ਲੁਧਿਆਣਾ(ਰਿਸ਼ੀ)-ਵਿਆਜ 'ਤੇ ਲਏ 40 ਹਜ਼ਾਰ ਰੁਪਏ ਵਾਪਸ ਨਾ ਕਰਨ 'ਤੇ ਫਾਇਨਾਂਸਰ ਸੁਨੀਲ ਗੁਪਤਾ ਨੇ ਚੈੱਕ ਬਾਊਂਸ ਹੋਣ 'ਤੇ ਕੋਰਟ 'ਚ ਕੇਸ ਲਾ ਦਿੱਤਾ ਸੀ। ਸਜ਼ਾ ਤੋਂ ਬਚਣ ਲਈ ਸੋਨੂੰ ਅਲੀ ਘੁੰਮਾਰ ਮੰਡੀ ਬੁਟੀਕ 'ਤੇ ਕੰਮ ਕਰਨ ਵਾਲੇ ਲੜਕੇ ਨੇ ਆਪਣੇ ਡੀ. ਐੱਮ. ਸੀ. 'ਚ ਵਾਰਡ ਬੁਆਏ ਦੀ ਨੌਕਰੀ ਕਰਨ ਵਾਲੇ ਤਿੰਨ ਦੋਸਤਾਂ ਨੂੰ ਜਲਦ ਅਮੀਰ ਬਣਨ ਦਾ ਸੁਪਨਾ ਦਿਖਾਇਆ ਅਤੇ ਫਾਇਨਾਂਸਰ ਦੇ ਘਰ ਲੁੱਟ ਦੀ ਵਾਰਦਾਤ ਕਰਨ ਲਈ ਭੇਜ ਦਿੱਤਾ। ਫਾਇਨਾਂਸਰ ਵਲੋਂ ਸੇਫ ਦਾ ਪਾਸਵਰਡ ਨਾ ਦੱਸਣ 'ਤੇ ਗੁੱਸੇ 'ਚ ਆਏ ਨੌਜਵਾਨਾਂ ਨੇ ਪਤੀ-ਪਤਨੀ 'ਤੇ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਭਜਦੇ ਸਮੇਂ ਹਮਲਾਵਰ ਸੰਦੀਪ ਸਿੰਘ ਡਿਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪੁਲਸ ਨੇ ਮੌਕੇ 'ਤੇ ਹੀ ਲੋਕਾਂ ਦੀ ਸਹਾਇਤਾ ਨਾਲ ਗ੍ਰਿਫਤਾਰ ਕਰ ਲਿਆ ਸੀ। ਜਦਕਿ ਅਮਨ ਮਸੀਹ ਨੂੰ ਡੀ. ਐੱਮ. ਸੀ., ਸੋਨੂੰ ਅਲੀ ਨੂੰ ਸਰਾਭਾ ਨਗਰ ਅਤੇ ਸ਼ਨੀਵਾਰ ਸਵੇਰੇ ਰਾਜੂ ਤਿਵਾੜੀ ਨੂੰ ਸਿਵਲ ਸਿਟੀ ਤੋਂ ਗ੍ਰਿਫਤਾਰ ਕਰ ਲਿਆ। ਇਸ ਗੱਲ ਦਾ ਖੁਲਾਸਾ ਸੀ. ਪੀ. ਆਰ. ਐੱਨ. ਢੋਕੇ ਨੇ ਸ਼ਨੀਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਕੀਤਾ ਅਤੇ ਮਿਹਨਤ ਕਰ ਕੇ 24 ਘੰਟਿਆਂ 'ਚ ਹੀ ਹੱਤਿਆਰਿਆਂ ਨੂੰ ਫੜ ਕੇ ਮਾਮਲਾ ਦਰਜ ਕਰਨ 'ਤੇ ਡੀ. ਸੀ. ਪੀ ਧੁਮਣ ਨਿੰਬਲੇ, ਡੀ. ਸੀ. ਪੀ. ਗਗਨ ਅਜੀਤ ਸਿੰਘ ਅਤੇ ਹੋਰ ਟੀਮ ਨੂੰ ਵਧਾਈ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਖੇਡ ਦਾ ਮਾਸਟਰ ਮਾਈਂਡ ਸੋਨੂੰ ਅਲੀ ਹੈ, ਜੋ ਰਾਜੂ ਤਿਵਾੜੀ ਦਾ ਬਚਪਨ ਦਾ ਦੋਸਤ ਹੈ। ਸਾਰੇ ਜਲਦ ਅਮੀਰ ਬਣਨਾ ਚਾਹੁੰਦੇ ਸਨ ਅਤੇ ਫਾਇਨਾਂਸਰ ਨੂੰ ਆਪਣਾ ਸਾਫਟ ਟਾਰਗੇਟ ਸਮਝਿਆ। ਰਾਜੂ ਤਿਵਾੜੀ ਕੋਲ ਨਾਜਾਇਜ਼ ਪਿਸਤੌਲ ਹੋਣ 'ਤੇ ਇਨ੍ਹਾਂ ਨੇ ਜਲਦ ਤੋਂ ਜਲਦ ਵਾਰਦਾਤ ਕਰਨ ਦਾ ਪਲਾਨ ਬਣਾਇਆ। ਨਾਈਟ ਡਿਊਟੀ ਖਤਮ ਕਰਨ ਤੋਂ ਬਾਅਦ ਸਵੇਰੇ 11 ਵਜੇ ਰਾਜੂ ਤਿਵਾੜੀ, ਅਮਨ ਮਸੀਹ ਨੂੰ ਆਪਣੇ ਘਰ ਲੈ ਆਇਆ। ਉਥੇ ਉਸ ਨੂੰ ਪਿਸਤੌਲ ਦਿਖਾਇਆ ਅਤੇ ਸੰਦੀਪ ਨੂੰ ਫੋਨ ਕਰ ਕੇ ਦੁੱਗਰੀ ਇਲਾਕੇ 'ਚ ਬੁਲਾ ਲਿਆ। ਰਾਜੂ ਤਿਵਾੜੀ ਅਤੇ ਸੰਦੀਪ ਸਿੰਘ ਇਕ ਮੋਟਰਸਾਈਕਲ 'ਤੇ ਘਰ ਵੱਲ ਚਲੇ ਗਏੇ। ਜਦਕਿ ਅਮਨ ਮਸੀਹ ਕੁਝ ਦੂਰੀ 'ਤੇ ਸਕੂਟਰੀ ਲੈ ਕੇ ਖੜ੍ਹਾ ਰਿਹਾ। ਰੌਲਾ ਪਾਉਣ 'ਤੇ ਰਾਜੂ ਤਿਵਾੜੀ ਉਸੇ ਸਕੂਟਰੀ 'ਤੇ ਬੈਠ ਕੇ ਫਰਾਰ ਹੋ ਗਿਆ ਸੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਬਰਾਮਦ ਨਾਜਾਇਜ਼ ਪਿਸਤੌਲ ਕੁਝ ਸਮਾਂ ਪਹਿਲਾਂ ਹੀ 40 ਹਜ਼ਾਰ ਰੁਪਏ 'ਚ ਖਰੀਦਿਆ ਸੀ। ਪੁਲਸ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲੈ ਕੇ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ।
