ਜਲੰਧਰ : ਪੰਜਾਬ ਸਰਕਾਰ ਵਲੋਂ 'ਆਨੰਦ ਮੈਰਿਜ ਐਕਟ-1909' ਤਹਿਤ 'ਪੰਜਾਬ ਆਨੰਦ ਮੈਰਿਜ' ਦੀ ਰਜਿਸਟਰੇਸ਼ਨ ਲਈ ਦਸੰਬਰ, 2016 'ਚ ਹੀ ਨਿਯਮ ਲਾਗੂ ਕਰ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਰਜਿਸਟਰੇਸ਼ਨ ਲਈ ਅਜੇ ਤੱਕ ਕੋਈ ਵੀ ਅਰਜ਼ੀ ਪ੍ਰਾਪਤ ਨਹੀਂ ਹੋ ਸਕੀ ਹੈ। ਇਸ ਸਬੰਧੀ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਇਸ ਨਵੇਂ ਨਿਯਮ ਬਾਰੇ ਲੋਕਾਂ 'ਚ ਜਾਗਰੂਕਤਾ ਹੀ ਨਹੀਂ ਹੈ ਕਿਉਂਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਇਸ ਨਿਯਮ ਨੂੰ ਸਹੀ ਢੰਗ ਨਾਲ ਲਾਗੂ ਹੀ ਨਹੀਂ ਕੀਤਾ। ਇਸ ਨੋਟੀਫਿਕੇਸ਼ਨ ਨੂੰ ਪਿਛਲੀ 19 ਦਸੰਬਰ ਨੂੰ ਗੈਜਟ 'ਚ ਛਾਪਿਆ ਗਿਆ ਸੀ। ਇਸ ਸਬੰਧੀ ਗੱਲਬਾਤ ਕਰਨ 'ਤੇ ਜਲੰਧਰ-2 ਤਹਿਸੀਲਦਾਰ ਅਤੇ ਮੈਰਿਜ ਰਜਿਸਟਰਾਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਵੀ ਉਨ੍ਹਾਂ ਨੂੰ ਆਨੰਦ ਮੈਰਿਜ ਦੀ ਰਜਿਸਟਰੇਸ਼ਨ ਸਬੰਧੀ ਕੋਈ ਵੀ ਅਰਜ਼ੀ ਨਹੀਂ ਮਿਲੀ ਹੈ, ਹਾਲਾਂਕਿ ਵੱਡੀ ਗਿਣਤੀ 'ਚ ਸਿੱਖ ਵਿਆਹਾਂ ਦੀ ਰਜਿਸਟਰੇਸ਼ਨ ਕਰਾਉਣ ਲਈ ਦਫਤਰ ਆਉਂਦੇ ਹਨ ਪਰ ਉਹ ਪੰਜਾਬ ਮੈਰਿਜ ਐਕਟ ਤਹਿਤ ਹੀ ਆਪਣੀ ਰਜਿਸਟਰੇਸ਼ਨ ਕਰਾਉਂਦੇ ਹਨ। ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਇਹ ਸਪੱਸ਼ਟ ਕੀਤਾ ਕਿ 7 ਮਹੀਨੇ ਪੁਰਾਣੇ ਨਿਯਮਾਂ ਤਹਿਤ ਵੀ ਉਨ੍ਹਾਂ ਨੂੰ ਰਜਿਸਟਰੇਸ਼ਨ ਸਬੰਧੀ ਕੋਈ ਵੀ ਅਰਜ਼ੀ ਪ੍ਰਾਪਤ ਨਹੀਂ ਹੋਈ। ਇਸ ਬਾਰੇ ਪਰਦੇਸਾਂ 'ਚ ਰਹਿੰਦੇ ਸਿੱਖਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੂਜੇ ਦੇਸ਼ਾਂ 'ਚ ਉਸ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਉਹ ਆਪਣੇ ਸਾਰੇ ਦਸਤਾਵੇਜ਼ਾਂ 'ਚ ਖੁਦ ਨੂੰ ਸਿੱਖ ਧਰਮ ਨਾਲ ਜੁੜਿਆ ਦੱਸਦੇ ਹਨ ਪਰ ਉਨ੍ਹਾਂ ਦੇ ਵਿਆਹ ਭਾਰਤ 'ਚ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰਡ ਹੁੰਦੇ ਹਨ।
ਠੱਗੀ ਮਾਰਨ ਵਾਲੀ 1 ਔਰਤ ਸਮੇਤ 2 ਖਿਲਾਫ਼ ਮਾਮਲਾ ਦਰਜ
NEXT STORY