਰਿਆ ਹੈ।ਖਹਿਰਾ ਨੇ ਆਪਣੀ ਪੰਜਾਬ ਐਂਡ ਸਿੰਧ ਬੈਂਕ ਵਾਲੀ 5 ਲੱਖ ਦਸ ਹਜ਼ਾਰ ਰੁਪਏ ਵਾਲੀ ਐੱਫ. ਡੀ. ਦੇ ਕੇ ਇਹ ਬਾਂਡ ਭਰਿਆ ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਤੰਬਰ ਮਹੀਨੇ ਵਿਚ ਵਿਦੇਸ਼ ਜਾ ਰਹੇ ਹਨ।ਆਪਣੇ ਵਿਦੇਸ਼ ਦੌਰੇ ਦੌਰਾਨ ਉਹ ਇੰਗਲੈਂਡ ਤੇ ਇਸਰਾਈਲ ਜਾਣਗੇ । ਇੰਗਲੈਂਡ ਵਿਚ ਉਹ ਆਪਣੀ ਕਿਤਾਬ 'ਬੈਟਲ ਆਫ ਸਾਰਾਗੜ੍ਹੀ' ਲਾਂਚ ਕਰਨਗੇ । ਉਨ੍ਹਾਂ ਨੇ 28 ਅਗਸਤ ਨੂੰ ਮੋਹਾਲੀ ਦੇ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼੍ਰੀ ਜਸਵਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਹੋ ਕੇ ਆਪਣੇ ਵਕੀਲਾਂ ਰਾਹੀਂ 5 ਸਤੰਬਰ ਤੋਂ 25 ਸਤੰਬਰ ਤਕ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ, ਜਿਸ ਨੂੰ ਮਾਣਯੋਗ ਅਦਾਲਤ ਨੇ ਸਵੀਕਾਰ ਕਰ ਲਿਆ ਸੀ । ਅੱਜ ਉਨ੍ਹਾਂ ਨੇ ਜ਼ਮਾਨਤੀ ਬਾਂਡ ਦੇ ਨਾਲ-ਨਾਲ ਪੰਜ ਲੱਖ ਰੁਪਏ ਦਾ ਨਿੱਜੀ ਮੁਚੱਲਕਾ ਵੀ ਭਰਿਆ ।
ਮਾਣਯੋਗ ਅਦਾਲਤ ਨੇ ਜ਼ਮਾਨਤੀ ਬਾਂਡ ਭਰਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੂੰ ਕੁੱਝ ਗੱਲਾਂ ਦਾ ਧਿਆਨ ਰੱਖਣ ਲਈ ਕਿਹਾ, ਜਿਨ੍ਹਾਂ ਵਿਚ ਉਹ ਆਪਣੇ ਵਿਦੇਸ਼ ਦੌਰੇ ਦੌਰਾਨ ਉਨ੍ਹਾਂ ਦੇ ਕੇਸ ਦੇ ਕਿਸੇ ਵੀ ਗਵਾਹ ਨੂੰ ਨਹੀਂ ਮਿਲਣਗੇ, ਉਨ੍ਹਾਂ ਦੇ ਵਿਦੇਸ਼ ਜਾਣ ਦੌਰਾਨ ਅਦਾਲਤ ਵਿਚ ਉਨ੍ਹਾਂ ਦੇ ਵਕੀਲਾਂ ਦੀ ਹਾਜ਼ਰੀ ਵਿਚ ਜੋ ਵੀ ਸੁਣਵਾਈ ਕੀਤੀ ਜਾਵੇਗੀ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗੀ । ਉਨ੍ਹਾਂ ਨੂੰ ਵਿਦੇਸ਼ ਤੋਂ ਵਾਪਸ ਆ ਕੇ ਇਹ ਵੀ ਅਦਾਲਤ ਨੂੰ ਦੱਸਣਾ ਹੋਵੇਗਾ ਕਿ ਉਹ ਕਿਸ-ਕਿਸ ਦੇਸ਼ ਦਾ ਦੌਰਾ ਕਰ ਕੇ ਆਏ ਹਨ।
ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਮੁੱਖ ਮੰਤਰੀ ਨੂੰ ਸਪੁਰਦ ਕੀਤੇ ਮੰਗ-ਪੱਤਰ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਅਦਾਲਤ ਵਿਚ ਜ਼ਮਾਨਤੀ ਬਾਂਡ ਭਰਨ ਉਪਰੰਤ ਅਦਾਲਤ ਤੋਂ ਬਾਹਰ ਆਉਣ 'ਤੇ ਮੋਹਾਲੀ ਦੇ ਮੀਡੀਆ ਵਲੋਂ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਸਬੰਧੀ ਦਰਸ਼ਨ ਸਿੰਘ ਸੋਢੀ ਦੀ ਅਗਵਾਈ ਵਿਚ ਇਕ ਮੰਗ-ਪੱਤਰ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਿਆ ਗਿਆ । ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਬੈਨੀਪਾਲ ਵੀ ਮੌਜੂਦ ਸਨ । ਮੰਗ-ਪੱਤਰ ਵਿਚ ਮੰਗ ਰੱਖੀ ਗਈ ਕਿ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਸੁਣਾਉਣ ਦੌਰਾਨ ਹੋਈਆਂ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਪੱਤਰਕਾਰਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ ਲਈ ਦੇਸ਼ ਵਿਚ ਸਖ਼ਤ ਕਾਨੂੰਨ ਬਣਾਏ ਜਾਣ ਅਤੇ ਜਿਸ ਪਾਸੇ ਮੀਡੀਆ ਕਰਮਚਾਰੀ ਕਵਰੇਜ ਕਰ ਰਹੇ ਹੋਣ ਉਸ ਪਾਸੇ ਸੁਰੱਖਿਆ ਵੀ ਮਜ਼ਬੂਤ ਕੀਤੀ ਜਾਵੇ ।
ਸਿਟੀ ਰੇਲਵੇ ਸਟੇਸ਼ਨ 'ਤੇ ਮੁਸਾਫਿਰਾਂ ਨੂੰ ਨਹੀਂ ਮਿਲ ਰਹੀ ਮੁਫਤ ਵਾਈ-ਫਾਈ ਦੀ ਸਹੂਲਤ
NEXT STORY