ਗੁਰਦਾਸਪੁਰ (ਹਰਮਨਪ੍ਰੀਤ)—ਇਸ ਸਾਲ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ 'ਚੋਂ ਦੇਸ਼ ਭਰ ਅੰਦਰ 44ਵਾਂ ਸਥਾਨ ਹਾਸਲ ਕਰਨ ਵਾਲੀ ਜ਼ਿਲਾ ਗੁਰਦਾਸਪੁਰ ਨਾਲ ਸਬੰਧਿਤ ਹੋਣਹਾਰ ਲੜਕੀ ਅੰਮ੍ਰਿਤਪਾਲ ਕੌਰ ਦਾ ਉਸਦੇ ਜੱਦੀ ਪਿੰਡ ਨਾਨੋਵਾਲ ਖੁਰਦ 'ਚ ਸਮੁੱਚੇ ਇਲਾਕਾ ਵਾਸੀਆਂ ਤੇ ਪਿੰਡ ਦੀ ਪੰਚਾਇਤ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤਹਿਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਚਾਇਤ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਪਿੰਡ ਦੇ ਪਤਵੰਤਿਆਂ ਨੇ ਜਿੱਥੇ ਅੰਮ੍ਰਿਤਪਾਲ ਕੌਰ ਤੇ ਉਸਦੇ ਪਿਤਾ ਵਾਤਾਵਰਨ ਪ੍ਰੇਮੀ ਇੰਜੀ. ਜੋਗਿੰਦਰ ਸਿੰਘ ਨਾਨੋਵਾਲੀਆ ਦਾ ਵਿਸ਼ੇਸ਼ ਸਨਮਾਨ ਕੀਤਾ, ਉਸਦੇ ਨਾਲ ਹੀ ਉਕਤ ਪਿੰਡ ਵਾਸੀਆਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ ਕਿ ਉਨ੍ਹਾਂ ਦੇ ਪਿੰਡ ਦੀ ਇਸ ਹੋਣਹਾਰ ਲੜਕੀ ਨੇ ਦੇਸ਼ ਅੰਦਰ ਸਭ ਤੋਂ ਉਪਰਲੇ ਦਰਜ਼ੇ 'ਤੇ ਅਫਸਰ ਬਣਨ ਵਾਲੀ ਇਸ ਪ੍ਰੀਖਿਆ 'ਚ 44ਵਾਂ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਕੌਰ ਨੇ ਜਿੱਥੇ ਪ੍ਰਮਾਤਮਾ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।
ਇੰਜੀ. ਜੋਗਿੰਦਰ ਸਿੰਘ ਨਾਨੋਵਾਲੀਆ ਨੇ ਵੀ ਇਸ ਸਨਮਾਨ ਸਮਾਰੋਹ ਲਈ ਪਿੰਡ ਦੀ ਪੰਚਾਇਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਤਾਰਾ ਸਿੰਘ ਤੇ ਸਰਪੰਚ ਦਲਜੀਤ ਸਿੰਘ ਨੇ ਕਿਹਾ ਕਿ ਸਮੁੱਚੇ ਇਲਾਕੇ, ਜ਼ਿਲੇ ਤੇ ਪੰਜਾਬ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਇਸ ਪਛੜੇ ਹੋਏ ਪਿੰਡ ਦੀ ਧੀ ਨੇ ਇਨ੍ਹਾਂ ਵੱਡਾ ਮੁਕਾਮ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਕੌਰ ਇਸ ਮੌਕੇ ਗੁਰਦਾਸਪੁਰ ਰਹਿ ਰਹੇ ਵਾਤਾਵਰਨ ਪ੍ਰੇਮੀ ਇੰਜੀ. ਜੋਗਿੰਦਰ ਸਿੰਘ ਨਾਨੋਵਾਲੀਆ ਦੀ ਸਪੁੱਤਰੀ ਹੈ, ਜੋ ਪਿਛਲੇ ਸਾਲ ਵੀ ਯੂ.ਪੀ.ਐੱਸ. ਦੀ ਪ੍ਰੀਖਿਆ 'ਚ ਦੇਸ਼ 'ਚੋਂ 372ਵਾਂ ਰੈਂਕ ਹਾਸਿਲ ਕਰ ਕੇ ਇੰਡੀਅਨ ਰੇਲਵੇ ਟ੍ਰੈਫਿਕ ਸਰਵਸਿਜ਼ 'ਚ ਸਿਲੈਕਟ ਹੋਈ ਸੀ ਤੇ ਇਸ ਮੌਕੇ ਉਹ ਲਖਨਊ ਵਿਖੇ ਸਿਖਲਾਈ ਲੈ ਰਹੀ ਸੀ, ਜਿੱਥੋਂ ਛੁੱਟੀ ਲੈ ਕੇ ਉਸਨੇ ਦੁਬਾਰਾ ਇਹ ਪ੍ਰੀਖਿਆ ਦਿੱਤੀ ਤੇ ਆਪਣੇ ਸੁਪਨੇ ਮੁਤਾਬਕ ਵੱਡਾ ਮੁਕਾਮ ਹਾਸਲ ਕੀਤਾ ਹੈ। ਇਸ ਮੌਕੇ ਸਾਬਕਾ ਸਰਪੰਚ ਹਰਵਿੰਦਰ ਸਿੰਘ, ਪੰਚ ਗੁਰਦੀਪ ਸਿੰਘ, ਲਾਈਨਮੈਨ ਦਿਲਬਾਗ ਸਿੰਘ, ਅਮਨਦੀਪ ਸਿੰਘ ਅਮਨ, ਹਵਲਦਾਰ ਚੈਂਚਲ ਸਿੰਘ, ਮਾ. ਦਲਜੀਤ ਸਿੰਘ, ਮਹਿੰਦਰ ਸਿੰਘ, ਬਲਜਿੰਦਰ ਸਿੰਘ ਮਿੰਟੂ ਆਦਿ ਹਾਜ਼ਰ ਸਨ।
ਕਾਗਜ਼ਾਂ 'ਚ ਹੀ ਖੁੱਲ੍ਹੇ 'ਚ ਮਲ ਮੁਕਤ ਐਲਾਨਿਆ ਗਿਆ ਹੈ ਲੁਧਿਆਣਾ!
NEXT STORY