ਹੁਸ਼ਿਆਰਪੁਰ, (ਜ.ਬ.)- ਰਾਜ ਟਰਾਂਸਪੋਰਟ ਵਿਭਾਗ ਦੇ ਆਦੇਸ਼ਾਂ ਦੇ ਬਾਅਦ ਵੀ ਹੁਸ਼ਿਆਰਪੁਰ ਜ਼ਿਲੇ ਦੇ ਸ਼ਹਿਰਾਂ ਤੇ ਕਸਬਿਆਂ 'ਚ ਹੀ ਨਹੀਂ ਬਲਕਿ ਪਿੰਡਾਂ 'ਚ ਵੀ ਧੜੱਲੇ ਨਾਲ ਚੱਲ ਰਹੇ ਓਵਰਲੋਡ ਵਾਹਨਾਂ 'ਤੇ ਰੋਕ ਨਹੀਂ ਲੱਗ ਰਹੀ। ਦਿਨ ਹੋਵੇ ਜਾਂ ਰਾਤ, ਹਾਦਸਿਆਂ ਨੂੰ ਸੱਦਾ ਦਿੰਦੇ ਓਵਰਲੋਡ ਵਾਹਨ ਸੜਕਾਂ 'ਤੇ ਦੌੜ ਰਹੇ ਹਨ। ਟਰਾਂਸਪੋਰਟ ਵਿਭਾਗ ਤੇ ਟ੍ਰੈਫਿਕ ਮਹਿਕਮੇ ਵੱਲੋਂ ਸਮੇਂ-ਸਮੇਂ 'ਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਓਵਰਲੋਡ ਵਾਹਨ ਮੁੱਖ ਸੜਕਾਂ 'ਤੇ ਸਾਮਾਨ ਲੱਦ ਕੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।
ਬਿਨਾਂ ਰੋਕ ਟੋਕ ਚੱਲ ਰਹੇ ਓਵਰਲੋਡ ਵਾਹਨ
ਬਿਨਾਂ ਰੋਕ ਟੋਕ ਸੜਕਾਂ 'ਤੇ ਚੱਲ ਰਹੇ ਓਵਰਲੋਡ ਵਾਹਨ ਜਿਥੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਉਥੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕਾਇਦੇ-ਕਾਨੂੰਨਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਮਨੁੱਖੀ ਜੀਵਨ ਨਾਲ ਖਿਲਵਾੜ ਵੀ ਕਰ ਰਹੇ ਹਨ। ਇਸ ਕਾਰਨ ਅਕਸਰ ਹੀ ਇਹ ਓਵਰਲੋਡ ਵਾਹਨ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਪੁਲਸ ਇਨ੍ਹਾਂ ਓਵਰਲੋਡ ਵਾਹਨਾਂ 'ਤੇ ਰੋਕ ਨਹੀਂ ਲਾ ਰਹੀ ਜਿਸ ਕਾਰਨ ਸ਼ਹਿਰੀ ਖੇਤਰ 'ਚ ਇਹ ਓਵਰਲੋਡ ਵਾਹਨ ਸ਼ਰੇਆਮ ਪੁਲਸ ਦੀਆਂ ਅੱਖਾਂ ਦੇ ਸਾਹਮਣੇ ਤੋਂ ਨਿਕਲ ਰਹੇ ਹਨ। ਕੁਝ ਪੈਸਿਆਂ ਦੀ ਖਾਤਰ ਜ਼ਰੂਰਤ ਤੋਂ ਜ਼ਿਆਦਾ ਸਾਮਾਨ ਵਾਹਨ 'ਤੇ ਲੋਡ ਕਰ ਕੇ ਇਹ ਲੋਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਕਿਉਂਕਿ ਭੀੜ ਵਾਲੇ ਸ਼ਹਿਰੀ ਖੇਤਰ 'ਚੋਂ ਨਿਕਲਣ ਵਾਲੇ ਇਹ ਵਾਹਨ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਪੁਲਸ ਨੂੰ ਇਨ੍ਹਾਂ ਓਵਰਲੋਡ ਵਾਹਨਾਂ ਦੇ ਚਲਾਨ ਕੱਟ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ 'ਚ ਦੁਰਘਟਨਾ ਨਾ ਹੋ ਸਕੇ।
