ਨਾਭਾ (ਜੈਨ) - ਸੰਨ 1755 ਵਿਚ ਆਬਾਦ ਹੋਈ ਇਸ ਰਿਆਸਤੀ ਨਗਰੀ ਵਿਚ ਮਹਾਰਾਜਾ ਹਮੀਰ ਸਿੰਘ ਨੇ 1754 ਤੋਂ 1783, ਜਸਵੰਤ ਸਿੰਘ ਨੇ 8 ਸਾਲ ਦੀ ਉਮਰ ਵਿਚ 1783 ਤੋਂ 1840, ਦਵਿੰਦਰ ਸਿੰਘ ਨੇ 1840 ਤੋਂ 1846, ਭਰਪੂਰ ਸਿੰਘ ਨੇ 7 ਸਾਲ ਦੀ ਉਮਰ ਵਿਚ 1846 ਤੋਂ 1863, ਭਗਵਾਨ ਸਿੰਘ ਨੇ 1863 ਤੋਂ 1871, ਮਹਾਰਾਜਾ ਹੀਰਾ ਸਿੰਘ (ਦਰਵੇਸ਼ ਪ੍ਰਸ਼ਾਸਕ) ਨੇ 1871 ਤੋਂ 1911 ਤੇ ਮਹਾਨ ਦੇਸ਼-ਭਗਤ ਮਹਾਰਾਜਾ ਰਿਪੁਦਮਨ ਸਿੰਘ ਨੇ 1911 ਤੋਂ 1923 ਤੱਕ ਰਾਜ ਕੀਤਾ। ਜਦੋਂ ਮਹਾਰਾਜਾ ਰਿਪੁਦਮਨ ਸਿੰਘ ਨੂੰ 9 ਜੁਲਾਈ 1923 ਨੂੰ ਅੰਗਰੇਜ਼ਾਂ ਨੇ ਜਲਾਵਤਨ ਕਰ ਕੇ ਕੌਡਾਕਨਾਲ (ਤਾਮਿਲਨਾਡੂ) ਭੇਜਿਆ ਤਾਂ ਉਨ੍ਹਾਂ ਦੇ ਬੇਟੇ ਪ੍ਰਤਾਪ ਸਿੰਘ (ਅੰਤਿਮ ਮਹਾਰਾਜਾ) ਦੀ ਉਮਰ ਸਿਰਫ 4 ਸਾਲ ਸੀ। ਉਨ੍ਹਾਂ ਨੂੰ ਰਿਆਸਤ ਦਾ ਅਖਤਿਆਰਾਤ 5 ਮਾਰਚ 1941 ਨੂੰ ਮਿਲਿਆ। ਮਹਾਰਾਜਾ ਰਿਪੁਦਮਨ ਸਿੰਘ ਦਾ ਦਿਹਾਂਤ 13 ਦਸੰਬਰ 1923 ਨੂੰ ਹੋਇਆ। ਰਿਪੁਦਮਨ ਕਾਲਜ ਦੀ ਸਥਾਪਨਾ 1945 ਵਿਚ ਹੋਈ। ਮਹਾਰਾਜਾ ਪ੍ਰਤਾਪ ਸਿੰਘ ਨੇ ਸ. ਪਟੇਲ ਨਾਲ ਮਿਲ ਕੇ ਰਿਆਸਤ ਨੂੰ ਭਾਰਤ ਵਿਚ ਸ਼ਾਮਲ ਕੀਤਾ। ਸੰਨ 1948 ਵਿਚ ਨਾਭਾ ਪੈਪਸੂ ਵਿਚ ਸ਼ਾਮਲ ਹੋਇਆ। ਪੈਪਸੂ ਸਮੇਂ ਇਥੋਂ ਜਨਰਲ ਸ਼ਿਵਦੇਵ ਸਿੰਘ ਵਿਧਾਇਕ ਬਣ ਕੇ ਸਿਹਤ ਮੰਤਰੀ ਬਣੇ। ਕਾਂਗਰਸ ਸਰਕਾਰਾਂ ਦੌਰਾਨ ਇਸ ਰਿਆਸਤੀ ਨਗਰੀ ਦੀ ਇਤਿਹਾਸਕ ਮਹੱਤਤਾ ਕਾਇਮ ਰਹਿਣ ਦੀ ਬਜਾਏ ਘਟਦੀ ਹੀ ਗਈ। ਪੰਡਤ ਜਵਾਹਰ ਲਾਲ ਨਹਿਰੂ ਨੂੰ ਜੈਤੋ ਮੋਰਚੇ ਦੌਰਾਨ ਨਾਭਾ ਰੇਲਵੇ ਸਟੇਸ਼ਨ ਤੋਂ 23 ਸਤੰਬਰ 1923 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੱਥਕੜੀਆਂ ਲਾ ਕੇ ਸਿਨੇਮਾ ਰੋਡ ਮੈਹਸ ਗੇਟ ਰਸਤੇ ਪੈਦਲ ਘੁਮਾਇਆ ਗਿਆ ਸੀ।
