ਮੁੱਲਾਂਪੁਰ ਦਾਖਾ (ਕਾਲੀਆ) : ਅਕਸਰ ਹੀ ਨੌਸਰਬਾਜ਼ ਬੈਂਕਾਂ ’ਚ ਲੋਕਾਂ ਨੂੰ ਬੇਵਕੂਫ ਬਣਾ ਕੇ ਠੱਗਦੇ ਵੇਖੇ ਗਏ ਹਨ। ਹੁਣ ਇੰਨਾਂ ਨੇ ਏ. ਟੀ. ਐੱਮ. ਮਸ਼ੀਨ ’ਚ ਪੈਸੇ ਕਢਵਾਉਣ ਆਏ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਠੱਗੀ ਦਾ ਸ਼ਿਕਾਰ ਹੋਇਆ ਹੈ ਰਿਟਾਇਰਡ ਸਰਵਿਸਮੈਨ ਬਲਜਿੰਦਰ ਸਿੰਘ ਪੁੱਤਰ ਜੱਗੂ ਸਿੰਘ ਵਾਸੀ ਹਿੱਸੋਵਾਲ ਜੋ ਕਿ ਇਨ੍ਹਾਂ ਨੌਸਰਬਾਜ਼ਾਂ ਤੋਂ 1,72,000 ਰੁਪਏ ਚੂਨਾ ਲਗਾ ਚੁੱਕਾ ਹੈ ਅਤੇ ਹੁਣ ਸਰਕਾਰੇ ਦਰਬਾਰੇ ਫਰਿਆਦ ਕਰਕੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਪਰ ਅਜੇ ਤੱਕ ਖੈਰ ਨਹੀਂ ਪਈ।
ਪ੍ਰਾਪਤ ਜਾਣਕਾਰੀ ਅਨੁਸਾਰ 12 ਫਰਵਰੀ ਨੂੰ ਸ਼ਾਮੀ 5-6 ਵਜੇ ਦੇ ਕਰੀਬ ਬਲਜਿੰਦਰ ਸਿੰਘ ਮੁੱਲਾਂਪੁਰ ਸਰਵਿਸ ਰੋਡ ’ਤੇ ਸਥਿਤ ਸਟੇਟ ਬੈਂਕ ਆਫ ਪਟਿਆਲਾ ਦੇ ਏ. ਟੀ. ਐੱਮ. ਬੈਂਕ ’ਚੋਂ ਪੈਸੇ ਕਢਵਾਉਣ ਗਿਆ ਸੀ। ਘੱਟ ਜਾਣਕਾਰੀ ਹੋਣ ਕਰਕੇ ਬਜ਼ੁਰਗ ਪੈਸੇ ਕਢਵਾਉਣ ਵਿਚ ਅਸਫਲ ਰਿਹਾ ਪਰ ਪੈਸੇ ਕਢਵਾਉਣ ਸਮੇਂ ਦੋ ਮੋਨੇ ਨੌਜਵਾਨ ਉਸ ਦੇ ਪਿੱਛੇ ਖੜ੍ਹੇ ਸਨ ਜੋ ਸਭ ਕੁਝ ਵੇਖ ਰਹੇ ਸਨ ਅਤੇ ਬਜ਼ੁਰਗ ਦਾ ਫਾਇਦਾ ਉਠਾ ਕੇ ਉਨ੍ਹਾਂ ਨੇ ਜੋ ਪਾਸਵਰਡ ਏ.ਟੀ.ਐਮ. ਵਿਚ ਲਗਾਇਆ ਸੀ, ਦੀ ਜਾਣਕਾਰੀ ਹਾਸਲ ਕਰ ਲਈ ਅਤੇ ਬਜ਼ੁਰਗ ਨੂੰ ਕਹਿਣ ਲੱਗੇ ਕਿ ਬਾਬਾ ਤੇਰਾ ਲਗਾਇਆ ਕੋਡ ਗਲਤ ਹੈ। ਇਸੇ ਕਰਕੇ ਪੈਸੇ ਨਹੀਂ ਨਿਕਲ ਰਹੇ ਅਤੇ ਉਨ੍ਹਾਂ ਨੇ ਬਜ਼ੁਰਗ ਦਾ ਏ. ਟੀ. ਐੱਮ. ਕਾਰਡ ਖੁਦ ਮਸ਼ੀਨ ’ਚੋਂ ਕੱਢ ਕੇ ਉਸ ਦੇ ਹੱਥ ਵਿਚ ਫੜਾ ਦਿੱਤਾ ਅਤੇ ਬਜ਼ੁਰਗ ਆਪਣੇ ਘਰ ਚਲਾ ਗਿਆ।
