ਜਲੰਧਰ (ਬਿਊਰੋ) : ਡਿਪਟੀ ਕਮਿਸਨਰ ਪੁਲਸ ਅੰਕੁਰ ਗੁਪਤਾ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤਾ ਹੈ ਕਿ ਕਮਿਸ਼ਨਰੇਟ ਪੁਲਸ ਦੀ ਹਦੂਦ ਅੰਦਰ ਬੁਲੇਟ ਮੋਟਰ ਸਾਈਕਲ ਚਲਾਉਂਦੇ ਸਮੇਂ ਸਾਈਲੈਂਸਰ ’ਚ ਤਕਨੀਕੀ ਫੇਰਬਦਲ ਕਰਵਾ ਕੇ ਪਟਾਕੇ ਆਦਿ ਚਲਾਉਣ ਵਾਲੇ ਵਾਹਨ ਚਾਲਕਾਂ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਦੁਕਾਨਦਾਰ, ਆਟੋ ਕੰਪਨੀ ਵਲੋਂ ਨਿਰਧਾਰਿਤ ਕੀਤੇ ਮਾਪਦੰਡਾਂ ਦੇ ਵਿਰੁੱਧ ਤਿਆਰ ਕੀਤੇ ਸਾਈਲੈਂਸਰ ਨਹੀਂ ਵੇਚੇਗਾ ਅਤੇ ਨਾ ਹੀ ਕਿਸੇ ਮਕੈਨਿਕ ਵਲੋਂ ਸਾਇਲੈਂਸਰਾਂ ’ਚ ਤਕਨੀਕੀ ਫੇਰ ਬਦਲ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਪੁਲਸ ਨੇ ਇਕ ਹੋਰ ਹੁਕਮ ਰਾਹੀਂ ਕਮਿਸ਼ਨਰੇਟ ਪੁਲਸ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਹਥਿਆਰ ਜਿਵੇਂ ਕਿ ਬੇਸਬਾਲ, ਤੇਜ਼ ਹਥਿਆਰ, ਨੋਕੀਲਾ ਹਥਿਆਰ ਜਾਂ ਕੋਈ ਵੀ ਜਾਨਲੇਵਾ ਹਥਿਆਰ ਗੱਡੀ ’ਚ ਰੱਖ ਕੇ ਚੱਲਣ ’ਤੇ ਵੀ ਪਾਬੰਦੀ ਲਗਾਈ ਗਈ ਹੈ। ਇਸੇ ਤਰ੍ਹਾਂ ਕਮਿਸ਼ਨਰੇਟ ਪੁਲਸ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਜਲੂਸ ਕੱਢਣ, ਸਮਾਗਮ/ਜਲੂਸ ’ਚ ਹਥਿਆਰ ਲੈ ਕੇ ਚੱਲਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਨਾਅਰੇਬਾਜ਼ੀ ਕਰਨ ’ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਪੁਲਸ ਕਮਿਸ਼ਨਰੇਟ ਦੀ ਹਦੂਦ ਅੰਦਰ ਆਉਂਦੇ ਸਾਰੇ ਮੈਰਿਜ ਪੈਲਸਾਂ/ਹੋਟਲਾਂ ਦੇ ਦਾਅਵਤ ਹਾਲਾਂ, ਵਿਆਹ-ਸ਼ਾਦੀਆਂ ਦੇ ਪ੍ਰੋਗਰਾਮਾਂ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ ’ਚ ਪਬਲਿਕ ਵਲੋਂ ਹਥਿਆਰ ਲੈ ਕੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਮੈਰਿਜ ਪੈਲੇਸਾਂ ਅਤੇ ਦਾਅਵਤ ਹਾਲਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਮੈਰਿਜ ਪੈਲਸਾਂ/ਦਾਅਵਤ ਹਾਲਾਂ ’ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੇ ਜ਼ਿੰਮੇਵਾਰ ਹੋਣਗੇ।
ਇਹ ਵੀ ਪੜ੍ਹੋ : ਖਹਿਰਾ ਨੂੰ ਜ਼ਮਾਨਤ ਮਿਲਣ ਮਗਰੋਂ ਪੁੱਤਰ ਮਹਿਤਾਬ ਸਿੰਘ ਖਹਿਰਾ ਦਾ ਪਹਿਲਾ ਬਿਆਨ ਆਇਆ ਸਾਹਮਣੇ
ਇਕ ਹੋਰ ਹੁਕਮ ਅਨੁਸਾਰ ਕੋਈ ਵੀ ਦੁਕਾਨਦਾਰ/ਦਰਜੀ, ਸੈਨਿਕ/ਅਰਧ ਸੈਨਿਕ ਬੱਲ/ਪੁਲਸ ਦੀ ਬਣੀ ਬਣਾਈ ਵਰਦੀ ਜਾਂ ਕਪੜਾ ਲੈ ਕੇ ਸੀਤੀ ਸਿਲਾਈ ਵਰਦੀ ਬਿਨਾਂ ਖ਼ਰੀਦਦਾਰ ਦੀ ਦਰੁਸਤ ਸ਼ਨਾਖਤ ਕੀਤੇ ਨਹੀਂ ਵੇਚੇਗਾ। ਵਰਦੀ ਖ਼ਰੀਦਣ ਵਾਲੇ ਵਿਅਕਤੀ ਦੇ ਫੋਟੋ ਸ਼ਨਾਖਤੀ ਕਾਰਡ, ਜੋ ਸਮਰੱਥ ਅਧਿਕਾਰੀ ਵਲੋਂ ਉਸ ਨੂੰ ਜਾਰੀ ਕੀਤਾ ਗਿਆ ਹੋਵੇ, ਦੀ ਸਵੈ ਤਸਦੀਕਸ਼ੁਦਾ ਫੋਟੋ ਕਾਪੀ ਰੱਖੇਗਾ ਅਤੇ ਖਰੀਦਣ ਵਾਲੇ ਦਾ ਰੈਂਕ, ਨਾਂ, ਪਤਾ, ਫੋਨ ਨੰਬਰ ਅਤੇ ਤਾਇਨਾਤੀ ਦੇ ਸਥਾਨ ਸਬੰਧੀ ਰਿਕਾਰਡ ਰਜਿਸਟਰ ’ਤੇ ਮੇਨਟੇਨ ਕਰੇਗਾ ਅਤੇ ਇਹ ਰਜਿਸਟਰ ਦੋ ਮਹੀਨਿਆਂ ’ਚ ਇਕ ਵਾਰ ਸਬੰਧਿਤ ਮੁੱਖ ਥਾਣਾ ਅਫ਼ਸਰ ਪਾਸੋਂ ਤਸਦੀਕ ਕਰਵਾਏਗਾ ਅਤੇ ਲੋੜ ਪੈਣ ’ਤੇ ਰਿਕਾਰਡ ਪੁਲਸ ਨੂੰ ਮੁਹੱਈਆ ਕਰਵਾਏਗਾ। ਡਿਪਟੀ ਕਮਿਸ਼ਨਰ ਪੁਲਸ ਵਲੋਂ ਜਾਰੀ ਇਕ ਹੋਰ ਹੁਕਮ ਅਨੁਸਾਰ ਮਕਾਨ ਮਾਲਕ ਘਰਾਂ ’ਚ ਕਿਰਾਏਦਾਰ ਅਤੇ ਪੀ. ਜੀ. ਮਾਲਕ, ਪੀ. ਜੀ. ਅਤੇ ਇਸ ਤੋਂ ਇਲਾਵਾ ਆਮ ਲੋਕ ਘਰਾਂ ’ਚ ਨੌਕਰ ਅਤੇ ਹੋਰ ਕਾਮੇ ਆਪਣੇ ਨੇੜੇ ਦੇ ਪੰਜਾਬ ਪੁਲਸ ਦੇ ਸਾਂਝ ਕੇਂਦਰ ’ਚ ਜਾਣਕਾਰੀ ਦਿੱਤੇ ਬਿਨਾਂ ਨਹੀਂ ਰੱਖਣਗੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਫ਼ੌਜੀ ਜਵਾਨ ਤਰਲੋਚਨ ਸਿੰਘ ਦੀ ਸ਼ਹਾਦਤ ’ਤੇ ਅਫ਼ਸੋਸ ਦਾ ਪ੍ਰਗਟਾਵਾ
