ਅੰਮ੍ਰਿਤਸਰ (ਜ.ਬ) - ਅੰਮ੍ਰਿਤਸਰ ਰਾਈਸ ਮਿਲਰਜ਼ ਐਸੋਸੀਏਸ਼ਨ ਜਿਸ ਵਿੱਚ ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਪਠਾਨਕੋਟ ਦੇ ਰਾਈਸ ਮਿੱਲਰ ਸ਼ਾਮਿਲ ਨੇ, ਆਉਣ ਵਾਲੇ ਝੋਨੇ ਦੇ ਸੀਜ਼ਨ 2021-22 ਦੀ ਮਿਲਿੰਗ ਨੀਤੀ ਬਾਰੇ ਕੀਤੇ ਜਾਣ ਵਾਲੇ ਬਦਲਾਅ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਬਾਈਕਾਟ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਹ ਮੀਲਿੰਗ ਨੀਤੀ ਚਾਵਲ ਇੰਡਸਟਰੀ ਦੇ ਲਈ ਘਾਟੇ ਦਾ ਸੌਦਾ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਐਸੋਸੀਏਸਨ ਦੀ ਹੰਗਾਮੀ ਮੀਟਿੰਗ ਵਿੱਚ ਲਏ ਗਏ ਇਸ ਫ਼ੈਸਲੇ ਤੋਂ ਜਾਣੂ ਕਰਵਾਉਂਦਿਆ ਫੈਡਰੇਸ਼ਨ ਆਫ਼ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੰਜੀਵ ਚੱਡਾ ਨੇ ਕਿਹਾ ਕਿ ਸਮੁੱਚਾ ਰਾਈਸ ਮਿਲਰ ਭਾਈਚਾਰਾ ਇਸ ਗੱਲ ਲਈ ਇੱਕ ਜੁਟ ਹੈ ਕਿ ਜੇ ਕਿਸੇ ਨੇ ਚਾਵਲ ਇੰਡਸਤਰੀ ਨੂੰ ਕਿਸੇ ਹੋਸ਼ੇ ਹੱਥ ਠੋਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਈਚਾਰੇ ਵੱਲੋਂ ਉਸ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ ।
ਦੱਸ ਦੇਈਏ ਕਿ ਇਹ ਅੱਜ ਅੰਮ੍ਰਿਤਸਰ ਵਿੱਚ ਉਚੇਚੇ ਤੌਰ ’ਤੇ ਰੱਖੀ ਮਿਲਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਚੋਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸੂਬਾਈ ਪ੍ਰਧਾਨ ਦੀ ਚੋਣ ਕਰਵਾਉਣ ਦੀ ਮੰਗ ਬੁਲਾਰਿਆ ਵੱਲੋਂ ਉਠਾਈ ਗਈ। ਮੀਟਿੰਗ ਵਿੱਚ ਫੈਡਰੇਸ਼ਨ ਆਫ਼ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੰਜੀਵ ਚੱਡਾ ਨੇ ਕਿਹਾ ਕਿ ਮਿਲਿੰਗ ਨੀਤੀ ਵਿੱਚ, ਜੋ ਚਾਵਲ ਡਿਲਿਵਰੀ ਦੇ ਮਾਪਦੰਡ ਹਨ, ਵਿੱਚ ਜੇਕਰ ਐੱਫ.ਸੀ.ਆਈ. ਨੇ ਕੋਈ ਬਦਲਾਅ ਕੀਤਾ ਤਾਂ ਇਸਦਾ ਪੂਰੇ ਭਾਈਚਾਰੇ ਵੱਲੋਂ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇਗਾ। ਸ੍ਰੀ ਚੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਚੋਲ ਲੈਣ ਲਈ ਜਿਹੜੇ ਪੈਮਾਨੇ ਨਵੇਂ ਸਿਰਿਓਂ ਬਣਾਏ ਹਨ, ਉਹ ਚਾਵਲ ਸਨੱਅਤ ਨੂੰ ਤਬਾਹ ਕਰਨ ਵਾਲੇ ਹਨ। ਉਨ੍ਹਾਂ ਮੁਤਾਬਕ ਚਾਵਲ ਤਿਆਰ ਹੋ ਹੀ ਨਹੀਂ ਸਕਦੇ। ਚਾਵਲ ਵਿੱਚ ਟੋਟੇ ਦੀ ਮਾਤਰਾ 25 ਫ਼ੀਸਦੀ ਤੋਂ ਘਟਾ ਕੇ ਵੀਹ ਫ਼ੀਸਦੀ ਕਰ ਦਿੱਤੀ ਗਈ, ਜਦੋਕਿ ਡੈਮੇਜ ਦੀ ਮਾਤਰਾ 2 ਫ਼ੀਸਦੀ ਅਤੇ ਨਮੀ 14 ਫੀਸਦੀ ਪ੍ਰਵਾਨ ਹੋਵੇਗੀ। ਕਿਸਾਨਾਂ ਨੂੰ ਹੁਣ 17 ਦੀ ਥਾਂ 16 ਫ਼ੀਸਦੀ ਨਮੀ ਤੱਕ ਦਾ ਝੋਨਾ ਮੰਡੀਆਂ ਵਿੱਚ ਲਿਆਉਣਾ ਹੋਵੇਗਾ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਨਵੇਂ ਨਿਯਮਾਂ ਨੂੰ ਉਹ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਕੇਂਦਰ ਸਰਕਾਰ ਦੇ ਨਵੇਂ ਨਿਯਮਾਂ ਕਾਰਨ ਪੰਜਾਬ ਦੀਆਂ ਮੰਡੀਆਂ ਚ 180 ਲੱਖ ਟਨ ਦੇ ਕਰੀਬ ਝੋਨਾ ਪਿਆ ਰਹਿ ਜਾਵੇਗਾ ਅਤੇ ਮਿਲਰਾਂ ਵੱਲੋਂ ਬਾਰਦਾਨਾ ਤੱਕ ਵੀ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੇ ਰਾਈਸ ਮਿੱਲਰਾਂ ਨੂੰ ਇੱਕਜੁਟਤਾ ਵਿਖਾਉਣੀ ਚਾਹੀਦੀ ਹੈ ਤਾਂ ਜੋ ਇਸ ਸ਼ੈਲਰ ਮਾਰੂ ਨੀਤੀ ਦਾ ਸਖਤ ਵਿਰੋਧ ਕੀਤਾ ਜਾ ਸਕੇ। ਇਸਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਮਿਲਰਾਂ ਨੂੰ ਵੀ ਚੇਤਾਵਨੀ ਦਿੱਤੀ, ਕਿ ਜੋ ਆਰ.ਓ.ਦੁਆਰਾ ਜ਼ਿਲ੍ਹਿਆਂ ’ਚੋਂ ਝੋਨਾ ਲਿਜਾ ਰਹੇ ਹਨ, ਉਹ ਬਾਜ ਆ ਜਾਣ ਨਹੀਂ ਤਾਂ ਉਨ੍ਹਾਂ ਮਿੱਲਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਿੱਚ ਐਸੋਸੀਏਸ਼ਨ ਆਪਣਾ ਸਖ਼ਤ ਰੁਖ ਅੱਖਤਿਆਰ ਕਰੇਗੀ। ਚਰਚਾ ਕੀਤੀ ਗਈ ਕਿ ਜਾਅਲੀ ਝੋਨੇ ਦੀ ਖਰੀਦ ਦੇ ਕੰਮ ਨਾਲ ਸਾਰੇ ਮਿੱਲਰਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ, ਜੋ ਸਾਰੀ ਚਾਵਲ ਸਨਅਤ ਲਈ ਦੁਖ਼ਦਾਇਕ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਜੇਕਰ ਕੋਈ ਮਿੱਲਰ ਜਾਅਲੀ ਬਿਲਿੰਗ ਕਰਦਾ ਹੈ ਤਾਂ ਸਾਰੀ ਐਸੋਸੀਏਸ਼ਨ ਉਸ ਮਿੱਲਰ ਅਤੇ ਏਜੰਸੀ ਇੰਸਪੈਕਟਰ ਦੀ ਸੀ.ਬੀ.ਆਈ. ਤੋਂ ਜਾਂਚ ਦੀ ਮੰਗ ਕਰੇਗੀ। ਹਰ ਸਾਲ ਉਸ ਦੇ ਚਾਵਲਾਂ ਦੀ ਰੀਸਾਈਕਲਿੰਗ ਦੀ ਬੋਗਸ ਐਂਟਰੀ ਦੀ ਜਾਂਚ ਕਰਵਾਏਗੀ। ਉਨ੍ਹਾਂ ਮਿਲਰਾਂ ਨੂੰ ਆਪੀਲ ਕੀਤੀ ਕਿ ਉਹ ਜਾਅਲੀ ਬਿਲਿੰਗ ਦਾ ਕੋਈ ਕੰਮ ਨਾ ਕਰਨ ਅਤੇ ਜੋ ਕਰਦੇ ਹਨ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕਰਵਾਉਣ ਲਈ ਸਾਥ ਦੇਣ। ਐਸੋਸੀਏਸ਼ਨ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਬਾਰਡਰ ਜ਼ਿਲ੍ਹੇ ਦੇ ਸ਼ੈਲਰਾਂ ਨੂੰ ਵੀਹ ਫ਼ੀਸਦੀ ਵੱਧ ਪੈਡੀ ਅਲਾਟ ਕਰੇ ,ਜਿਵੇਂ ਪਿਛਲੀ ਸਰਕਾਰ ਵੇਲੇ ਹੁੰਦਾ ਰਿਹਾ। ਇਸ ਮੌਕੇ ਵਿਨੋਦ ਚੱਡਾ, ਅਵਤਾਰ ਤਨੇਜਾ, ਅਰਵਿੰਦ ਜੁਲਕਾ, ਨਾਮਦੇਵ ਨੱਮੀ, ਜੈਪਾਲ ਗੋਇਲ, ਸੁਭਾਸ਼ ਦੇਵਨ ਕਾਲਾ ਸ਼ਾਹ, ਸੰਜੀਵ ਭੰਡਾਰੀ, ਸੋਨੂੰ ਗੁਪਤਾ, ਬਲਬੀਰ ਸਿੰਘ, ਸੁਰਜੀਤ ਕੰਗ ਅਤੇ ਰੌਣਕੀ ਰਾਮ ਸ਼ਰਮਾ ਆਦਿ ਹਾਜ਼ਰ ਸਨ।
ਦੁਖ਼ਦਾਇਕ ਖ਼ਬਰ: ਟਿਕਰੀ ਬਾਰਡਰ ਤੋਂ ਪਰਤਦੇ ਕਿਸਾਨ ਦੀ ਰੇਲ ਹਾਦਸੇ ’ਚ ਮੌਤ
NEXT STORY