ਅੰਮ੍ਰਿਤਸਰ (ਮਮਤਾ, ਕਵਿਸ਼ਾ) : ਇਥੇ ਔਰਤਾਂ ਲਈ ਕੋਈ ਸਥਾਨ ਨਹੀਂ ਹੈ। ਤੂੰ ਇਥੋਂ ਚਲੀ ਜਾ ਨਹੀਂ ਤਾਂ ਤੈਨੂੰ ਮਾਰ ਦਿੱਤਾ ਜਾਵੇਗਾ। ਇਹ ਧਮਕੀਆਂ ਵੀ ਮਿਲੀਆਂ ਪਰ ਭਰੂਣ ਹੱਤਿਆ ਅਤੇ ਲਿੰਗ ਅਸਮਾਨਤਾ ਦੀਆਂ ਵਿਸ਼ਵ ਪੱਧਰ 'ਤੇ ਵਧ ਰਹੀਆਂ ਸਮੱਸਿਆਵਾਂ 'ਤੇ 'ਸਨਰਾਈਜ਼' ਨਾਂ ਦੀ ਡਾਕਿਊਮੈਂਟਰੀ ਬਣਾ ਕੇ ਹੀ ਦਮ ਲਿਆ ਵਿਭਾ ਬਖਸ਼ੀ ਨੇ। ਫਿਲਮ 'ਸਨਰਾਈਜ਼' ਅਸਲ ਜੀਵਨ 'ਤੇ ਆਧਾਰਿਤ ਕਹਾਣੀ ਹੈ, ਜਿਸ ਵਿਚ ਤਿੰਨ ਆਮ ਆਦਮੀਆਂ (ਰੀਅਲ ਹੀਰੋਜ਼) ਵੱਲੋਂ ਲਿੰਗ ਭੇਦਭਾਵ ਅਤੇ ਭਰੂਣ ਹੱਤਿਆ ਨੂੰ ਰੋਕਣ ਲਈ ਅਨੋਖੀ ਪਹਿਲ ਅਤੇ ਸੰਘਰਸ਼ ਕੀਤਾ ਗਿਆ ਹੈ। ਫਿਲਮ ਦੀ ਪ੍ਰੋਡਿਊਸਰ ਅਤੇ ਡਾਇਰੈਕਟਰ ਵਿਭਾ ਬਖਸ਼ੀ ਨੇ ਹਰਿਆਣੇ ਦੇ ਵੱਖ-ਵੱਖ ਪਿੰਡਾਂ ਵਿਚ ਇਸ ਤਰ੍ਹਾਂ ਦੀ ਅਸਮਾਨਤਾ ਨੂੰ ਲੈ ਕੇ ਤਿੰਨ ਆਦਮੀਆਂ ਵਲੋਂ ਕੀਤੇ ਗਏ ਸੰਘਰਸ਼ ਨੂੰ ਆਪਣੀ ਫਿਲਮ ਵਿਚ ਇਸ ਤਰ੍ਹਾਂ ਨਾਲ ਬਿਆਨ ਕੀਤਾ ਹੈ ਕਿ ਇਸ ਨੂੰ ਬੈਸਟ ਫਿਲਮ ਅਤੇ ਐਡੀਟਿੰਗ ਦੇ ਨੈਸ਼ਨਲ ਐਵਾਰਡ ਮਿਲੇ।
ਭਰੂਣ ਹੱਤਿਆ ਅਤੇ ਲਿੰਗ ਭੇਦਭਾਵ 'ਤੇ 'ਸਨਰਾਈਜ਼' ਦੀ ਜੀ. ਐੱਨ. ਡੀ. ਯੂ. 'ਚ ਹੋਈ ਸਕਰੀਨਿੰਗ
ਲਿੰਗ ਭੇਦਭਾਵ ਅਤੇ ਭਰੂਣ ਹੱਤਿਆ ਨੂੰ ਲੈ ਕੇ ਇੰਟਰਨੈਸ਼ਨਲ ਵੂਮੈਨਸ-ਡੇ ਨੂੰ ਸਮਰਪਿਤ ਦਸਤਾਵੇਜ਼ੀ ਫਿਲਮ 'ਸਨਰਾਈਜ਼' ਦੀ ਸਕਰੀਨਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਡੀਟੋਰੀਅਮ 'ਚ ਹੋਈ। ਫਿਲਮ ਦੀ ਸਕਰੀਨਿੰਗ 'ਚ ਮਾਝਾ ਹਾਊਸ ਦੇ ਨਾਲ-ਨਾਲ ਦਿ ਕੌਂਸਲੇਟ ਜਨਰਲ ਆਫ ਕੈਨੇਡਾ ਚੰਡੀਗੜ੍ਹ ਦਾ ਸਹਿਯੋਗ ਰਿਹਾ। ਸਕਰੀਨਿੰਗ ਮੌਕੇ ਸਨਰਾਈਜ਼ ਫਿਲਮ ਦੀ ਡਾਇਰੈਕਟਰ, ਪ੍ਰੋਡਿਊਸਰ ਤੇ ਦੋ ਵਾਰ ਰਾਸ਼ਟਰੀ ਐਵਾਰਡ ਜੇਤੂ ਰਹੀ ਵਿਭਾ ਬਖਸ਼ੀ ਦੇ ਇਲਾਵਾ ਵਿਸ਼ੇਸ਼ ਮਹਿਮਾਨਾਂ 'ਚ ਡੀ. ਸੀ. ਡਾ. ਸ਼ਿਵਦੁਲਾਰ ਸਿੰਘ, ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਜੀ. ਐੱਨ. ਡੀ. ਯੂ. ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਸਰਬਜੋਤ ਸਿੰਘ ਬਹਿਲ, ਏ. ਡੀ. ਜੀ. ਪੀ. ਗੁਰਪ੍ਰੀਤ ਕੌਰ ਦਿਓ, ਕੌਂਸਲੇਟ ਜਨਰਲ ਆਫ ਕੈਨੇਡਾ ਮਿਆ ਯੇਨ, ਮਾਝਾ ਹਾਊਸ ਦੀ ਕਨਵੀਨਰ ਪ੍ਰੀਤੀ ਗਿੱਲ ਦੇ ਇਲਾਵਾ ਪੁਲਸ ਅਧਿਕਾਰੀ ਅਤੇ ਜੀ. ਐੱਨ. ਡੀ. ਯੂ. ਦੇ ਵਿਦਿਆਰਥੀ ਮੌਜੂਦ ਸਨ।
ਹਰਿਆਣਾ ਦੇ 1140 ਤੋਂ ਜ਼ਿਆਦਾ ਪਿੰਡਾਂ 'ਚ ਹੋ ਰਹੀਆਂ ਭਰੂਣ ਹੱਤਿਆਵਾਂ ਅਤੇ ਯੌਨ ਸ਼ੋਸ਼ਣ ਨੂੰ ਕੀਤਾ ਉਜਾਗਰ
ਫਿਲਮ 'ਚ ਹਰਿਆਣੇ ਦੇ ਲੱਗਭਗ 1140 ਤੋਂ ਜ਼ਿਆਦਾ ਪਿੰਡਾਂ 'ਚ ਚੱਲ ਰਹੇ ਲਿੰਗ ਭੇਦਭਾਵ ਦੇ ਚਲਦਿਆਂ ਉਥੇ ਵਧ ਰਹੀਆਂ ਭਰੂਣ ਹੱਤਿਆਵਾਂ ਅਤੇ ਲੜਕੀਆਂ ਦੀ ਘਟ ਰਹੀ ਗਿਣਤੀ ਦੇ ਚਲਦਿਆਂ ਵਧ ਰਹੇ ਜਬਰ-ਜ਼ਨਾਹ ਦੇ ਮਾਮਲਿਆਂ ਨੂੰ ਉਜਾਗਰ ਕੀਤਾ ਗਿਆ ਹੈ। ਫਿਲਮ 'ਚ ਕੋਈ ਵੀ ਕਹਾਣੀ ਨਹੀਂ ਹੈ, ਨਾ ਹੀ ਕੋਈ ਸਕ੍ਰਿਪਟ ਹੈ। ਫਿਲਮ ਦੀ ਸ਼ੁਰੂਆਤ 'ਚ 4-5 ਛੋਟੇ ਲੜਕਿਆਂ ਤੋਂ ਪੁੱਛਿਆ ਜਾਂਦਾ ਹੈ ਕਿ ਤੁਹਾਡੀ ਕੋਈ ਭੈਣ ਹੈ? ਤਾਂ ਉਨ੍ਹਾਂ ਦਾ ਜਵਾਬ ਨਾਂਹ 'ਚ ਹੁੰਦਾ ਹੈ। ਅਲਟਰਾਸਾਊਂਡ ਸੈਂਟਰਾਂ 'ਤੇ ਉੱਥੇ ਦੀਆਂ ਪੰਚਾਇਤਾਂ ਅਤੇ ਬਾਹੂਬਲੀਆਂ ਦੇ ਦਬਾਅ ਦੇ ਚਲਦੇ ਰੋਕ ਹੋਣ ਦੇ ਬਾਵਜੂਦ ਭਰੂਣ ਟੈਸਟ ਕੀਤੇ ਜਾਂਦੇ ਹਨ। ਫਿਲਮ 'ਚ ਦੱਸਿਆ ਗਿਆ ਹੈ ਕਿ ਉੱਥੇ ਹਰਿਆਣੇ ਦੇ ਪੇਂਡੂਆਂ ਦਾ ਮੰਨਣਾ ਹੈ ਕਿ ਲੱਖ ਦੋ ਲੱਖ ਭਰੂਣ ਹੱਤਿਆ 'ਤੇ ਖਰਚ ਕਰਨ ਨਾਲ ਭਵਿੱਖ 'ਚ ਉਨ੍ਹਾਂ ਦੇ ਕਰੋੜਾਂ ਰੁਪਏ ਬਚਣਗੇ। ਫਿਲਮ 'ਚ ਤਿੰਨ ਆਦਮੀਆਂ ਨੇ ਲਿੰਗ ਭੇਦਭਾਵ 'ਤੇ ਸੰਘਰਸ਼ ਕਰਨਾ ਸ਼ੁਰੂ ਕੀਤਾ ਜਿਨ੍ਹਾਂ 'ਚ ਹਰਿਆਣਾ ਦੀ ਸਭ ਤੋਂ ਵੱਡੀ ਖਾਪ ਮਹਾਪੰਚਾਇਤ ਗਠਵਾਲ ਦੇ ਰਾਸ਼ਟਰੀ ਪ੍ਰਧਾਨ ਬਲਜੀਤ ਮਲਿਕ ਦੇ ਇਲਾਵਾ ਪ੍ਰਬੰਧਕੀ ਅਧਿਕਾਰੀ ਸੁਨੀਲ ਜਗਨਾਲ ਤੇ ਇਕ ਜਬਰ-ਜ਼ਨਾਹ ਪੀੜਤਾ ਕੁਸਮ ਦਾ ਪਤੀ ਜਤਿੰਦਰ ਸ਼ਾਮਲ ਹੈ।
ਫਿਲਮ 'ਚ ਸੁਨੀਲ ਜਗਨਾਲ ਨੇ ਦੱਸਿਆ ਕਿ ਉਸ ਦੀਆਂ ਦੋ ਬੇਟੀਆਂ ਹਨ। ਪਹਿਲੀ ਧੀ ਦੇ ਜਨਮ 'ਤੇ ਜਦੋਂ ਉਨ੍ਹਾਂ ਨੇ ਹਸਪਤਾਲ 'ਚ ਨਰਸਾਂ ਨੂੰ ਵਧਾਈ ਦੇ ਰੂਪ 'ਚ ਪੈਸੇ ਦੇਣੇ ਚਾਹੇ ਤਾਂ ਉਨ੍ਹਾਂ ਨੇ ਲੈਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਲੜਕਾ ਹੁੰਦਾ ਤਾਂ ਇਸ ਤੋਂ ਜ਼ਿਆਦਾ ਲੈਂਦੇ। ਸੁਨੀਲ ਜਗਨਾਲ ਦੇ ਮਨ 'ਚ ਉਸ ਸਮੇਂ ਉਥੇ ਚੱਲ ਰਹੇ ਭੇਦਭਾਵ ਨੂੰ ਖਤਮ ਕਰਨ ਦਾ ਖਿਆਲ ਆਇਆ ਅਤੇ ਉਨ੍ਹਾਂ ਨੇ ਔਰਤਾਂ ਦੀ ਮਹਾਪੰਚਾਇਤ ਦਾ ਗਠਨ ਕਰ ਦਿੱਤਾ। ਉਨ੍ਹਾਂ ਨੂੰ ਇਸ ਸਬੰਧ 'ਚ ਕਾਫ਼ੀ ਵਿਰੋਧ ਸਹਿਣਾ ਪਿਆ ਪਰ ਅਖੀਰ ਉਹ ਔਰਤਾਂ ਨੂੰ ਸਮਾਨਤਾ ਦਾ ਹੱਕ ਦਿਵਾਉਣ ਅਤੇ ਉਨ੍ਹਾਂ 'ਚ ਜਾਗਰੂਕਤਾ ਲਿਆਉਣ 'ਚ ਵੱਡੇ ਪੱਧਰ 'ਤੇ ਸਫਲ ਹੋਏ। ਫਿਲਮ 'ਚ ਜਬਰ-ਜ਼ਨਾਹ ਪੀੜਤ ਕੁਸਮ ਦੇ ਪਤੀ ਜਤਿੰਦਰ ਨੇ ਨਾ ਸਿਰਫ ਉਸ ਨਾਲ ਵਿਆਹ ਕੀਤਾ, ਸਗੋਂ ਉਸ ਨੂੰ ਇਨਸਾਫ ਦਿਵਾਉਣ ਲਈ ਕਾਨੂੰਨੀ ਲੜਾਈ ਵੀ ਲੜੀ ਅਤੇ ਇਹ ਲੜਾਈ ਅਜੇ ਤੱਕ ਜਾਰੀ ਹੈ। ਇਨ੍ਹਾਂ ਦੀ ਕੋਸ਼ਿਸ਼ ਨੂੰ ਸਫਲ ਬਣਾਉਣ 'ਚ ਮਹਾਪੰਚਾਇਤ ਗਠਵਾਲ ਦੇ ਰਾਸ਼ਟਰੀ ਪ੍ਰਧਾਨ ਬਲਜੀਤ ਮਲਿਕ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਅਤੇ ਉਨ੍ਹਾਂ ਨੇ ਕੰਨਿਆ ਭਰੂਣ ਹੱਤਿਆ ਨੂੰ ਮਹਾਪਾਪ ਐਲਾਨ ਕਰਵਾਇਆ। ਇਸ ਦੇ ਇਲਾਵਾ ਪੁਲਸ ਅਧਿਕਾਰੀਆਂ ਨੇ ਔਰਤਾਂ ਪ੍ਰਤੀ ਵਧ ਰਹੇ ਜ਼ੁਲਮਾਂ 'ਤੇ ਨੁਕੇਲ ਪਾਉਣ 'ਚ ਵੀ ਕਾਫੀ ਵੱਡੀ ਭੂਮਿਕਾ ਅਦਾ ਕੀਤੀ।
ਤਾੜੀਆਂ ਦੀ ਆਵਾਜ਼ ਸੁਣ ਵਿਭਾ ਦੀਆਂ ਅੱਖਾਂ 'ਚ ਆਏ ਹੰਝੂ
ਫਿਲਮ ਖਤਮ ਹੁੰਦੇ ਹੀ ਤਾੜੀਆਂ ਦੀ ਆਵਾਜ਼ ਨਾਲ ਸਾਰਾ ਆਡੀਟੋਰੀਅਮ ਗੂੰਜ ਉਠਿਆ ਅਤੇ ਫਿਲਮ ਦੀ ਡਾਇਰੈਕਟਰ ਵਿਭਾ ਬਖਸ਼ੀ ਦੀਆਂ ਅੱਖਾਂ 'ਚ ਹੰਝੂ ਆ ਗਏ। ਫਿਲਮ ਦੇ ਦ੍ਰਿਸ਼ਾਂ ਨੂੰ ਵੇਖ ਕੇ ਸਾਰੇ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਗਈਆਂ। ਫਿਲਮ ਦੇ ਬਾਅਦ ਵਿਚਾਰ ਚਰਚਾ ਦੌਰਾਨ ਜ਼ਿਲਾ ਡੀ. ਸੀ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਫਿਲਮ ਦੇ ਹੀਰੋ ਜੋ ਕਿ ਆਮ ਵਿਅਕਤੀ ਹਨ, ਉਹ ਅਸਲ 'ਚ ਗੈਲੇਂਟਰੀ ਐਵਾਰਡ ਦੇ ਹੱਕਦਾਰ ਹੈ। ਜਿਨ੍ਹਾਂ ਨੇ ਉਲਟ ਹਾਲਾਤ 'ਚ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕੀਤਾ।
71 ਦੇਸ਼ਾਂ 'ਚ ਕੀਤੀ ਜਾ ਰਹੀ ਫਿਲਮ ਦੀ ਸਕਰੀਨਿੰਗ : ਵਿਭਾ ਬਖਸ਼ੀ
ਵਿਭਾ ਬਖਸ਼ੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਹ ਫਿਲਮ ਬਣਾਉਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਕਈ ਵਾਰ ਹਰਿਆਣੇ ਦੇ ਚੱਕਰ ਲਗਾਉਣੇ ਪਏ ਅਤੇ ਉਲਟ ਹਾਲਾਤ 'ਚ ਕੰਮ ਕਰਨਾ ਪਿਆ। ਉਨ੍ਹਾਂ ਕਿਹਾ ਕਿ ਲਿੰਗ ਭੇਦਭਾਵ ਦੀ ਸਮੱਸਿਆ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਵਿਸ਼ਵ ਪੱਧਰ 'ਤੇ ਇਕ ਸੱਚਾਈ ਹੈ। ਇਸ ਭੇਦਭਾਵ ਨੂੰ ਦੂਰ ਕਰਨ ਲਈ ਇਹ ਜ਼ਰੂਰੀ ਹੈ ਕਿ ਲੜਕੀਆਂ ਅਤੇ ਲੜਕਿਆਂ ਨੂੰ ਇਸ ਸਬੰਧੀ ਚੱਲ ਰਹੇ ਸੰਘਰਸ਼ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਇਸ ਫਿਲਮ ਦੀ ਸਕਰੀਨਿੰਗ 71 ਦੇਸ਼ਾਂ 'ਚ ਕੀਤੀ ਜਾ ਰਹੀ ਹੈ।
ਪੂਰੀ ਫਿਲਮ ਰੋਂਦੇ ਹੋਏ ਵੇਖੀ : ਏ. ਡੀ. ਜੀ. ਪੀ.
ਫਿਲਮ 'ਤੇ ਏ. ਡੀ. ਜੀ. ਪੀ. ਗੁਰਪ੍ਰੀਤ ਕੌਰ ਦਿਓ, ਕੌਂਸਲੇਟ ਜਨਰਲ ਮਿਆ ਯੇਨ ਅਤੇ ਐੱਸ. ਐੱਸ. ਬਹਿਲ ਨੇ ਚਰਚਾ ਕੀਤੀ। ਏ. ਡੀ. ਜੀ. ਪੀ. ਗੁਰਪ੍ਰੀਤ ਕੌਰ ਦਿਓ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਪੂਰੀ ਫਿਲਮ ਦੌਰਾਨ ਉਹ ਰੋਂਦੀ ਰਹੀ ਅਤੇ ਇਕ ਔਰਤ ਹੋਣ ਦੇ ਨਾਤੇ ਉਨ੍ਹਾਂ ਨੇ ਉਨ੍ਹਾਂ ਦਾ ਸਹੀ ਰੂਪ 'ਚ ਦਰਦ ਮਹਿਸੂਸ ਕੀਤਾ।
ਜੀ. ਐੱਨ. ਡੀ. ਯੂ. ਦੇ ਕਾਲਜਾਂ 'ਚ ਵੀ ਸਕਰੀਨਿੰਗ ਦਾ ਦਿੱਤਾ ਸੱਦਾ
ਜੀ. ਐੱਨ. ਡੀ. ਯੂ. ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਲੜਕੀਆਂ ਨੂੰ ਵਿਸ਼ੇਸ਼ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਿੱਖਿਆ ਦੇ ਖੇਤਰ 'ਚ ਵੀ ਉਹ ਸਭ ਤੋਂ ਅੱਗੇ ਹਨ ਜੋ ਕਿ ਮਹਿਲਾ ਸਸ਼ਕਤੀਕਰਨ ਦੀ ਇਕ ਪ੍ਰਮੁੱਖ ਉਦਾਹਰਣ ਹੈ। ਉਨ੍ਹਾਂ ਨੇ ਵੱਖ-ਵੱਖ ਕਾਲਜਾਂ 'ਚ ਵੀ ਫਿਲਮ ਦੀ ਸਕਰੀਨਿੰਗ ਲਈ ਵਿਭਾ ਬਖਸ਼ੀ ਨੂੰ ਸੱਦਾ ਦਿੱਤਾ।
ਟੀਚਰ ਨੇ ਵਿਆਹ ਤੋਂ ਮਨਾ ਕੀਤਾ ਤਾਂ ਵਿਦਿਆਰਥੀ ਨੇ ਦਿੱਤਾ ਖੌਫਨਾਕ ਵਾਰਦਾਤ ਨੂੰ ਅੰਜਾਮ (ਵੀਡੀਓ)
NEXT STORY