ਜਲੰਧਰ (ਜ. ਬ.)- ਹਾਸਿਆਂ ਦੇ ਬਾਦਸ਼ਾਹ ਤੋਂ ਸਿਆਸਤਦਾਨ ਬਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਰਾਜਨੀਤੀ ’ਚ ਛਾਏ ਪਏ ਹਨ। ਭਗਵੰਤ ਮਾਨ ਨੇ ਜਿਵੇਂ ਕਾਮੇਡੀ ’ਚ ਲੋਕਾਂ ਨੂੰ ਬੰਨ੍ਹ ਕੇ ਰੱਖਿਆ, ਉਸੇ ਤਰ੍ਹਾਂ ਹੀ ਉਹ ਸਿਆਸਤ ’ਚ ਆਪਣੇ ਵਿਰੋਧੀਆਂ ਦੇ ਪੈਰ ਉਖਾੜ ਰਹੇ ਹਨ। ਮੁੱਖ ਮੰਤਰੀ ਵੱਲੋਂ ਲੱਗਭਗ ਢਾਈ ਸਾਲ ਦੇ ਕਾਰਜਕਾਲ ’ਚ ਉਨ੍ਹਾਂ ਮਾਲਵਾ, ਮਾਝਾ ਤੇ ਦੁਆਬਾ ਦੀ ਰਾਜਨੀਤੀ ’ਤੇ ਚੰਗੀ ਪਕੜ ਬਣਾ ਲਈ ਹੈ।
ਇਹ ਖ਼ਬਰ ਵੀ ਪੜ੍ਹੋ - ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ! ਧੜ ਤੋਂ ਲੱਥ ਕੇ ਟਰਾਲੇ 'ਚ ਜਾ ਡਿੱਗੀ ਡਰਾਈਵਰ ਦੀ ਧੋਣ
ਭਾਵੇਂ ਮੁੱਖ ਮੰਤਰੀ ਨੂੰ ਆਪਣੇ ਅੰਦਾਜ਼ੇ ਮੁਤਾਬਕ ਲੋਕ ਸਭਾ ਚੋਣਾਂ ’ਚ ਸੀਟਾਂ ਕਾਫੀ ਘੱਟ ਮਿਲੀਆਂ ਪਰ ਫਿਰ ਵੀ ਉਨ੍ਹਾਂ ਹੌਸਲਾ ਨਹੀਂ ਛੱਡਿਆ ਅਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਪਾਰਟੀ ਅਤੇ ਸਰਕਾਰ ਪੱਧਰ ’ਤੇ ਚੰਗੀ ਤਰ੍ਹਾਂ ਘੋਖਿਆ। ਲੋਕ ਸਭਾ ਚੋਣਾਂ ਦੇ ਨਤੀਜਿਆਂ ਪਿੱਛੋਂ ਭਾਵੇਂ ਆਮ ਆਦਮੀ ਪਾਰਟੀ ਅਜੇ ਪੂਰੀ ਤਰ੍ਹਾਂ ਸੰਭਲੀ ਨਹੀਂ ਸੀ ਪਰ ਦੁਆਬੇ ਦੇ ਜਲੰਧਰ ਸ਼ਹਿਰ ’ਚ ਹੋਈ ਉਪ ਚੋਣ ਨੇ ਇਕ ਵਾਰ ਫਿਰ ਸਾਰੀਆਂ ਸਿਆਸੀ ਧਿਰਾਂ ਨੂੰ ਚੋਣ ਅਖਾੜੇ ’ਚ ਲਿਆ ਕੇ ਖੜ੍ਹਾ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਵਿਧਾਨ ਹਲਕੇ ਦੀ ਉਪ ਚੋਣ ਜਿਸ ਤਰੀਕੇ ਨਾਲ ਲੜੀ, ਉਸ ’ਚ ਉਹ ਇਕ ਹੰਢੇ ਹੋਏ ਸਿਆਸਤਦਾਨ ਵਜੋਂ ਉੱਭਰੇ।
