ਲੁਧਿਆਣਾ : ਲੁਧਿਆਣਾ ਦੇ ਇੱਕ ਪ੍ਰਾਈਵੇਟ ਬਲੱਡ ਬੈਂਕ ਵੱਲੋਂ ਜਰੂਰੀ ਸ਼ਰਤਾਂ ਦੀ ਉਲੰਘਣਾ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪ੍ਰੋਲਾਈਫ ਹਸਪਤਾਲਾਂ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਥੇ ਇਹ ਸਹੂਲਤ ਦਿੱਤੀ ਜਾ ਰਹੀ ਸੀ।ਸਿਹਤ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਅਤੇ ਪ੍ਰਾਇਵੇਟ ਹਸਪਤਾਲਾਂ 'ਚ ਦਿੱਤੀਆਂ ਜਾ ਰਹੀਆਂ ਬਲੱਡ ਬੈਂਕ ਸਹੂਲਤਾਂ ਦਾ ਆਡਿਟ ਕਰਵਾਉਣ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਲਈ ਟੀਮਾਂ ਦਾ ਗਠਨ ਕੀਤਾ ਸੀ, ਜਿਸ ਤਹਿਤ ਅਗਲੇ ਹੁਕਮਾਂ ਤੱਕ ਇਸ ਬਲੱਡ ਬੈਂਕ ਦੇ ਕੰਮ-ਕਾਜ 'ਤੇ ਰੋਕ ਲਾ ਦਿੱਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ, ਇੰਚਾਰਜ ਬੀਟੀਓ ਵੱਲੋਂ ਖੂਨ ਇਕੱਠਾ ਕਰਨ ਵਾਲੀਆਂ ਥੈਲੀਆਂ ਦਾ ਖਰੀਦ ਰਿਕਾਰਡ ਦਿਖਾਉਣ 'ਚ ਅਸਫਲ ਰਹਿਣ ਤੋਂ ਬਾਅਦ ਖੂਨ ਇਕੱਠਾ ਕਰਨ ਵਾਲੀਆਂ 43 ਥੈਲੀਆਂ ਨੂੰ ਜ਼ਬਤ ਕਰ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਸਟਾਕ ਰਜਿਸਟਰ 'ਚ ਇਨ੍ਹਾਂ ਥੈਲੀਆਂ ਦੀ ਕੋਈ ਐਂਟਰੀ ਦਰਜ ਨਹੀਂ ਕੀਤੀ ਗਈ ਸੀ।
ਸੁਰੱਖਿਅਤ ਅਤੇ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਆਪਣੀ ਨਿੱਜੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਸਿਹਤ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਇਸ ਸਬੰਧੀ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵਿਭਾਗ ਨੂੰ ਇਹ ਮੁਹਿੰਮ ਹੋਰ ਤੇਜ਼ ਕਰਨ ਲਈ ਕਿਹਾ ਤਾਂ ਜੋ ਮੈਡੀਕਲ ਪ੍ਰੋਟੋਕੋਲ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਪਤਾ ਲਗਾਇਆ ਜਾ ਸਕੇ।
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਦਿਖਾਏ ਤੇਵਰ, ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ
NEXT STORY