ਪੰਜਾਬ ਦੇ ਮੁੱਖ ਮੰਤਰੀ, ਦੇਸ਼ ਦੇ ਗ੍ਰਹਿ ਮੰਤਰੀ ਤੇ ਰਾਸ਼ਟਰਪਤੀ ਰਹੇ ਗਿਆਨੀ ਜ਼ੈਲ ਸਿੰਘ ਨੇ ਸੁਤੰਤਰਤਾ ਸੰਗਰਾਮ ਦੌਰਾਨ ਨਾਭਾ ਵਿਚ ਅੰਦੋਲਨ ਕੀਤੇ। ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਐਮਰਜੈਂਸੀ ਦੌਰਾਨ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ ਵਿਚ ਬੰਦ ਕੀਤਾ ਗਿਆ। ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਸਾਬਕਾ ਭਾਰਤੀ ਫੌਜ ਚੀਫ ਜਨਰਲ ਬਿਕਰਮ ਸਿੰਘ, ਪ੍ਰਤਾਪ ਸਿੰਘ ਬਾਜਵਾ, ਜਗਮੀਤ ਬਰਾੜ ਤੇ ਜਨਰਲ ਨੰਦਰਾਯੋਗ ਦਾ ਬਚਪਨ ਨਾਭਾ ਵਿਚ ਬਤੀਤ ਹੋਇਆ। ਪੰਜਾਬ ਦੇ ਸਾਬਕਾ ਚੀਫ ਸਕੱਤਰ ਜੈ ਸਿੰਘ ਗਿੱਲ ਨਾਭਾ ਦੇ ਜੰਮਪਲ ਤੇ ਸਾਬਕਾ ਚੀਫ ਸਕੱਤਰ ਪੀ. ਐੱਚ. ਵੈਸ਼ਣਵ ਨਾਭਾ ਦੇ ਜਵਾਈ ਹੋਣ ਦੇ ਬਾਵਜੂਦ ਰਿਆਸਤੀ ਨਗਰੀ ਲਾਵਾਰਸ ਬਣ ਕੇ ਰਹਿ ਗਈ। ਕਾਕਾ ਰਣਦੀਪ ਸਿੰਘ (ਵਿਧਾਇਕ ਅਮਲੋਹ) ਦੇ ਪਿਤਾ ਸਵ. ਗੁਰਦਰਸ਼ਨ ਸਿੰਘ ਨੇ ਨਾਭਾ ਹਲਕੇ ਤੋਂ 7 ਵਾਰੀ ਚੋਣ ਲੜੀ ਅਤੇ 4 ਵਾਰੀ ਵਿਧਾਇਕ ਬਣ ਕੇ ਗਿ. ਜ਼ੈਲ ਸਿੰਘ ਤੇ ਦਰਬਾਰਾ ਸਿੰਘ ਸਰਕਾਰਾਂ ਵਿਚ ਮੰਤਰੀ ਰਹੇ। ਰਾਜਾ ਨਰਿੰਦਰ ਸਿੰਘ ਨੇ 11 ਵਾਰੀ ਚੋਣ ਲੜ ਕੇ 4 ਵਾਰੀ ਵਿਧਾਇਕ ਬਣ ਕੇ 3 ਵਾਰੀ ਮੰਤਰੀ ਦਾ ਅਹੁਦਾ ਪ੍ਰਾਪਤ ਕੀਤਾ। ਬੇਅੰਤ ਸਿੰਘ ਸ਼ਾਸਨ ਦੌਰਾਨ ਅਮਲੋਹ ਮੰਡੀ ਗੋਬਿੰਦਗੜ੍ਹ ਕਸਬਿਆਂ ਨੂੰ ਨਾਭਾ ਉੱਪ ਮੰਡਲ ਤੋਂ ਤੋੜ ਕੇ ਵੱਖਰੀ ਤਹਿਸੀਲ ਬਣਾ ਦਿੱਤਾ ਗਿਆ। ਬੁਟਾ ਸਿੰਘ ਨੇ ਇਸ ਹਲਕੇ ਤੋਂ ਜਿੱਤ ਕੇ ਡਿਪਟੀ ਰੇਲਵੇ ਵਜ਼ੀਰ ਅਤੇ ਫਿਰ ਗ੍ਰਹਿ ਮੰਤਰੀ ਤੱਕ ਦਾ ਸਫਰ ਕੀਤਾ ਪਰ ਨਾਭਾ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ। ਮਹਾਰਾਣੀ ਪ੍ਰਨੀਤ ਕੌਰ ਨੇ ਜਿੱਤ ਕੇ ਵਿਦੇਸ਼ ਰਾਜ ਮੰਤਰੀ ਅਹੁਦਾ ਪ੍ਰਾਪਤ ਕੀਤਾ ਪਰ ਰਿਆਸਤੀ ਸ਼ਹਿਰ ਦੇ ਗੰਦੇ ਬਰਸਾਤੀ ਨਾਲੇ ਦੀ ਨਿਕਾਸੀ ਅਤੇ ਸੀਵਰੇਜ ਦਾ ਪ੍ਰਬੰਧ ਨਹੀਂ ਹੋ ਸਕਿਆ। ਅਜਨੌਦਾ ਕਾਨੂੰਨਗੋਈ 32/33 ਪਿੰਡ ਇਸ ਹਲਕੇ ਤੋਂ ਤੋੜ ਕੇ ਪਟਿਆਲਾ ਦਿਹਾਤੀ ਵਿਚ ਸ਼ਾਮਲ ਕਰ ਦਿੱਤੇ ਗਏ। ਨਾਭਾ ਨੂੰ ਜ਼ਿਲੇ ਦਾ ਦਰਜਾ ਤਾਂ ਕੀ ਮਿਲਣਾ ਸੀ, ਪਿੰਡਾਂ ਵਰਗੀਆਂ ਸਹੂਲਤਾਂ ਵੀ ਨਹੀਂ ਮਿਲ ਸਕੀਆਂ, ਜਿਸ ਨੇ ਭਾਈ ਕਾਹਨ ਸਿੰਘ ਵਰਗੇ ਸਾਹਿਤਕਾਰ ਪੈਦਾ ਕੀਤੇ।ਪ੍ਰਧਾਨ ਮੰਤਰੀ ਸਕੱਤਰੇਤ ਤੇ ਸ਼ਾਹੀ ਕਿਲਾ ਮੁਬਾਰਕ ਦੀ ਮੁਰੰਮਤ 'ਤੇ ਅਕਾਲੀ ਸ਼ਾਸਨ ਦੌਰਾਨ ਕਰੋੜਾਂ ਰੁਪਏ ਪ੍ਰਾਈਵੇਟ ਠੇਕੇ ਦੇ ਕੇ ਟੂਰਿਜ਼ਮ ਵਿਭਾਗ ਨੇ ਖਰਚ ਕੀਤੇ। ਸ਼ਾਹੀ ਹੀਰਾ ਮਹਿਲ ਭਵਨ ਬੰਦ ਪਿਆ ਹੈ। ਰਾਜਿਆਂ ਦੀਆਂ ਸ਼ਾਹੀ ਸਮਾਧਾਂ ਇਥੇ ਹਨ। ਕਿਲਾ ਇਮਾਰਤ ਢਹਿ-ਢੇਰੀ ਹੋਣ ਕਾਰਨ ਕਿਸੇ ਵੱਡੇ ਦੁਖਾਂਤ ਦੀ ਉਡੀਕ ਕਰ ਰਹੀ ਹੈ। ਲਗਭਗ 22 ਕਰੋੜ ਸਾਲਾਨਾ ਬਜਟ ਵਾਲੀ 'ਏ' ਕਲਾਸ ਕੌਂਸਲ ਹੋਣ ਦੇ ਬਾਵਜੂਦ ਸ਼ਹਿਰ ਦੀ ਪਿਛਲੇ ਇਕ ਸਾਲ ਦੌਰਾਨ ਜੋ ਮਾੜੀ ਹਾਲਤ ਹੋਈ ਹੈ, ਦੇਖ ਕੇ ਰੋਣਾ ਆਉਂਦਾ ਹੈ। ਕੌਂਸਲ ਵਿਚ ਕਥਿਤ ਬੇਨਿਯਮੀਆਂ ਕਾਰਨ ਕੋਈ ਵੀ ਅਧਿਕਾਰੀ ਰਹਿਣ ਨੂੰ ਤਿਆਰ ਨਹੀਂ ਹੈ। ਕੌਂਸਲ ਦੇ ਸਕੈਂਡਲਾਂ ਦੀ ਗੂੰਜ ਸੀ. ਐੱਮ. ਦਰਬਾਰ ਪਹੁੰਚ ਚੁੱਕੀ ਹੈ।
