ਜਲੰਧਰ (ਰਵਿੰਦਰ)— ਨਿਰੰਕਾਰੀ ਭਵਨ ਤੋਂ ਬਾਅਦ ਅੱਤਵਾਦੀਆਂ ਦਾ ਅਗਲਾ ਟਾਰਗੇਟ ਕੀ ਹੈ? ਸੂਬੇ ਭਰ ਦੀਆਂ ਖੁਫੀਆ ਏਜੰਸੀਆਂ ਅਤੇ ਸੁਰੱਖਿਆ ਏਜੰਸੀਆਂ ਇਸ ਗੱਲ ਦਾ ਪਤਾ ਲਗਾਉਣ 'ਚ ਜੁਟੀਆਂ ਹਨ। ਮਿਲੀ ਇਨਪੁਟ ਮੁਤਾਬਕ ਪਾਕਿਸਤਾਨ 'ਚ ਬੈਠੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਆਕਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਇਸ ਲਈ ਖਾਲਿਸਤਾਨ ਅਤੇ ਕਸ਼ਮੀਰੀ ਅੱਤਵਾਦੀਆਂ ਦੇ ਗੱਠਜੋੜ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਟਾਰਗੈੱਟ ਦਿੱਤਾ ਗਿਆ ਹੈ। ਖੁਫੀਆ ਏਜੰਸੀਆਂ ਮੁਤਾਬਕ ਅੱਤਵਾਦੀਆਂ ਦਾ ਅਗਲਾ ਟਾਰਗੈੱਟ ਫਿਰ ਕੋਈ ਧਾਰਮਿਕ ਸਮਾਗਮ ਹੋ ਸਕਦਾ ਹੈ। ਕਿਤੇ ਇਹ ਆਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸੂਬੇ ਭਰ 'ਚ ਆਯੋਜਿਤ ਹੋਣ ਵਾਲੇ ਸਮਾਗਮਾਂ 'ਚੋਂ ਕੋਈ ਇਕ ਤਾਂ ਨਹੀਂ? ਇਸ ਇਨਪੁਟ ਤੋਂ ਬਾਅਦ ਸੂਬੇ ਭਰ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੰਜਾਬ ਸਰਕਾਰ ਆਉਣ ਵਾਲੇ ਧਾਰਮਕ ਸਮਾਗਮਾਂ ਅਤੇ ਪ੍ਰੋਗਰਾਮਾਂ ਦੌਰਾਨ ਸੁਰੱਖਿਆ ਰੀਵਿਊ ਕਰਨ 'ਚ ਜੁਟ ਗਈ ਹੈ। ਡੀ. ਜੀ. ਪੀ. ਸੁਰੇਸ਼ ਅਰੋੜਾ ਅਤੇ ਡੀ. ਜੀ. ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਨੇ ਸੁਰੱਖਿਆ ਦੀ ਪੂਰੀ ਕਮਾਨ ਆਪਣੇ ਹੱਥ 'ਚ ਲੈ ਲਈ ਹੈ।
ਖੁਫੀਆ ਏਜੰਸੀਆਂ ਤੋਂ ਮਿਲ ਰਹੇ ਹਰੇਕ ਇਨਪੁਟ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਅੱਤਵਾਦੀਆਂ ਨੂੰ ਧੂੜ ਚਟਾਉਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ 23 ਨਵੰਬਰ ਨੂੰ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦਾ ਸ਼ੁੱਭ ਆਰੰਭ ਸੁਲਤਾਨਪੁਰ ਲੋਧੀ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਕਰਨਗੇ। ਅਜਿਹੇ ਸਮਾਰੋਹ ਬਾਰਡਰ ਇਲਾਕੇ ਡੇਰਾ ਬਾਬਾ ਨਾਨਕ 'ਚ ਵੀ ਆਯੋਜਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਬਟਾਲਾ 'ਚ ਵੀ ਕੁਝ ਖਾਸ ਸਮਾਗਮ ਹੋਣਗੇ ਅਤੇ ਮਾਡਲ ਬਣਾਏ ਜਾਣ ਵਾਲੇ ਸਾਰੇ 46 ਪਿੰਡਾਂ 'ਚ ਸ੍ਰੀ ਅਖੰਡ ਪਾਠਾਂ ਦਾ ਆਯੋਜਨ ਵੀ ਕੀਤਾ ਜਾਵੇਗਾ।
'ਜਗ ਬਾਣੀ' ਨੇ ਪਹਿਲਾਂ ਹੀ ਧਾਰਮਿਕ ਅਸਥਾਨ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹੋਣ ਦਾ ਪ੍ਰਗਟਾਇਆ ਸੀ ਖਦਸ਼ਾ
10 ਅਕਤੂਬਰ ਨੂੰ ਪੁਲਸ ਨੇ ਜੁਆਇੰਟ ਆਪਰੇਸ਼ਨ ਤੋਂ ਬਾਅਦ ਸੀ. ਟੀ. ਇੰਸਟੀਚਿਊਟ ਤੋਂ 3 ਕਸ਼ਮੀਰੀ ਅੱਤਵਾਦੀਆਂ ਨੂੰ ਇਕ ਕਿਲੋ ਵਿਸਫੋਟਕ ਪਦਾਰਥ, ਇਕ ਏ. ਕੇ. 56 ਰਾਈਫਲ ਅਤੇ ਹੋਰ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਸੀ। ਉਸੇ ਸਮੇਂ ਜਗ ਬਾਣੀ ਨੇ ਇਹ ਖਦਸ਼ਾ ਪ੍ਰਗਟਾਇਆ ਸੀ ਕਿ ਇਸ ਅੱਤਵਾਦੀ ਸੰਗਠਨ ਦੇ ਕਈ ਮਾਡਿਊਲ ਪੰਜਾਬ 'ਚ ਸਰਗਰਮ ਹਨ ਅਤੇ ਅੱਤਵਾਦੀਆਂ ਦਾ ਅਗਲਾ ਨਿਸ਼ਾਨਾ ਧਾਰਮਕ ਅਸਥਾਨ ਹੋ ਸਕਦੇ ਹਨ। 18 ਨਵੰਬਰ ਨੂੰ ਧਾਰਮਕ ਸਮਾਗਮ ਨੂੰ ਹੀ ਅੱਤਵਾਦੀਆਂ ਨੇ ਨਿਸ਼ਾਨਾ ਬਣਾ ਦਿੱਤਾ ਪਰ ਪੁਲਸ ਅਤੇ ਸੁਰੱਖਿਆ ਏਜੰਸੀਆਂ ਕੁਝ ਨਹੀਂ ਕਰ ਸਕੀਆਂ।
ਰੰਗ ਵਿਚ ਭੰਗ, ਬਰਾਤੀਆਂ ਦੀ ਬੱਸ ਨੂੰ ਅਚਾਨਕ ਲੱਗੀ ਅੱਗ (ਵੀਡੀਓ)
NEXT STORY