ਅੰਮ੍ਰਿਤਸਰ (ਕਮਲ) : ਭਾਜਪਾ ਦੇ ਪੰਜਾਬ ਪ੍ਰਧਾਨ ਅਤੇ ਐੱਮ. ਪੀ. ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਿਆਸੀ ਫਾਇਦੇ ਲਈ ਰਾਫੇਲ ਜਹਾਜ਼ ਖਰੀਦ ਮੁੱਦੇ 'ਤੇ ਦੇਸ਼ ਨੂੰ ਗੁੰਮਰਾਹ ਤੇ ਦੁਨੀਆ 'ਚ ਭਾਰਤ ਦੇ ਅਕਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਮੋਦੀ ਸਰਕਾਰ ਦੇ ਪੱਖ ਵਿਚ ਫ਼ੈਸਲੇ ਤੋਂ ਬਾਅਦ ਰਾਹੁਲ ਗਾਂਧੀ ਨੂੰ 130 ਕਰੋੜ ਦੇਸ਼ਵਾਸੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਕੀ ਰਾਹੁਲ ਗਾਂਧੀ ਭੁੱਲ ਗਏ ਹਨ ਕਿ ਕਾਂਗਰਸ ਦੀ ਯੂ. ਪੀ. ਏ. ਸਰਕਾਰ 'ਚ ਭ੍ਰਿਸ਼ਟਾਚਾਰ ਦੇ ਗੰਭੀਰ ਮਾਮਲੇ ਸਾਹਮਣੇ ਆਏ ਤੇ 12 ਲੱਖ ਕਰੋੜ ਤੋਂ ਵੱਧ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਯੂ. ਪੀ. ਏ. ਦੇ ਸਾਬਕਾ ਮੰਤਰੀਆਂ 'ਤੇ ਚੱਲ ਰਹੇ ਹਨ, ਉਥੇ ਕਾਂਗਰਸ ਦੇ ਕਈ ਮੰਤਰੀ ਜੇਲ ਵੀ ਜਾ ਚੁੱਕੇ ਹਨ।
ਮਲਿਕ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਰਾਫੇਲ ਜਹਾਜ਼ ਨੂੰ ਖਰੀਦਣ ਦਾ ਫ਼ੈਸਲਾ ਯੂ. ਪੀ. ਏ. ਰਾਜ 'ਚ 2007 ਵਿਚ ਹੋਇਆ ਪਰ ਕਾਂਗਰਸ ਨੂੰ ਦੇਸ਼ ਦੀ ਸੁਰੱਖਿਆ ਦੀ ਚਿੰਤਾ ਨਹੀਂ ਸੀ, ਉਦੋਂ 2014 ਤੱਕ ਖਰੀਦ ਨੂੰ ਠੰਡੇ ਬਸਤੇ ਵਿਚ ਪਾ ਕੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਗਿਆ, ਜਦੋਂ 2014 'ਚ ਮੋਦੀ ਸਰਕਾਰ ਨੇ ਫੌਜ ਨੂੰ ਹੋਰ ਤਾਕਤਵਰ ਬਣਾਉਣ ਲਈ ਇਹ ਜਹਾਜ਼ ਖਰੀਦਣ ਦੀ ਸ਼ੁਰੂਆਤ ਕੀਤੀ ਤਾਂ ਕਾਂਗਰਸ ਇਸ ਦੇ ਖਿਲਾਫ ਸਿਆਸੀ ਚਾਲ ਚੱਲ ਕੇ ਇਸ ਨੂੰ ਰੋਕਣ ਲੱਗੀ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸ਼ਾਨਦਾਰ ਵਿਕਾਸ ਕੰਮਾਂ ਤੋਂ ਘਬਰਾ ਕੇ ਕਾਂਗਰਸ ਹੁਣ ਸਾਜ਼ਿਸ਼ ਕਰ ਰਹੀ ਹੈ। ਉਹ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਵੇਂ ਪੰਜਾਬ ਵਿਚ ਕਾਂਗਰਸ ਦੀ ਕੈਪਟਨ ਸਰਕਾਰ ਦਾ ਝੂਠ ਦਾ ਪਿਟਾਰਾ ਜਨਤਾ ਦੇ ਸਾਹਮਣੇ ਖੁੱਲ੍ਹ ਗਿਆ ਹੈ ਤੇ ਆਮ ਆਦਮੀ ਦਾ ਜਿਊਣਾ ਮੁਸ਼ਕਿਲ ਹੈ, ਉਂਝ ਹੀ ਆਉਣ ਵਾਲੇ ਸਮੇਂ 'ਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਦੀ ਜਨਤਾ ਦੇ ਸਾਹਮਣੇ ਵੀ ਕਾਂਗਰਸ ਦੇ ਝੂਠੇ ਵਾਅਦੇ ਬੇਨਕਾਬ ਹੋ ਜਾਣਗੇ। ਉਨ੍ਹਾਂ ਕਿਹਾ ਕਿ 2019 ਵਿਚ 400 ਤੋਂ ਵੱਧ ਸੀਟਾਂ ਨਾਲ ਮੋਦੀ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ।
ਸੁਖਬੀਰ ਦੀਆਂ ਗਲਤੀਆਂ ਭੁਗਤ ਰਹੇ ਹਨ ਵੱਡੇ ਬਾਦਲ : ਮਨਪ੍ਰੀਤ
NEXT STORY