ਗੁਰਦਾਸਪੁਰ (ਹਰਮਨਪ੍ਰੀਤ) : ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਸਮੇਤ ਹੋਰ ਪਾਰਟੀਆਂ ਵੱਲੋਂ ਜਿਥੇ ਪੰਜਾਬ ਦੀਆਂ ਹੋਰ ਲੋਕ ਸਭਾ ਸੀਟਾਂ ਨੂੰ ਜਿੱਤਣ ਲਈ ਡੂੰਘੀ ਰਣਨੀਤੀ ਬਣਾਈ ਜਾ ਰਹੀ ਹੈ, ਉਥੇ ਪੰਜਾਬ ਦੇ ਕਈ ਅਹਿਮ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੀ ਸੀਟ ਨੂੰ ਵੀ ਦੋਵਾਂ ਪ੍ਰਮੁੱਖ ਪਾਰਟੀਆਂ ਵੱਲੋਂ ਵੱਕਾਰ ਦਾ ਸਵਾਲ ਬਣਾਇਆ ਜਾ ਰਿਹਾ ਹੈ। ਇਹ ਹਲਕਾ ਜਿਥੇ ਧਾਰਮਕ ਪੱਖ ਤੋਂ ਵੱਡੀ ਅਹਿਮੀਅਤ ਰੱਖਦਾ ਹੈ, ਉਸਦੇ ਨਾਲ ਹੀ ਸੂਬੇ ਦੀ ਰਾਜਧਾਨੀ ਨਾਲ ਲਗਦੇ ਮੋਹਾਲੀ ਹਲਕੇ ਸਮੇਤ ਹੋਰ ਕਈ ਅਹਿਮ ਹਲਕੇ ਵੀ ਇਸੇ ਲੋਕ ਸਭਾ ਅਧੀਨ ਆਉਂਦੇ ਹਨ। ਜਿਥੋਂ ਇਸ ਵਾਰ ਹੁਣ ਤੱਕ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤੇ ਹਨ, ਜਦੋਂ ਕਿ ਕਾਂਗਰਸ ਪਾਰਟੀ ਵੱਲੋਂ ਹਰ ਹੀਲੇ ਇਸ ਹਲਕੇ ਨੂੰ ਜਿੱਤਣ ਲਈ ਅਜੇ ਵੀ ਕਿਸੇ ਇਕ ਉਮੀਦਵਾਰ ਦੇ ਨਾਂ 'ਤੇ ਮੋਹਰ ਨਹੀਂ ਲਾਈ ਗਈ।
ਹਲਕੇ ਦਾ ਪਿਛੋਕੜ
2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ਅੰਦਰ ਅਕਾਲੀ-ਭਾਜਪਾ ਗਠਜੋੜ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 3,47,394 ਵੋਟਾਂ ਲੈ ਕੇ ਕਾਂਗਰਸ ਦੀ ਅੰਬਿਕਾ ਸੋਨੀ ਨੂੰ ਹਰਾਇਆ ਸੀ। ਜਿਨ੍ਹਾਂ ਨੂੰ ਉਸ ਮੌਕੇ 3,23,697 ਵੋਟਾਂ ਪਈਆਂ ਸਨ। 2014 ਦੌਰਾਨ ਆਮ ਆਦਮੀ ਪਾਰਟੀ ਦੇ ਹਿੰਮਤ ਸਿੰਘ ਸ਼ੇਰਗਿੱਲ 3 ਲੱਖ 6 ਹਜ਼ਾਰ 8 ਵੋਟਾਂ ਲੈ ਕੇ ਤੀਸਰੇ ਸਥਾਨ 'ਤੇ ਰਹੇ ਸਨ, ਜਦੋਂ ਕਿ ਸੀ. ਪੀ. ਐੱਮ ਦੇ ਬਲਬੀਰ ਸਿੰਘ ਜਾਡਲਾ ਨੂੰ 10 ਹਜ਼ਾਰ 483 ਵੋਟਾਂ ਮਿਲੀਆਂ ਸਨ। 2009 ਦੀਆਂ ਲੋਕ ਸਭਾ ਚੋਣਾਂ 'ਚ ਇਸ ਹਲਕੇ ਅੰਦਰ ਕਾਂਗਰਸ ਦੇ ਰਵਨੀਤ ਬਿੱਟੂ 4 ਲੱਖ 4 ਹਜ਼ਾਰ 836 ਵੋਟਾਂ ਲੈ ਕੇ ਜੇਤੂ ਰਹੇ ਸਨ, ਜਦੋਂ ਕਿ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੂੰ 3 ਲੱਖ 37 ਹਜ਼ਾਰ 632 ਵੋਟਾਂ ਪਈਆਂ ਸਨ। ਬਸਪਾ ਦਾ ਵੀ ਇਸ ਹਲਕੇ ਅੰਦਰ ਚੰਗਾ ਆਧਾਰ ਹੈ। ਜਿਸ ਦੇ ਉਮੀਦਵਾਰ ਕੇ. ਐੱਸ. ਮੱਖਣ ਨੂੰ 2014 ਦੌਰਾਨ 69 ਹਜ਼ਾਰ 124 ਵੋਟਾਂ ਮਿਲੀਆਂ ਸਨ, ਜਦਕਿ 2009 ਦੀਆਂ ਚੋਣਾਂ 'ਚ ਬਸਪਾ ਦੇ ਉਮੀਦਵਾਰ ਕੇਵਲ ਕ੍ਰਿਸ਼ਨ ਨੂੰ 1 ਲੱਖ 18 ਹਜ਼ਾਰ 88 ਵੋਟਾਂ ਮਿਲੀਆਂ ਸਨ।
ਕਿਹੜੀ ਪਾਰਟੀ ਨੇ ਕਿਸ ਉਮੀਦਵਾਰ 'ਤੇ ਖੇਡਿਆ ਦਾਅ
ਹੁਣ ਤੱਕ ਇਸ ਹਲਕੇ ਅੰਦਰ ਵੱਖ-ਵੱਖ ਪਾਰਟੀਆਂ ਨੇ ਉਮੀਦਵਾਰ ਐਲਾਨ ਦਿੱਤੇ ਹਨ, ਜਿਨ੍ਹਾਂ 'ਚੋਂ ਸਿਰਫ ਕਾਂਗਰਸ ਵੱਲੋਂ ਅਜੇ ਵੀ ਕਿਸੇ ਦਾ ਨਾਂ ਸਪੱਸ਼ਟ ਨਹੀਂ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕੇ ਅੰਦਰ ਪਿਛਲੀ ਵਾਰ ਜੇਤੂ ਰਹੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹੀ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜਦੋਂ ਕਿ ਅਕਾਲੀ ਦਲ ਟਕਸਾਲੀ ਵੱਲੋਂ ਵੀਰ ਦਵਿੰਦਰ ਸਿੰਘ ਨੂੰ, ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੱਲੋਂ ਵਿਕਰਮ ਸੋਢੀ ਅਤੇ ਸੀ. ਪੀ. ਐੱਮ. ਵੱਲੋਂ ਰਘੂਨਾਥ ਸਿੰਘ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਂ ਨੂੰ ਵਿਚਾਰਿਆ ਗਿਆ ਹੈ।
ਮੁਨੀਸ਼ ਤਿਵਾੜੀ 'ਤੇ ਦਾਅ ਖੇਡ ਸਕਦੀ ਹੈ ਕਾਂਗਰਸ
ਇਸ ਹਲਕੇ ਅੰਦਰ ਕਾਂਗਰਸ ਦੀ ਟਿਕਟ ਲੈਣ ਲਈ ਅਨੇਕਾਂ ਸੀਨੀਅਰ ਆਗੂ ਦੌੜ 'ਚ ਸਨ, ਜਿਨ੍ਹਾਂ 'ਚ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਵੀ ਅਪਲਾਈ ਕੀਤਾ ਸੀ, ਜਦੋਂ ਕਿ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਪ੍ਰੀਤ ਲਾਲੀ, ਰਾਣਾ ਗੁਰਜੀਤ ਸਿੰਘ ਤੇ ਸਤਬੀਰ ਸਿੰਘ ਸਮੇਤ ਕਈ ਆਗੂ ਇਸ ਹਲਕੇ ਦੀ ਟਿਕਟ ਲੈਣ ਦੇ ਚਾਹਵਾਨ ਸਨ ਪਰ ਇਸ ਹਲਕੇ ਦੀ ਸੀਟ ਨੂੰ ਹਰ ਹਾਲਤ ਵਿਚ ਜਿੱਤਣ ਲਈ ਕਾਂਗਰਸ ਕਿਸੇ ਵੀ ਕੀਮਤ 'ਤੇ ਕੋਈ ਸਮਝੌਤਾ ਕਰਨ ਦੇ ਮੂਡ 'ਚ ਨਜ਼ਰ ਨਹੀਂ ਆ ਰਹੀ। ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਵੱਲੋਂ ਇਸ ਹਲਕੇ ਅੰਦਰ ਸਾਬਕਾ ਯੂਨੀਅਨ ਮਨਿਸਟਰ ਤੇ ਸਾਬਕਾ ਸੰਸਦ ਮੈਂਬਰ ਮੁਨੀਸ਼ ਤਿਵਾੜੀ ਦੇ ਨਾਂ ਨੂੰ ਲਗਭਗ ਫਾਇਨਲ ਕੀਤਾ ਜਾ ਚੁੱਕਾ ਹੈ, ਕਿਉਂਕਿ ਕਾਂਗਰਸ ਨੂੰ ਇਸ ਗੱਲ ਦਾ ਭਲੀ-ਭਾਂਤ ਪਤਾ ਹੈ ਕਿ ਬਸਪਾ ਦਾ ਵੱਡਾ ਵੋਟ ਬੈਂਕ ਇਸ ਵਾਰ ਵੀ ਬਸਪਾ ਨਾਲ ਸਬੰਧਤ ਉਮੀਦਵਾਰ ਦੇ ਹੱਕ 'ਚ ਭੁਗਤਣ ਦੀ ਸੰਭਾਵਨਾ ਹੈ। ਜਦੋਂ ਕਿ ਪਿਛਲੀ ਵਾਰ ਜਦੋਂ ਪੂਰੇ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਸੀ ਤਾਂ ਉਸ ਮੌਕੇ ਅਕਾਲੀ ਦਲ ਤੇ ਕਾਂਗਰਸ ਦੀਆਂ ਅਨੇਕਾਂ ਵੋਟਾਂ ਆਮ ਆਦਮੀ ਪਾਰਟੀ ਦੇ ਹਿੰਮਤ ਸਿੰਘ ਸ਼ੇਰਗਿੱਲ ਨੂੰ ਪੈ ਗਈਆਂ ਸਨ ਪਰ ਇਸ ਵਾਰ ਆਪ ਦਾ ਪੁਰਾਣਾ ਦਬਦਬਾ ਕਾਇਮ ਨਾ ਰਹਿਣ ਕਾਰਨ ਅਕਾਲੀ ਦਲ ਦਾ ਪੁਰਾਣਾ ਵੋਟ ਬੈਂਕ ਮੁੜ ਅਕਾਲੀ ਦਲ ਦੇ ਹੱਕ 'ਚ ਹੀ ਭੁਗਤਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਇਸ ਸੀਟ ਨੂੰ ਜਿੱਤਣ ਲਈ ਪਾਰਟੀ ਵੱਲੋਂ ਕਿਸੇ ਵੱਡੇ ਚਿਹਰੇ ਨੂੰ ਚੋਣ ਮੈਦਾਨ 'ਚ ਉਤਾਰ ਕੇ ਹਰ ਹੀਲੇ ਇਸ ਸੀਟ ਨੂੰ ਜਿੱਤਣ ਦੀ ਰਣਨੀਤੀ ਬਣਾਈ ਜਾ ਰਹੀ ਹੈ।
ਕੀ ਕਹਿਣੈ ਅਕਾਲੀ ਦਲ ਦਾ
ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਹਲਕਾ ਅਕਾਲੀ ਦਲ ਲਈ ਖਾਸ ਰਿਹਾ ਹੈ, ਕਿਉਂਕਿ ਇਥੇ ਜਿਥੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ ਉਸ ਦੇ ਨਾਲ ਹੀ ਇੱਥੇ ਸਾਡੇ ਗੁਰੂ ਸਾਹਿਬਾਨ ਦੇ ਧਾਰਮਕ ਅਸਥਾਨ ਵੀ ਸੁਸ਼ੋਭਿਤ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਰ ਹਾਲਤ 'ਚ ਇਸ ਹਲਕੇ 'ਚ ਜਿੱਤ ਪ੍ਰਾਪਤ ਕਰੇਗਾ, ਕਿਉਂਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਵੱਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਅਜੇ ਵੀ ਨਹੀਂ ਭੁੱਲੇ।
ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ 'ਡਾ. ਰਵਜੋਤ' ਦੀ ਸੌਖੀ ਨਹੀਂ ਰਾਹ
NEXT STORY