ਲੁਧਿਆਣਾ(ਰਿਸ਼ੀ)-ਬਾਕਸਿੰਗ ਦੇ ਨੈਸ਼ਨਲ ਪਲੇਅਰ ਨੂੰ ਬੇਰੁਜ਼ਗਾਰੀ ਨੇ ਗੈਂਗਸਟਰ ਬਣਾ ਦਿੱਤਾ ਅਤੇ ਉਸ ਨੇ 8 ਸਾਲਾਂ 'ਚ ਹੁਸ਼ਿਆਰਪੁਰ, ਮੋਗਾ, ਨਵਾਂਸ਼ਹਿਰ, ਲੁਧਿਆਣਾ ਅਤੇ ਜਲੰਧਰ 'ਚ ਗੰਨ ਪੁਆਇੰਟ 'ਤੇ ਲੁੱਟ ਦੀਆਂ ਵੱਡੀਆਂ 14 ਵਾਰਦਾਤਾਂ ਕੀਤੀਆਂ। ਸਾਲ 2009 ਤੋਂ ਐਕਟਿਵ ਇਹ ਗੈਂਗਸਟਰ ਇਕ ਵਾਰ ਵੀ ਨਹੀਂ ਫੜਿਆ ਗਿਆ, ਜਿਸ ਕਾਰਨ ਪੂਰੇ ਪੰਜਾਬ ਦੀ ਪੁਲਸ ਨੂੰ ਇਸ ਦੀ ਤਲਾਸ਼ ਸੀ। ਸੀ. ਆਈ. ਏ.-2 ਦੀ ਪੁਲਸ ਨੇ ਇਸ ਨਾਮੀ ਪੀਟਰ ਗੈਂਗਸਟਰ ਦੇ ਨਾਲ 2 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ 7 ਵਾਰਦਾਤਾਂ 'ਚ ਇਸ ਦਾ ਸਾਥ ਦਿੱਤਾ ਸੀ। ਤਿੰਨਾਂ ਦੇ ਫੜੇ ਜਾਣ ਤੋਂ ਬਾਅਦ ਪੁਲਸ ਨੇ ਪੰਜਾਬ 'ਚ ਹੋਈਆਂ 30 ਵਾਰਦਾਤਾਂ ਹੱਲ ਕੀਤੀਆਂ ਹਨ। ਜਾਣਕਾਰੀ ਦਿੰਦੇ ਇੰਚਾਰਜ ਇੰਸ. ਪ੍ਰੇਮ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਨੈਸ਼ਨਲ ਪਲੇਅਰ ਦਵਿੰਦਰ ਸਿੰਘ (37) ਨਿਵਾਸੀ ਜਗਰਾਓਂ, ਪ੍ਰਭਦੀਪ ਸਿੰਘ (22) ਨਿਵਾਸੀ ਹਰਿਆਣਾ ਅਤੇ ਨਰਿੰਦਰ ਸਿੰਘ (24) ਨਿਵਾਸੀ ਫਿਲੌਰ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਇਨ੍ਹਾਂ ਨੂੰ ਸੂਚਨਾ ਦੇ ਆਧਾਰ 'ਤੇ ਸੈਕਟਰ 32 ਦੇ ਨੇੜੇ ਤੋਂ ਤਦ ਗ੍ਰਿਫਤਾਰ ਕੀਤਾ, ਜਦ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸਨ। ਪੁਲਸ ਨੇ ਇਨ੍ਹਾਂ ਦੇ ਕੋਲੋਂ 2 ਮੋਟਰਸਾਈਕਲ, 7.62 ਐੱਮ. ਐੱਮ. ਦਾ ਨਾਜਾਇਜ਼ ਰਿਵਾਲਵਰ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਕਰ ਕੇ ਥਾਣਾ ਡਵੀਜ਼ਨ ਨੰ. 