ਇਕ ਹੋਰ ਹੁਕਮ ਰਾਹੀਂ ਪੁਲਸ ਕਮਿਸ਼ਨਰੇਟ ਦੇ ਇਲਾਕੇ ’ਚ ਸਮੂਹ ਪਟਾਕਿਆਂ ਦੇ ਨਿਰਮਾਣਕਾਂ/ਡੀਲਰਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਪਟਾਖਿਆਂ ਦੇ ਪੈਕਟਾਂ ਉਪਰ ਆਵਾਜ਼ ਦਾ ਲੈਬਲ (ਡੈਸੀਬਲ ਵਿੱਚ) ਪ੍ਰਿੰਟ ਹੋਣਾ ਲਾਜ਼ਮੀ ਹੈ। ਡਿਪਟੀ ਕਮਿਸ਼ਨਰ ਪੁਲਸ ਵਲੋਂ ਜਾਰੀ ਇਕ ਹੋਰ ਹੁਕਮ ਅਨੁਸਾਰ ਕੋਈ ਵੀ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ਦੇ ਮਾਲਕ/ਪ੍ਰਬੰਧਕ ਕਿਸੇ ਵੀ ਵਿਅਕਤੀ/ਯਾਤਰੀ ਨੂੰ ਉਸ ਦੀ ਸ਼ਨਾਖਤ ਕੀਤੇ ਬਗੈਰ ਨਹੀਂ ਠਹਿਰਾਉਣਗੇ। ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ’ਚ ਠਹਿਰਣ ਵਾਲੇ ਹਰੇਕ ਵਿਅਕਤੀ/ਯਾਤਰੀ ਦਾ ਵੈਲਿਡ ਫੋਟੋ ਸ਼ਨਾਖਤੀ ਕਾਰਡ, ਜੋ ਸਮਰੱਥ ਅਧਿਕਾਰੀ ਵੱਲੋਂ ਉਸ ਨੂੰ ਜਾਰੀ ਕੀਤਾ ਗਿਆ ਹੋਵੇ, ਦੀ ਉਸ ਵਿਅਕਤੀ/ਯਾਤਰੀ ਵੱਲੋਂ ਸਵੈ-ਤਸਦੀਕਸ਼ੁਦਾ ਫੋਟੋ ਕਾਪੀ ਬਤੌਰ ਰਿਕਾਰਡ ਰੱਖੀ ਜਾਵੇ ਅਤੇ ਵਿਅਕਤੀ/ਯਾਤਰੀ ਦਾ ਮੋਬਾਇਲ ਨੰਬਰ ਤਸਦੀਕ ਕਰਨ ਤੋਂ ਇਲਾਵਾ ਠਹਿਰਣ ਵਾਲੇ ਵਿਅਕਤੀ/ਯਾਤਰੀ ਦਾ ਰਿਕਾਰਡ ਦਿੱਤੇ ਪ੍ਰੋਫਾਰਮੇ ’ਚ ਰਜਿਸਟਰ ’ਤੇ ਮੇਨਟੇਨ ਕੀਤਾ ਜਾਵੇ। ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ’ਚ ਠਹਿਰੇ ਹੋਏ ਵਿਅਕਤੀਆਂ/ਯਾਤਰੀਆਂ ਸਬੰਧੀ ਜਾਣਕਾਰੀ ਰੋਜ਼ਾਨਾ ਸਵੇਰੇ 10 ਵਜੇ ਸਬੰਧਿਤ ਮੁੱਖ ਅਫ਼ਸਰ ਥਾਣਾ ਨੂੰ ਭੇਜੀ ਜਾਵੇ ਅਤੇ ਠਹਿਰੇ ਵਿਅਕਤੀਆਂ/ਯਾਤਰੀਆਂ ਸਬੰਧੀ ਰਜਿਸਟਰ ’ਚ ਦਰਜ ਰਿਕਾਰਡ ਨੂੰ ਹਰੇਕ ਸੋਮਵਾਰ ਨੂੰ ਸਬੰਧਿਤ ਮੁੱਖ ਅਫ਼ਸਰ ਥਾਣਾ ਪਾਸੋਂ ਤਸਦੀਕ ਕਰਵਾਈ ਜਾਵੇ ਅਤੇ ਲੋੜ ਪੈਣ ’ਤੇ ਰਿਕਾਰਡ ਪੁਲਸ ਨੂੰ ਮੁਹੱਈਆ ਕਰਵਾਇਆ ਜਾਵੇ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੀ ਸ਼ਾਨਦਾਰ ਪ੍ਰਾਪਤੀ : ਸੇਵਾ ਕੇਂਦਰਾਂ ਰਾਹੀਂ ਸੇਵਾਵਾਂ ਦੇਣ ’ਚ ਸੂਬੇ ’ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ
ਇਸ ਤੋਂ ਇਲਾਵਾ ਜਦੋਂ ਵੀ ਕੋਈ ਵਿਦੇਸ਼ੀ ਵਿਅਕਤੀ ਕਿਸੇ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ’ਚ ਠਹਿਰਦਾ ਹੈ ਤਾਂ ਇਸ ਸਬੰਧੀ ਇਤਲਾਹ ਇੰਚਾਰਜ ਫੌਰਨਰਸ ਰਜਿਸਟਰੇਸ਼ਨ ਆਫਿਸ, ਦਫ਼ਤਰ ਕਮਿਸ਼ਨਰ ਪੁਲਸ, ਜਲੰਧਰ ਨੂੰ ਦਿੱਤੀ ਜਾਵੇ। ਇਸ ਤੋਂ ਇਲਾਵਾ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਂ ਦੇ ਕੋਰੀਡੋਰ, ਲਿਫ਼ਟ, ਰਿਸੈਪਸ਼ਨ ਕਾਊਂਟਰ ਅਤੇ ਮੁੱਖ ਪ੍ਰਵੇਸ਼ ਦਰਵਾਜ਼ੇ ’ਤੇ ਸੀ. ਸੀ. ਟੀ. ਵੀ ਕੈਮਰੇ ਲਗਾਏ ਜਾਣਗੇ। ਜੇਕਰ ਕੋਈ ਸ਼ੱਕੀ ਵਿਅਕਤੀ ਹੋਟਲ/ਮੋਟਲ/ਗੈਸਟ ਹਾਊਸ, ਰੈਸਟੋਰੈਂਟ ਅਤੇ ਸਰ੍ਹਾਂ ਵਿਖੇ ਠਹਿਰਦਾ/ਆਉਂਦਾ ਹੈ, ਜੋ ਕਿਸੇ ਪੁਲਸ ਕੇਸ ’ਚ ਲੋੜੀਂਦਾ ਹੈ ਜਾਂ ਕਿਸੇ ਹੋਟਲ/ਰੈਸਟੋਰੈਂਟ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਂ ’ਚੋਂ ਠਹਿਰੇ/ਆਏ ਵਿਅਕਤੀ/ਯਾਤਰੀ ਨੂੰ ਕਿਸੇ ਹੋਰ ਰਾਜ/ਜ਼ਿਲ੍ਹੇ ਦੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਹੋਟਲ/ਰੈਸਟੋਰੈਂਟ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਂ ਦਾ ਮਾਲਕ/ਪ੍ਰਬੰਧਕ ਤੁਰੰਤ ਇਸ ਦੀ ਸੂਚਨਾ ਸਬੰਧਤ ਥਾਣੇ/ਪੁਲਸ ਕੰਟਰੋਲ ਰੂਮ ਨੂੰ ਦੇਣ ਦੇ ਜ਼ਿੰਮੇਵਾਰ ਹੋਣਗੇ। ਉਪਰੋਕਤ ਸਾਰੇ ਹੁਕਮ 13.04.2024 ਤੱਕ ਲਾਗੂ ਰਹਿਣਗੇ।
ਇਹ ਵੀ ਪੜ੍ਹੋ : ਸ਼ਹੀਦ ਫ਼ੌਜੀ ਤਰਲੋਚਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ
‘ਜਗਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਲੰਧਰ ਤੋਂ ਵੱਡੀ ਖ਼ਬਰ, ਨਾਬਾਲਗ ਕੁੜੀ ਨਾਲ ਦੋ ਨੌਜਵਾਨਾਂ ਵੱਲੋਂ ਗੈਂਗਰੇਪ, ਵੀਡੀਓ ਹੋਈ ਵਾਇਰਲ
NEXT STORY