ਦੋਪਹੀਆ ਨਹੀਂ ਓਵਰਲੋਡ ਵਾਹਨਾਂ 'ਤੇ ਸ਼ਿਕੰਜਾ ਕੱਸੇ ਪੁਲਸ
ਇਹ ਵਰਣਨਯੋਗ ਹੈ ਕਿ ਪੁਲਸ ਸਕੂਟਰਾਂ, ਮੋਟਰਸਾਈਕਲਾਂ ਦੇ ਚਲਾਨ ਕੱਟਣ ਤੱਕ ਹੀ ਸੀਮਤ ਨਾ ਹੋ ਕੇ ਰਹੇ। ਆਬਾਦੀ ਵਾਲੇ ਖੇਤਰਾਂ 'ਚ ਓਵਰਲੋਡ ਵਾਹਨਾਂ ਦਾ ਆਉਣਾ-ਜਾਣਾ ਬਿਨਾਂ ਰੋਕ ਟੋਕ ਜਾਰੀ ਹੈ। ਇਸ ਨਾਲ ਆਏ ਦਿਨ ਹੁੰਦੀਆਂ ਦੁਰਘਟਨਾਵਾਂ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਕਈ ਵਾਰ ਪੁਲਸ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਇਨ੍ਹਾਂ ਦੀ ਰੋਕਥਾਮ ਨਹੀਂ ਕੀਤੀ ਜਾ ਰਹੀ।
ਹਰ ਸਮੇਂ ਬਣਿਆ ਰਹਿੰਦਾ ਹੈ ਹਾਦਸਿਆਂ ਦਾ ਖਦਸ਼ਾ
ਸਵੇਰੇ 8 ਤੋਂ ਰਾਤ 8 ਵਜੇ ਤੱਕ ਵਾਹਨਾਂ ਦੀ ਬਾਜ਼ਾਰ 'ਚ ਨੋ ਐਂਟਰੀ ਕਰ ਰੱਖੀ ਹੈ, ਇਸ ਕਾਰਨ ਚਾਲਕ ਆਬਾਦੀ ਖੇਤਰ 'ਚੋਂ ਵਾਹਨ ਲੈ ਕੇ ਲੰਘਦੇ ਹਨ। ਭੰਗੀ ਚੌਕ ਤੋਂ ਚੱਲ ਕੇ ਮਾਈਨਿੰਗ ਵਾਲੇ ਭਾਰੀ ਵਾਹਨ ਤਾਂ ਨਵੀਂ ਆਬਾਦੀ, ਭਗਤ ਨਗਰ, ਟਾਂਡਾ ਰੋਡ, ਰਾਮਗੜ੍ਹੀਆ ਚੌਕ, ਮਹਾਰਾਣਾ ਪ੍ਰਤਾਪ ਚੌਕ 'ਚੋਂ ਓਵਰਲੋਡ ਵਾਹਨ ਲੰਘਦੇ ਦੇਖੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਪਿੰਡ ਦੇ ਲੋਕਾਂ ਨੇ ਕਈ ਵਾਰ ਰਸਤਾ ਜਾਮ ਕਰ ਕੇ ਵਿਰੋਧ ਵੀ ਜਤਾਇਆ ਪਰ ਵਾਹਨਾਂ ਦੀ ਰੋਕਥਾਮ ਨਹੀਂ ਕੀਤੀ ਜਾ ਰਹੀ। ਇਸੇ 'ਚ ਓਵਰਲੋਡ ਵਾਹਨਾਂ ਦੀ ਆਵਾਜਾਈ ਨਾਲ ਹਰ ਸਮੇਂ ਹਾਦਸਿਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਕੇਂਦਰੀ ਜੇਲ 'ਚ ਕੈਦੀਆਂ ਦੇ 2 ਧੜੇ ਭਿੜੇ, ਇਕ ਗੰਭੀਰ ਜ਼ਖ਼ਮੀ
NEXT STORY