ਲੁਧਿਆਣਾ(ਮਹੇਸ਼)-10 ਦਿਨ ਪਹਿਲਾਂ ਝੰਡੂ ਕਾਲੋਨੀ 'ਚ ਮਨੀ ਐਕਸਚੇਂਜਰ ਨਾਲ ਲੁੱਟ-ਖੋਹ ਕਰਨ ਵਾਲੇ ਤਿੰਨੋਂ ਬਦਮਾਸ਼ਾਂ ਨੂੰ ਪੁਲਸ ਨੇ ਦਬੋਚ ਲਿਆ ਹੈ, ਜਿਨ੍ਹਾਂ ਕੋਲੋਂ ਵਾਰਦਾਤ 'ਚ ਵਰਤਿਆ ਗਿਆ 8 ਐੱਮ. ਐੱਮ. ਦਾ ਦੇਸੀ ਕੱਟਾ, ਇਕ ਜ਼ਿੰਦਾ ਕਾਰਤੂਸ, ਬੇਸਬਾਲ ਤੇ ਬਾਈਕ ਬਰਾਮਦ ਹੋਇਆ ਹੈ। ਫੜੇ ਗਏ ਦੋਸ਼ੀਆਂ ਦੀ ਸ਼ਨਾਖਤ ਨੂਰਵਾਲਾ ਰੋਡ, ਇੰਦਰ ਵਿਹਾਰ ਦੇ 22 ਸਾਲਾ ਸੁਨੀਲ ਰਾਜਬਰ, ਭੱਟੀਆ ਕਾਲੋਨੀ ਦੇ 24 ਸਾਲਾ ਸੂਰਜ ਕੁਮਾਰ ਤੇ ਸੰਧੂ ਨਗਰ ਦੇ 23 ਸਾਲਾ ਦਿਨੇਸ਼ ਕੁਮਾਰ ਵਜੋਂ ਹੋਈ ਹੈ। ਫੜੇ ਗਏ ਤਿੰਨੋਂ ਬਦਮਾਸ਼ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਜ਼ਿਲਾ ਆਜ਼ਮਗੜ੍ਹ ਦੇ ਰਹਿਣ ਵਾਲੇ ਹਨ, ਜੋ ਕਿ ਦਰਜ਼ੀ ਦਾ ਕੰਮ ਕਰਦੇ ਹਨ। ਦਿਨੇਸ਼ ਪੀੜਤ ਦੇ ਇਲਾਕੇ ਦਾ ਹੀ ਰਹਿਣ ਵਾਲਾ ਹੈ। ਇਨ੍ਹਾਂ ਨੇ ਪੁਲਸ ਦੇ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਸਹਾਇਕ ਪੁਲਸ ਕਮਿਸ਼ਨਰ ਨਾਰਥ ਸਚਿਨ ਗੁਪਤਾ ਨੇ ਪ੍ਰੈੱਸ ਕਾਨਫਰੰਸ ਵਿਚ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਮਹੀਨੇ 21 ਦਸੰਬਰ ਨੂੰ ਮਨੀ ਐਕਸਚੇਂਜਰ ਸੰਦੀਪ ਕੁਮਾਰ ਨੂੰ ਬਾਈਕ ਸਵਾਰ 3 ਬਦਮਾਸ਼ਾਂ ਨੇ ਉਸ ਸਮੇਂ ਗੋਲੀ ਮਾਰ ਕੇ ਲੁੱਟ ਲਿਆ ਸੀ ਜਦ ਸੰਦੀਪ ਦੀ ਸ਼ਿਕਾਇਤ 'ਤੇ 3 ਅਣਪਛਾਤੇ ਬਦਮਾਸ਼ਾਂ ਖਿਲਾਫ ਲੁੱਟ-ਖੋਹ ਦਾ ਪਰਚਾ ਦਰਜ ਕਰ ਕੇ ਥਾਣਾ ਡਵੀਜ਼ਨ ਨੰ.4 ਦੀ ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਸੀ ਕਿ 3 ਦਿਨ ਬਾਅਦ ਪੀੜਤ ਨੇ ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੂੰ ਆ ਕੇ ਦੱਸਿਆ ਕਿ ਉਸ ਦੇ ਨਾਲ ਲੁੱਟ-ਖੋਹ ਕਰਨ ਵਾਲੇ ਬਦਮਾਸ਼ਾਂ ਬਾਰੇ ਉਸ ਨੂੰ ਪਤਾ ਲੱਗ ਗਿਆ ਹੈ, ਜਿਨ੍ਹਾਂ 'ਚ ਇਕ ਬਦਮਾਸ਼ ਉਸੇ ਦੇ ਇਲਾਕੇ ਦਾ ਰਹਿਣ ਵਾਲਾ ਹੈ, ਜਿਸ 'ਤੇ ਇਨ੍ਹਾਂ ਤਿੰਨਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ। ਸਚਿਨ ਨੇ ਦੱਸਿਆ ਕਿ 30 ਦਸੰਬਰ ਨੂੰ ਸਭ ਤੋਂ ਪਹਿਲਾਂ ਸੁਨੀਲ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਕਬਜ਼ੇ ਵਿਚੋਂ ਵਾਰਦਾਤ 'ਚ ਵਰਤਿਆ ਬਾਈਕ ਬਰਾਮਦ ਹੋਇਆ। ਉਸ ਤੋਂ ਬਾਅਦ ਸੁਨੀਲ ਦੀ ਨਿਸ਼ਾਨਦੇਹੀ 'ਤੇ ਫਿਰ ਸੂਰਜ ਤੇ ਦਿਨੇਸ਼ ਨੂੰ ਵੀ ਫੜ ਲਿਆ ਗਿਆ। ਸੂਰਜ ਦੇ ਕੋਲੋਂ ਦੇਸੀ ਕੱਟਾ, ਇਕ ਜ਼ਿੰਦਾ ਕਾਰਤੂਸ ਅਤੇ ਦਿਨੇਸ਼ ਦੇ ਕੋਲੋਂ ਬੇਸਬਾਲ ਬਰਾਮਦ ਹੋਇਆ।
ਉੱਤਰ ਪ੍ਰਦੇਸ਼ ਤੋਂ ਖਰੀਦ ਕੇ ਲਿਆਏ ਸਨ ਦੇਸੀ ਕੱਟਾ
ਇੰਸਪੈਕਟਰ ਵਿਜੇ ਨੇ ਦੱਸਿਆ ਕਿ ਫੜੇ ਗਏ ਤਿੰਨੋਂ ਦੋਸ਼ੀ ਵਿਆਹੇ ਹੋਏ ਹਨ। ਬਰਾਮਦ ਹੋਇਆ ਕੱਟਾ ਅਤੇ ਕਾਰਤੂਸ ਉਹ ਉੱਤਰ ਪ੍ਰਦੇਸ਼ ਤੋਂ ਖਰੀਦ ਕੇ ਲਿਆਏ ਸਨ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ 2 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ।
'ਪ੍ਰਧਾਨ ਮੰਤਰੀ ਮਾਤਰ ਵੰਦਨਾ' ਯੋਜਨਾ ਦੀ ਸ਼ੁਰੂਆਤ ਪਹਿਲੀ ਵਾਰ ਮਾਂ ਬਣਨ ਵਾਲੀਆਂ ਮਹਿਲਾਵਾਂ ਨੂੰ ਮਿਲਣਗੇ 5000 ਰੁਪਏ
NEXT STORY