ਅੰਮ੍ਰਿਤਸਰ (ਕਮਲ) : ਵਿਦੇਸ਼ ਵਸਦੇ ਪੰਜਾਬੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ-ਲੰਡਨ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੇ ਐਲਾਨ ਤਹਿਤ ਵੀਰਵਾਰ ਏਅਰ ਇੰਡੀਆ ਦੀ ਪਹਿਲੀ ਉਡਾਣ ਨੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਉਪਰੰਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਲਈ ਉਡਾਣ ਭਰੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਇਸ ਉਡਾਣ ਦੇ ਸ਼ੁਰੂ ਹੋਣ ਦੀ ਵਿਦੇਸ਼ ਵਸਦੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਉਡਾਣ ਦੇ ਸ਼ੁਰੂ ਹੋਣ ਨਾਲ ਲੰਡਨ ਵਸਦੇ ਪੰਜਾਬੀਆਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਏਅਰ ਇੰਡੀਆ ਦੇ ਜਹਾਜ਼ ਦੇ ਪਿਛਲੇ ਹਿੱਸੇ 'ਤੇ 'ੴ' ਸ਼ਬਦ ਅਤੇ ਜਹਾਜ਼ ਦੇ ਸਾਹਮਣੇ ਹਿੱਸੇ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ਤਾਬਦੀ ਸਬੰਧੀ ਵਧਾਈ ਸੰਦੇਸ਼ ਲਿਖੇ ਜਾਣ ਕਾਰਣ ਬਾਬੇ ਨਾਨਕ ਦਾ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਸਮੇਤ ਸ਼ਾਂਤੀ ਦਾ ਸੰਦੇਸ਼ ਪੂਰੀ ਦੁਨੀਆ 'ਚ ਜਾਵੇਗਾ।
ਔਜਲਾ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਵਿਦੇਸ਼ ਵਸਦੇ ਪੰਜਾਬੀਆਂ ਦੀ ਅਹਿਮ ਮੰਗ ਨੂੰ ਬੂਰ ਪਿਆ ਹੈ ਪਰ ਇਸ ਮੰਗ ਨੂੰ ਅੱਧਾ-ਅਧੂਰਾ ਮੰਨਿਆ ਗਿਆ ਹੈ ਤੇ ਇਸ ਉਡਾਣ ਨੂੰ ਅੰਮ੍ਰਿਤਸਰ-ਲੰਡਨ ਦੇ ਸਟੈਂਸਟਡ ਹਵਾਈ ਅੱਡੇ ਦਰਮਿਆਨ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਸਿਰਫ ਲੰਡਨ ਵਾਸੀਆਂ ਨੂੰ ਹੀ ਇਸ ਉਡਾਣ ਦਾ ਫਾਇਦਾ ਮਿਲੇਗਾ। ਜੇਕਰ ਇਹ ਉਡਾਣ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਸ਼ੁਰੂ ਕੀਤੀ ਜਾਵੇ ਤਾਂ ਇਸ ਨਾਲ ਪੂਰੇ ਯੂਰਪ ਦੇ ਨਾਲ-ਨਾਲ ਯੂ. ਐੱਸ. ਏ. ਤੇ ਹੋਰਨਾਂ ਦੇਸ਼ਾਂ 'ਚ ਵਸਦੇ ਪੰਜਾਬੀਆਂ ਨੂੰ ਵੀ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਉਹ ਇਸ ਉਡਾਣ ਨੂੰ ਹੀਥਰੋ ਹਵਾਈ ਅੱਡੇ ਤੋਂ ਚਲਾਉਣ ਲਈ ਆਪਣੇ ਯਤਨ ਜਾਰੀ ਰੱਖਣਗੇ।
ਤਰਨਤਾਰਨ ਬਲਾਸਟ ਕੇਸ:NIA ਮੁਲਜ਼ਮਾਂ ਦੇ ਫੋਨਾਂ ਦਾ ਡਾਟਾ ਖੰਗਾਲਣ ਦੀ ਅਦਾਲਤ ਤੋਂ ਮੰਗੀ ਆਗਿਆ
NEXT STORY