ਸਵੇਰੇ 7 ਵਜੇ 13 ਤਾਰੀਖ਼ ਨੂੰ ਬੈਂਕ ਵਿਚੋਂ ਪੈਸੇ ਨਿਕਲਣ ਦਾ ਮੈਸੇਜ ਜਦ ਬਲਜਿੰਦਰ ਸਿੰਘ ਦੇ ਮੋਬਾਇਲ ’ਤੇ ਆਇਆ ਤਾਂ ਉਸ ਦੇ ਹੱਥ ਪੈਰ ਫੁੱਲ ਗਏ ਅਤੇ ਇਸ ਸਬੰਧੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਮੇਰੇ 59,999 ਰੁਪਏ ਨਿਕਲ ਗਏ। ਬੱਚਿਆਂ ਨੇ ਜਦੋਂ ਏ.ਟੀ.ਐੱਮ. ਕਾਰਡ ਵੇਖਿਆ ਤਾਂ ਉਸ ਦਾ ਏ.ਟੀ.ਐੱਮ ਕਾਰਡ ਬਦਲਿਆ ਹੋਇਆ ਸੀ। ਐਤਵਾਰ ਦਾ ਦਿਨ ਹੋਣ ਕਰਕੇ ਉਹ ਬੈਂਕ ਨੂੰ ਸੂਚਨਾਂ ਨਹੀਂ ਦੇ ਸਕਿਆ ਪਰ ਨੌਸਰਬਾਜ਼ਾਂ ਨੇ ਸੋਮਵਾਰ ਤੱਕ ਕਿਸੇ ਹਾਰਡਵੇਅਰ ਦੀ ਦੁਕਾਨ ਤੋਂ ਖਰੀਦਾਰੀ ਕਰ ਲਈ ਅਤੇ ਉਸ ਦਾ 1,72,000 ਰੁਪਏ ਉਡਾ ਲਿਆ। ਸੋਮਵਾਰ ਨੂੰ ਬੈਂਕ ਜਾ ਕੇ ਚੈੱਕ ਕੀਤਾ ਤਾਂ ਸਿਰਫ 24 ਹਜ਼ਾਰ ਰੁਪਏ ਬਕਾਇਆ ਪਿਆ ਸੀ। ਇਸ ਕਰਕੇ ਏ. ਟੀ. ਐੱਮ. ਬੈਂਕ ’ਚੋਂ ਰਾਸ਼ੀ ਕਢਵਾਉਣ ਸਮੇਂ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਪਿੱਛੇ ਕੋਈ ਵਿਅਕਤੀ ਤਾਂ ਨਹੀਂ ਖੜ੍ਹਾ। ਜੇਕਰ ਅਜਿਹਾ ਹੁੰਦਾ ਹੈ ਤਾਂ ਸਾਵਧਾਨ ਹੋ ਜਾਓ। ਤੁਸੀਂ ਠੱਗੀ ਦੇ ਸ਼ਿਕਾਰ ਹੋ ਜਾਓਗੇ ? ਪੀੜਤ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਸਬੰਧਤ ਥਾਣਾ ਦਾਖਾ ਨੂੰ ਦਿੱਤੀ ਹੋਈ ਪਰ ਕੋਈ ਕਾਰਵਾਈ ਨਹੀਂ ਹੋਈ । ਹੁਣ ਫਿਰ ਐੱਸ.ਐੱਸ.ਪੀ. ਪੁਲਸ ਜ਼ਿਲ੍ਹਾ ਦਿਹਾਤੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਹੈ।
ਪੰਜਾਬ 'ਚ ਇਕ ਹੋਰ ਐਨਕਾਊਂਟਰ, ਨੌਜਵਾਨ ਦੀਆਂ ਉਂਗਲਾਂ ਵੱਢਣ ਵਾਲਿਆਂ ਦਾ ਪੁਲਸ ਨਾਲ ਹੋਇਆ ਮੁਕਾਬਲਾ (ਵੀਡੀਓ)
NEXT STORY