ਸੇਫ ਦਾ ਪਾਸਵਰਡ ਦੱਸਣ 'ਤੇ ਨਹੀਂ ਮਾਰਨੀ ਸੀ ਗੋਲੀ
ਸੀ. ਪੀ. ਅਨੁਸਾਰ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਸੀ ਕਿ ਸੇਫ 'ਚ ਲੱਖਾਂ ਦੀ ਨਕਦੀ ਪਈ ਹੈ। ਇਸ ਲਈ ਉਨ੍ਹਾਂ ਨੇ ਸੇਫ ਦਾ ਪਾਸਵਰਡ ਮੰਗਿਆ ਸੀ ਪਰ ਨਾ ਦੇਣ 'ਤੇ ਉਨ੍ਹਾਂ ਨੇ ਗੁੱਸੇ 'ਚ ਆ ਕੇ ਪਤੀ-ਪਤਨੀ ਨੂੰ ਮਾਰ ਦਿੱਤਾ। ਬਾਅਦ 'ਚ ਸੇਫ ਚੁੱਕ ਕੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਸੇਫ ਚੁੱਕ ਨਹੀਂ ਸਕੇ।
ਬੁਟੀਕ 'ਤੇ ਆਉਂਦੀ ਸੀ ਫਾਇਨਾਂਸਰ ਦੀ ਪਤਨੀ
ਇਸ ਖੇਡ ਦਾ ਮਾਸਟਰ ਮਾਈਂਡ ਸੋਨੂੰ ਅਲੀ ਘੁੰਮਾਰ ਮੰਡੀ 'ਚ ਜਿਸ ਬੁਟੀਕ 'ਤੇ ਨੌਕਰੀ ਕਰਦਾ ਸੀ। ਉਥੇ ਫਾਇਨਾਂਸਰ ਦੀ ਪਤਨੀ ਨੀਲਮ ਕੱਪੜੇ ਸਿਵਾਉਣ ਆਉਂਦੀ ਸੀ। ਉਥੇ ਇਨ੍ਹਾਂ ਦੀ ਆਪਸ ਵਿਚ ਜਾਣ-ਪਛਾਣ ਹੋਈ ਸੀ ਤੇ ਉਹ ਕਾਫੀ ਸਾਲਾਂ ਤੋਂ ਵਿਆਜ 'ਤੇ ਪੈਸੇ ਲੈ ਰਿਹਾ ਸੀ ਪਰ ਇਸ ਵਾਰ ਉਸ ਦੀ ਨੀਅਤ ਖਰਾਬ ਹੋ ਗਈ ਸੀ। ਘਰ 'ਚ ਆਉਣ-ਜਾਣ ਦੌਰਾਨ ਉਸ ਨੂੰ ਪਤਾ ਸੀ ਕਿ ਦਿਨ ਵੇਲੇ ਬੇਟਾ ਘਰ 'ਚ ਨਹੀਂ ਹੁੰਦਾ। ਇਸ ਲਈ ਉਸ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
50 ਮਿੰਟ ਬਾਅਦ ਵਾਪਸ ਆਇਆ ਤਾਂ ਸਭ ਕੁਝ ਸੀ ਖਤਮ
ਘਰ ਵਾਪਸ ਆ ਕੇ ਖਾਣਾ ਖਾਣ ਨੂੰ ਕਹਿ ਕੇ ਗਏ ਰਾਹੁਲ ਨੂੰ ਇਹ ਨਹੀਂ ਪਤਾ ਸੀ ਕਿ 50 ਮਿੰਟ ਬਾਅਦ ਜਦ ਵਾਪਸ ਆਵੇਗਾ ਤਾਂ ਸਭ ਕੁਝ ਖਤਮ ਹੋ ਜਾਵੇਗਾ। ਰਾਹੁਲ 1.50 'ਤੇ ਮਾਡਲ ਟਾਊਨ 'ਚ ਕਿਸੇ ਕੰਮ ਦੇ ਦੌਰਾਨ ਗਿਆ ਸੀ। ਜਾਣ ਤੋਂ ਪਹਿਲਾਂ ਮਾਂ ਨੇ ਦੁਪਹਿਰ ਦਾ ਖਾਣਾ ਖਾਣ ਨੂੰ ਕਿਹਾ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ। 