ਭਗਤਾ ਭਾਈ (ਢਿੱਲੋਂ) : 4 ਜਨਵਰੀ ਨੂੰ ਟੋਹਾਣਾ ਰੈਲੀ ਦੌਰਾਨ ਬੱਸ ਹਾਦਸੇ ਦੌਰਾਨ ਵਿਛੋੜਾ ਦੇ ਗਏ ਕਿਸਾਨ ਆਗੂ ਬਸੰਤ ਸਿੰਘ ਤੇ ਕਰਮ ਸਿੰਘ ਕੋਠਾਗੁਰੂ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਕੋਠਾਗੁਰੂ ਤੋਂ ਵਿਸ਼ਾਲ ਕਾਫ਼ਲਾ ਰਵਾਨਾ ਹੋਇਆ। ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਤੇ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਵਿੱਛੜੇ ਸਾਥੀਆਂ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਲਿਜਾਣ ਲਈ ਦਰਜਨਾਂ ਗੱਡੀਆਂ ਦੇ ਵਿਸ਼ਾਲ ਕਾਫ਼ਲੇ ਵੱਲੋਂ ਕੋਠਾਗੁਰੂ ਤੋਂ ਹੁਸੈਨੀਵਾਲਾ ਤੱਕ ਸਲਾਮੀ ਮਾਰਚ ਕੀਤਾ ਗਿਆ।
ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਜੱਥੇਬੰਦੀ ਦੇ ਆਗੂਆਂ ਵੱਲੋਂ ਅਸਥੀਆਂ ਨੂੰ ਸਤਲੁਜ ਦਰਿਆ 'ਚ ਜਲ ਪ੍ਰਵਾਹ ਕੀਤਾ ਗਿਆ ਅਤੇ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਹੀਦੀ ਸਮਾਰਕ 'ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੋਠਾਗੁਰੂ ਵਿਖੇ ਜੁੜੇ ਵਿਸ਼ਾਲ ਇਕੱਠ ਦੌਰਾਨ ਜੱਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ 31 ਜਨਵਰੀ ਨੂੰ ਕਿਸਾਨ ਆਗੂ ਬਸੰਤ ਸਿੰਘ ਤੇ ਕਰਮ ਸਿੰਘ ਸਮੇਤ ਟੋਹਾਣਾ ਕਿਸਾਨ ਮਹਾਂਪੰਚਾਇਤ 'ਚ ਜਾਂਦੇ ਸਮੇਂ ਵਿਛੋੜਾ ਦੇ ਗਈਆਂ ਸਰਬਜੀਤ ਕੌਰ, ਬਲਵੀਰ ਕੌਰ ਤੇ ਜਸਵੀਰ ਕੌਰ ਨੂੰ ਸਮਰਪਿਤ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਕੋਠਾਗੁਰੂ ਦੀ ਦਾਣਾ ਮੰਡੀ 'ਚ ਕੀਤਾ ਜਾਵੇਗਾ।
ਉਨ੍ਹਾਂ ਆਖਿਆ ਕਿ ਕਿਸਾਨ ਆਗੂ ਬਸੰਤ ਸਿੰਘ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜਵਾਨੀ ਉਮਰੇ ਹੀ ਵਿਦਿਆਰਥੀ ਜੱਥੇਬੰਦੀ 'ਚ ਸਰਗਰਮ ਹੋ ਗਿਆ ਸੀ ਅਤੇ ਆਖ਼ਰੀ ਸਾਹਾਂ ਤੱਕ ਲੁੱਟ ਜ਼ਬਰ ਤੋਂ ਮੁਕਤ ਸਮਾਜ ਸਿਰਜਣ ਲਈ ਕਿਸਾਨਾਂ ਖੇਤ ਮਜ਼ਦੂਰਾਂ, ਔਰਤਾਂ ਤੇ ਨੌਜਵਾਨਾਂ ਨੂੰ ਜਾਗਰੂਕ ਅਤੇ ਜੱਥੇਬੰਦ ਕਰਨ ਲਈ ਅਣਥੱਕ ਘਾਲਣਾ ਘਾਲੀ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 31 ਜਨਵਰੀ ਦੇ ਸ਼ਰਧਾਂਜਲੀ ਸਮਾਗਮ 'ਚ ਪਰਿਵਾਰਾਂ ਸਮੇਤ ਸ਼ਾਮਲ ਹੋਣ।
ਇਸ ਮੌਕੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਮਲੇਰਕੋਟਲਾ ਦੇ ਕੇਵਲ ਸਿੰਘ ਤੇ, ਫਾਜ਼ਲਕਾ ਦੇ ਗੁਰਭੇਜ ਸਿੰਘ ਰੋਹੀ ਵਾਲਾ, ਫਰੀਦਕੋਟ ਦੇ ਨੱਥਾ ਸਿੰਘ ਰੋੜੀਕਪੂਰਾ, ਫਿਰੋਜ਼ਪੁਰ ਤੋਂ ਮਹਿੰਦਰ ਸਿੰਘ, ਕਿਸਾਨ ਆਗੂ ਜਸਪਾਲ ਸਿੰਘ ਕੋਠਾਗੁਰੂ, ਮਹਿਲਾ ਕਿਸਾਨ ਆਗੂ ਮਾਲਣ ਕੌਰ ਤੇ ਖੇਤ ਮਜ਼ਦੂਰ ਆਗੂ ਤੀਰਥ ਸਿੰਘ ਕੋਠਾਗੁਰੂ ਸਮੇਤ ਜ਼ਿਲ੍ਹੇ ਤੋਂ ਇਲਾਵਾ ਨੇੜਲੇ ਜ਼ਿਲਿਆਂ ਦੇ ਆਗੂ ਵੀ ਹਾਜ਼ਰ ਸਨ।
ਦੋ ਦੁਕਾਨਾਂ ’ਚ ਭਿਆਨਕ ਅੱਗ ਲੱਗੀ, ਦੋ ਸਿਲੰਡਰ ਫਟਣ ਕਾਰਨ ਹੋਇਆ ਵੱਡਾ ਧਮਾਕਾ
NEXT STORY