ਗੁਰਦੁਆਰਾ ਸਾਹਿਬ ਬਾਬਾ ਅਜਾਪਾਲ ਸਿੰਘ ਜੀ ਘੋੜਿਆਂਵਾਲਾ ਗੁਰਦੁਆਰਾ ਦੇ ਨਾਂ ਨਾਲ ਵਿਸ਼ਵ ਵਿਚ ਪ੍ਰਸਿੱਧ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰਚੀ ਦੀ ਪਵਿੱਤਰ ਯਾਦ ਵਿਚ ਕਾਇਮ ਹੋਇਆ ਸੀ। ਇਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਪਾਸ ਹੈ। ਸੈਂਕੜੇ ਡੇਰਿਆਂ/ਮੰਦਰਾਂ ਤੇ ਧਾਰਮਕ ਅਸਥਾਨਾਂ ਕਾਰਨ ਨਾਭਾ ਨੂੰ ਮਿੰਨੀ ਕਾਸ਼ੀ ਕਿਹਾ ਜਾਂਦਾ ਸੀ। ਰਿਆਸਤਾਂ ਸਮੇਂ 7 ਅਨਾਜ ਮੰਡੀਆਂ ਸਨ। ਹਲਕਾ ਰਿਜ਼ਰਵ ਹੋਣ ਤੋਂ ਬਾਅਦ ਦੂਜੀ ਵਾਰੀ ਵਿਧਾਇਕ ਬਣੇ ਸਾਧੂ ਸਿੰਘ ਧਰਮਸੌਤ (ਹੁਣ ਕੈਬਨਿਟ ਮੰਤਰੀ) ਚਾਹੁੰਦੇ ਹਨ ਕਿ ਸ਼ਹਿਰ ਵਿਚੋਂ ਸਾਰੇ ਨਾਜਾਇਜ਼ ਕਬਜ਼ੇ ਹਟਾ ਕੇ ਰਾਜਿਆਂ ਦੀ ਨਗਰੀ ਨੂੰ ਸੁੰਦਰ ਬਣਾਇਆ ਜਾਵੇ ਪਰ ਅਫਸਰਸ਼ਾਹੀ ਧਿਆਨ ਨਹੀਂ ਦਿੰਦੀ। ਲੋਕ ਕਹਿੰਦੇ ਸੁਣੇ ਜਾਂਦੇ ਹਨ ਕਿ ਰਾਜਿਆਂ ਤੇ ਸਿਆਸਤਦਾਨਾਂ ਦੀ ਨਗਰੀ ਨਾਭਾ ਨੂੰ ਅਫਸਰਸ਼ਾਹੀ ਨੇ ਲਾਵਾਰਸ ਬਣਾ ਦਿੱਤਾ ਹੈ। ਮਜ਼ੇ ਦੀ ਗੱਲ ਹੈ ਕਿ ਇਸ ਇਲਾਕੇ ਦੇ ਕਈ ਜੰਮਪਲ ਇਸ ਸਮੇਂ ਵੱਡੀ ਗਿਣਤੀ ਵਿਚ ਪੁਲਸ, ਸਿਵਲ, ਜੁਡੀਸ਼ਰੀ, ਸੈਂਟਰਲ ਕਸਟਮਜ਼ ਤੇ ਹੋਰ ਵਿਭਾਗਾਂ ਵਿਚ ਸੀਨੀਅਰ ਪੋਸਟਾਂ 'ਤੇ ਸੇਵਾ ਨਿਭਾਅ ਰਹੇ ਹਨ ਪਰ ਇਲਾਕਾ ਸਰਕਾਰੀ ਸਹੂਲਤਾਂ ਨੂੰ ਤਰਸ ਰਿਹਾ ਹੈ।
'ਮਾਊਂਟ ਵਿਊ' ਦੇ ਕਮਰਿਆਂ ਨੂੰ ਚਮਕਾਉਣ ਦੀ ਈ-ਟੈਂਡਰਿੰਗ 'ਚ ਸਿਟਕੋ ਦਾ ਘਪਲਾ
NEXT STORY