2.40 'ਤੇ ਘਰ ਵਾਪਸ ਆ ਕੇ ਕਾਰ ਪਾਰਕ ਕੀਤੀ ਤਾਂ ਮਾਂ-ਬਾਪ ਲਹੂ-ਲੁਹਾਨ ਪਏ ਸਨ।
ਰਾਹੁਲ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪਿਤਾ ਸੁਨੀਲ ਗੁਪਤਾ ਨੂੰ ਲਕਵਾ ਹੋਇਆ ਸੀ, ਜਿਸ ਕਾਰਨ ਉਹ ਕਮਰੇ 'ਚ ਰਹਿੰਦੇ ਸਨ। ਜਦ ਉਨ੍ਹਾਂ ਦਾ ਦਿਲ ਕਰਦਾ ਤਾਂ ਉਹ ਬਾਹਰ ਆਫਿਸ 'ਚ ਆ ਕੇ ਬੈਠ ਜਾਂਦੇ, ਉਹ ਰਾਮ ਸ਼ਰਨ ਦੇ ਭਗਤ ਸਨ ਅਤੇ ਕਾਪੀ ਚੱਕ ਕੇ ਰਾਮ ਰਾਮ ਲਿਖਣ ਲੱਗ ਜਾਂਦੇ ਸਨ। ਜਦ ਵਾਪਸ ਆਇਆ ਤਾਂ ਕਮਰੇ ਦਾ ਪੱਖਾ ਚਲ ਰਿਹਾ ਸੀ, ਸ਼ੀਸ਼ੇ ਤੋਂ ਅੰਦਰ ਦੇਖਿਆ ਤਾਂ ਪਿਤਾ ਡਿਗੇ ਪਏ ਸਨ। ਲੱਗਿਆ ਸ਼ਾਇਦ ਫਿਰ ਤੋਂ ਅਟੈਕ ਆ ਗਿਆ। ਭੱਜ ਕੇ ਘਰ ਦੇ ਅੰਦਰ ਗਿਆ ਤਾਂ ਦੇਖਿਆ ਇਕ ਨੌਜਵਾਨ ਘਰ 'ਚੋਂ ਭੱਜ ਕੇ ਬਾਹਰ ਆ ਰਿਹਾ ਸੀ ਅਤੇ ਹੱਥ 'ਚ ਰਿਵਾਲਵਰ ਅਤੇ ਮੂੰਹ 'ਤੇ ਰੁਮਾਲ ਬੰਨ੍ਹਿਆ ਹੋਇਆ ਸੀ। ਇਸ ਤੋਂ ਪਹਿਲਾਂ ਕੁਝ ਕਰਦਾ ਰਿਵਾਲਵਰ ਤਾਣ ਕੇ ਸੜਕ ਵੱਲ ਭੱਜ ਗਿਆ। ਰੌਲਾ ਪਾਉਣ 'ਤੇ ਗੁਆਂਢੀ ਆਂਟੀ ਬਾਹਰ ਆਈ ਤੇ ਲੇਬਰ ਨੂੰ ਭੇਜਿਆ, ਘਰ ਦੇ ਅੰਦਰ ਦਾਖਲ ਹੋਏ ਤਾਂ ਮਾਂ ਵੀ ਲਹੂ-ਲੁਹਾਨ ਪਈ ਸੀ। ਉਹ ਭੱਜ ਕੇ ਹਮਲਾਵਰ ਦੇ ਪਿੱਛੇ ਛੱਤ 'ਤੇ ਗਿਆ ਤਾਂ ਉਸ ਨੇ ਛਾਲ ਮਾਰ ਦਿੱਤੀ। ਹੇਠਾਂ ਆਇਆ ਤਾਂ ਇਕੱਠੇ ਹੋਏ ਲੋਕਾਂ ਨੇ ਮਾਂ ਨੂੰ ਹਸਪਤਾਲ ਲੈ ਜਾਣ ਦੀ ਗੱਲ ਕਹੀ। ਰਸਤੇ ਵਿਚ ਮਾਂ ਦੇ ਸਾਹ ਚੱਲ ਰਹੇ ਸਨ। ਜਦਕਿ ਪਿਤਾ ਦੀ ਮੌਕੇ 'ਤੇ ਮੌਤ ਹੋ ਗਈ ਸੀ।