7 'ਚ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਅਨੁਸਾਰ ਪੀਟਰ ਗੈਂਗ ਦਾ ਸਰਗਣਾ ਦਵਿੰਦਰ ਸਿੰਘ ਉਰਫ ਪੀਟਰ ਬਾਕਸਿੰਗ ਦਾ ਨੈਸ਼ਨਲ ਪਲੇਅਰ ਹੈ, ਸਾਲ 1999 ਤੋਂ 2002 ਤੱਕ ਉਹ ਚੰਡੀਗੜ੍ਹ ਦੇ ਇਕ ਪ੍ਰਮੁੱਖ ਕਾਲਜ ਦਾ ਸਟੂਡੈਂਟਸ ਸੀ ਅਤੇ ਪੰਜਾਬ ਵਲੋਂ ਬਾਕਸਿੰਗ ਖੇਡਦਾ ਸੀ। ਮੈਚ ਦੌਰਾਨ ਉਸ ਦੀ ਬਾਂਹ ਟੁੱਟ ਜਾਣ ਕਾਰਨ ਉਸ ਦੀ ਗੇਮ ਛੁੱਟ ਗਈ ਅਤੇ ਬਾਅਦ 'ਚ ਕੰਮ ਨਾ ਮਿਲਣ 'ਤੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਗੈਂਗਸਟਰ ਬਣ ਗਿਆ। ਜਿਸ ਦੇ ਬਾਅਦ ਉਸ ਨੇ ਪੈਸੇ ਤੇ ਨਾਂ ਕਮਾਉਣ ਲਈ ਪੰਜਾਬ ਦੇ ਕਈ ਸ਼ਹਿਰਾਂ 'ਚ ਆਪਣੇ ਦੋਸਤ ਦੇ ਰਿਵਾਲਵਰ ਨਾਲ ਲੁੱਟ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਹਰ ਵਾਰ ਵਾਰਦਾਤ ਕਰਦੇ ਸਮੇਂ ਸਾਹਮਣੇ ਵਾਲੇ ਨੂੰ ਗੋਲੀਆਂ ਨਾਲ ਭੁੰਨ ਦਿੰਦਾ। ਪੀਟਰ ਦੇ ਖਿਲਾਫ ਆਰਮਜ਼ ਐਕਟ, ਹੱਤਿਆ, ਹੱਤਿਆ ਦਾ ਯਤਨ, ਡਕੈਤੀ ਦੇ ਕਈ ਮਾਮਲੇ ਦਰਜ ਹਨ। ਫੜੇ ਗਏ ਹੋਰ ਦੋਵੇਂ ਸਾਥੀਆਂ ਦਾ ਵੀ ਅਪਰਾਧਕ ਰਿਕਾਰਡ ਹੈ, ਜੋ ਕਈ ਕੇਸਾਂ 'ਚ ਇਸ ਦੇ ਨਾਲ ਸਨ।
ਹਰ ਵਾਰਦਾਤ ਤੋਂ ਬਾਅਦ ਛੱਡ ਦਿੰਦੇ ਪੰਜਾਬ
ਇੰਸ. ਪ੍ਰੇਮ ਸਿੰਘ ਅਨੁਸਾਰ 8 ਸਾਲ ਤੋਂ ਇਸ ਗੈਂਗ ਦੇ ਕਿਸੇ ਵੀ ਮੈਂਬਰ ਦੇ ਨਾ ਫੜੇ ਜਾਣ ਦਾ ਕਾਰਨ ਇਹ ਸੀ ਕਿ ਵਾਰਦਾਤ ਕਰਨ ਦੇ ਬਾਅਦ ਤਿੰਨੇ ਕੁਝ ਸਮੇਂ ਲਈ ਪੰਜਾਬ ਛੱਡ ਦਿੰਦੇ ਸਨ। ਪ੍ਰਭਦੀਪ ਹਰਿਆਣਾ ਜਾ ਕੇ ਸਕਿਓਰਿਟੀ ਗਾਰਡ ਦੀ ਨੌਕਰੀ ਕਰਨ ਲੱਗ ਜਾਂਦਾ, ਨਰਿੰਦਰ ਸਿੰਘ ਆਬੂਧਾਬੀ ਚਲਾ ਜਾਂਦਾ ਅਤੇ ਪੀਟਰ ਕਦੇ ਯੂ. ਪੀ. ਤਾਂ ਕਦੇ ਛੱਤੀਸ਼ਗੜ੍ਹ ਚਲਾ ਜਾਂਦਾ।
ਹਾਲ-ਏ-ਪੰਜਾਬ ਜੇਲ 'ਜਿਸ ਦੀ ਜੇਬ 'ਚ ਕੈਸ਼, ਉਸ ਦੀ ਜੇਲ 'ਚ ਐਸ਼'
NEXT STORY