ਮੁੱਖ ਮੰਤਰੀ ਨੇ ਭਾਜਪਾ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਮਹਿੰਦਰ ਭਗਤ ਨੂੰ ਟਿਕਟ ਦੇ ਕੇ ਉਨ੍ਹਾਂ ’ਤੇ ਦਾਅ ਖੇਡਿਆ। ਜਲੰਧਰ ਸ਼ਹਿਰ ਦੀ ਇਹ ਉਪ ਚੋਣ ਜਿੱਤਣ ਲਈ ਨਵੀਂ ਰਣਨੀਤੀ ਤਹਿਤ ਪਹਿਲਾਂ ਮੁੱਖ ਮੰਤਰੀ ਨੇ ਸ਼ਹਿਰ ’ਚ ਆਪਣਾ ਰੈਣ-ਬਸੇਰਾ ਕਰ ਕੇ ਪੱਕਾ ਅੱਡਾ ਲਾਇਆ ਅਤੇ ਫਿਰ ਲਗਾਤਾਰ ਪਾਰਟੀ ਦੀ ਚੋਣ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾਇਆ। ਉਨ੍ਹਾਂ ਦੀ ਰਣਨੀਤੀ ਅੱਗੇ ਕਿਸੇ ਵੀ ਪਾਰਟੀ ਦਾ ਕੋਈ ਉਮੀਦਵਾਰ ਟਿਕ ਹੀ ਨਹੀਂ ਸਕਿਆ।
ਮੁੱਖ ਮੰਤਰੀ ਨੇ ਸਾਰੇ ਪਾਰਟੀ ਲੀਡਰਾਂ, ਮੰਤਰੀਆਂ ਅਤੇ ਵਿਧਾਇਕਾਂ ਦੀਆਂ ਪੂਰੇ ਹਲਕੇ ’ਚ ਡਿਊਟੀਆਂ ਲਾ ਕੇ ਸਭ ਨੂੰ ਕਾਰਜ ਫਤਹਿ ਦਾ ਮੰਤਰ ਦਿੱਤਾ। ਮੁੱਖ ਮੰਤਰੀ ਨੇ ਇਹ ਉਪ ਚੋਣ ਲੱਗਭਗ 55 ਹਜ਼ਾਰ ਦੇ ਫਰਕ ਨਾਲ ਜਿੱਤ ਕੇ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਹੋਈ ਹਾਰ ਦਾ ਬਦਲਾ ਲਿਆ। ਇਸ ਉਪ ਚੋਣ ਦੇ ਨਤੀਜੇ ਮਗਰੋਂ ਮੁੱਖ ਮੰਤਰੀ ਨੇ ਆਉਣ ਵਾਲੀਆਂ ਚੋਣਾਂ ਲਈ ਦੁਆਬੇ ’ਤੇ ਆਪਣਾ ਧਿਆਨ ਕੇਂਦਰਿਤ ਕਰ ਦਿੱਤਾ ਹੈ। ਦੁਆਬੇ ’ਚ ਦਲਿਤ ਆਬਾਦੀ ਵੱਧ ਹੋਣ ਕਰ ਕੇ ਮੁੱਖ ਮੰਤਰੀ ਨੇ ਦਲਿਤ ਭਾਈਚਾਰੇ ਨੂੰ ਪਾਰਟੀ ਨਾਲ ਜੋੜਨ ਦਾ ਕੰਮ ਪਹਿਲ ਦੇ ਆਧਾਰ ’ਤੇ ਸ਼ੁਰੂ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਵਾਪਰਿਆ ਰੇਲ ਹਾਦਸਾ, ਪੱਥਰ ਨਾਲ ਟਕਰਾ ਕੇ ਲੀਹੋਂ ਲੱਥੀ ਰੇਲਗੱਡੀ
ਉਨ੍ਹਾਂ ਪਹਿਲਾਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੂੰ ‘ਆਪ’ ’ਚ ਸ਼ਾਮਲ ਕਰਵਾਇਆ ਅਤੇ ਫਿਰ ਉਨ੍ਹਾਂ ਨੂੰ ਦੁਆਬੇ ਦੀ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਜਿੱਤ ਦਿਵਾ ਕੇ ਦੁਆਬੇ ’ਚ ਆਪਣੀ ਪਕੜ ਮਜ਼ਬੂਤ ਕੀਤੀ। ਭਗਵੰਤ ਮਾਨ ਨੇ ਦੁਆਬੇ ਦੀਆਂ 23 ਵਿਧਾਨ ਸਭਾ ਸੀਟਾਂ ਲਈ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੁੱਖ ਮੰਤਰੀ ਨੇ ਜਲੰਧਰ ’ਚ ਆਪਣੀ ਪੱਕੀ ਰਿਹਾਇਸ਼ ਬਣਾ ਲਈ ਹੈ ਤਾਂ ਜੋ ਉਹ ਹਫਤੇ ’ਚ ਇਕ ਜਾਂ ਦੋ ਦਿਨ ਸਮੁੱਚੇ ਦੁਆਬੇ ਲਈ ਕੱਢ ਸਕਣ, ਲੋਕਾਂ ਦੇ ਕੰਮ ਇਨ੍ਹਾਂ ਦੋ ਦਿਨਾਂ ’ਚ ਨਿਪਟਾ ਦੇਣ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਚੱਕਰਾਂ ਦੇ ‘ਚੱਕਰਵਿਊ’ ’ਚੋਂ ਕੱਢ ਦੇਣ।
ਮੁੱਖ ਮੰਤਰੀ ਦੀ ਪਹਿਲਾਂ ਹੀ ਇਹ ਸੋਚ ਸੀ ਕਿ ਉਹ ਦੁਆਬੇ ’ਚ ਪਾਰਟੀ ਨੂੰ ਮਜ਼ਬੂਤ ਕਰਨਗੇ। ਇਸੇ ਲੜੀ ਤਹਿਤ ਹੀ ਉਨ੍ਹਾਂ ਅਕਾਲੀ ਦਲ ਦੇ ਆਗੂ ਤੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ‘ਆਪ’ ’ਚ ਸ਼ਾਮਲ ਕੀਤਾ ਤੇ ਫਿਰ ਉਨ੍ਹਾਂ ਨੂੰ ਜਲੰਧਰ ਹਲਕੇ ਦੀ ਸੰਸਦੀ ਚੋਣ ਲੜਾਈ। ਇਕੱਲਾ ਟੀਨੂੰ ਹੀ ਨਹੀਂ, ਹੋਰ ਵੀ ਬਹੁਤ ਸਾਰੇ ਅਕਾਲੀ ਲੀਡਰਾਂ ਤੇ ਦੂਜੀਆਂ ਪਾਰਟੀਆਂ ਦੇ ਚੰਗੇ ਵਰਕਰਾਂ ਨੂੰ ‘ਆਪ’ ’ਚ ਲਿਆ ਕੇ ਪਾਰਟੀ ਦਾ ਘੇਰਾ ਹੋਰ ਮਜ਼ਬੂਤ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਦੁਆਬੇ ਦੀ ਰਾਜਨੀਤੀ ’ਚ ਇਕ ਵੱਡਾ ਧਮਾਕਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕਰ ਕੇ ਸਾਰੀਆਂ ਸਿਆਸੀ ਧਿਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਤਾਂ ਦੁਆਬੇ ’ਚ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਅਕਾਲੀ ਆਗੂ ‘ਆਪ’ ਵਿਚ ਸ਼ਾਮਲ ਹੋ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਦੁਆਬੇ ’ਚ ਪਕੜ ਦਿਨੋ-ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਮੁੱਖ ਮੰਤਰੀ ਦੀ ਰਾਡਾਰ ’ਤੇ ਦੁਆਬੇ ਦਾ ਇਕ ਹੋਰ ਵਿਧਾਇਕ ਵੀ ਹੈ, ਜਿਹੜਾ ਕਿਸੇ ਵੇਲੇ ਵੀ ‘ਆਪ’ ’ਚ ਸ਼ਾਮਲ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਹਾਦਸਾ ਨਹੀਂ ਸਾਜ਼ਿਸ਼! ਰੇਲਗੱਡੀ ਲੀਹੋਂ ਲੱਥਣ 'ਤੇ ਰੇਲ ਮੰਤਰੀ ਦਾ ਵੱਡਾ ਬਿਆਨ
ਚੌਧਰੀ ਸੰਤੋਖ ਸਿੰਘ ਦੇ ਦਿਹਾਂਤ ਮਗਰੋਂ ਜਲੰਧਰ ਲੋਕ ਸਭਾ ਹਲਕੇ ਦੀ ਖਾਲੀ ਹੋਈ ਸੀਟ ’ਤੇ ਮੁੱਖ ਮੰਤਰੀ ਨੇ ਸਮਾਂ ਰਹਿੰਦੇ ਹੀ ਆਪਣੇ ਘੋੜੇ ਦੌੜਾ ਦਿੱਤੇ ਅਤੇ ਉਨ੍ਹਾਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜਾਈ ਅਤੇ ਇਹ ਸੀਟ ਵੱਡੇ ਫਰਕ ਨਾਲ ਜਿੱਤ ਕੇ ਸੰਗਰੂਰ ਲੋਕ ਸਭਾ ਹਲਕੇ ਦੀ ਉਪ ਚੋਣ ਸਮੇਂ ਪਾਰਟੀ ਦੀ ਹੋਈ ਹਾਰ ਦਾ ਬਦਲਾ ਲਿਆ ਅਤੇ ‘ਆਪ’ ਦਾ ਝੰਡਾ ਬੁਲੰਦ ਕੀਤਾ। ਹਾਲ ਹੀ ’ਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਸਮੇਂ ਸੁਸ਼ੀਲ ਰਿੰਕੂ ‘ਆਪ’ ਦੀ ਟਿਕਟ ਛੱਡ ਕੇ ‘ਕਮਲ’ ਦੇ ਫੁੱਲ ’ਤੇ ਚੋਣ ਅਖਾੜੇ ’ਚ ਭਾਜਪਾ ਦੇ ਉਮੀਦਵਾਰ ਵਜੋਂ ਉੱਤਰੇ ਅਤੇ ਹਾਰ ਗਏ।
ਮੁੱਖ ਮੰਤਰੀ ਨੇ ਉਦੋਂ ਤੋਂ ਆਪਣਾ ਧਿਆਨ ਦੁਆਬੇ ਦੀ ਰਾਜਨੀਤੀ ’ਤੇ ਕੇਂਦਰਿਤ ਕਰ ਲਿਆ ਸੀ ਅਤੇ ਉਨ੍ਹਾਂ ਦੁਆਬੇ ਦੇ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਇਨ੍ਹਾਂ ਗੇੜਿਆਂ ਸਦਕਾ ਹੀ ਮੁੱਖ ਮੰਤਰੀ ਨੇ ਆਪਣੇ ਪੈਰ ਦੁਆਬੇ ’ਚ ਜਮਾ ਲਏ, ਜਿਸ ਦੇ ਪ੍ਰਤੱਖ ਸਬੂਤ ਸਾਹਮਣੇ ਆਉਣ ਲੱਗ ਪਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਰੀਜ਼ਾਂ ਲਈ ਖ਼ਾਸ ਖ਼ਬਰ, ਅੱਜ ਪੂਰੀ ਤਰ੍ਹਾਂ ਬੰਦ ਰਹਿਣਗੀਆਂ OPD, ਸਿਰਫ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ
NEXT STORY