ਦੋਵੇਂ ਬਾਹਾਂ ਫੜ ਕੇ ਜੇਬ 'ਚੋਂ ਕੱਢੀ ਨਕਦੀ ਫਿਰ ਮਾਰੀ ਗੋਲੀ
ਸੀ. ਪੀ. ਅਨੁਸਾਰ ਘਰ 'ਚ ਦਾਖਲ ਹੋ ਕੇ ਸੰਦੀਪ ਸਿੰਘ ਨੇ ਸੁਨੀਲ ਗੁਪਤਾ ਦੀਆਂ ਦੋਵੇਂ ਬਾਹਾਂ ਫੜ ਲਈਆਂ ਅਤੇ ਜੇਬ 'ਚ ਪਈ 7300 ਰੁਪਏ ਦੀ ਨਕਦੀ ਕੱਢ ਲਈ, ਸੇਫ ਦਾ ਪਾਸਵਰਡ ਨਾ ਦੇਣ 'ਤੇ ਰਾਜੂ ਤਿਵਾੜੀ ਨੇ ਸਿਰ ਅਤੇ ਗਰਦਨ 'ਚ ਦੋ ਗੋਲੀਆਂ ਮਾਰੀਆਂ। ਰੌਲਾ ਪਾਉਣ 'ਤੇ ਉਸਦੀ ਪਤਨੀ ਭੱਜ ਕੇ ਆਈ ਤਾਂ ਸੰਦੀਪ ਨੇ ਗਲੇ 'ਚ ਪਾਈ ਚੇਨ ਉਤਾਰ ਲਈ ਅਤੇ ਜ਼ਬਰਦਸਤੀ ਬਾਥਰੂਮ 'ਚ ਲੈ ਗਿਆ ਜਿਥੇ ਹੱਥੋਪਾਈ ਕਰਨ ਲੱਗੇ। ਤਦ ਉਥੇ ਪਹੁੰਚੇ ਰਾਜੂ ਤਿਵਾੜੀ ਨੇ ਉਸਨੂੰ ਵੀ ਦੋ ਗੋਲੀਆਂ ਮਾਰ ਦਿੱਤੀਆਂ।
ਵਾਰਦਾਤ ਤੋਂ ਬਾਅਦ ਫੋਨ ਕਰ ਕੇ ਅਲੀ ਨੂੰ ਬੁਲਾਇਆ
ਜੋੜੇ ਦੀ ਹੱਤਿਆ ਕਰਨ ਤੋਂ ਬਾਅਦ ਫਰਾਰ ਹੋਏ ਦੋਵੇਂ ਦੋਸ਼ੀਆਂ ਨੇ ਤੁਰੰਤ ਫੋਨ ਕਰ ਕੇ ਅਲੀ ਨੂੰ ਆਪਣੇ ਕੋਲ ਬੁਲਾਇਆ ਅਤੇ ਸਾਰੀ ਗੱਲ ਦੱਸੀ। ਸਾਰਿਆਂ ਨੇ ਰਾਤ ਨੂੰ ਸ਼ਹਿਰ ਛੱਡ ਕੇ ਯੂ. ਪੀ. ਜਾਣ ਦਾ ਪਲਾਨ ਬਣਾ ਲਿਆ ਅਤੇ ਉਹ ਤੈਅ ਕੀਤਾ ਕਿ ਬਿਨਾਂ ਰੇਲਵੇ ਟਿਕਟ ਦੇ ਗੱਡੀ ਵਿਚ ਦੇਰ ਰਾਤ ਚੜ੍ਹਨਗੇ ਪਰ ਇਸਤੋਂ ਪਹਿਲਾਂ ਹੀ ਪੁਲਸ ਨੇ ਗ੍ਰਿਫਤਾਰ ਕਰ ਲਿਆ।
ਫੈਲੀ ਗੰਦਗੀ ਕਾਰਨ ਬੀਮਾਰੀਆਂ ਹੋਣ ਦਾ ਖਦਸ਼ਾ
NEXT STORY