ਜਲੰਧਰ (ਬਿਊਰੋ)- ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ.) ਵਲੋਂ ਬਹਿਬਲ ਕਲਾਂ ਤੇ ਕੋਟਕਪੂਰਾ ਪੁਲਸ ਫਾਇਰਿੰਗ ਮਾਮਲੇ ਵਿਚ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਭੇਜਿਆ ਗਿਆ ਹੈ। ਐਸ.ਆਈ.ਟੀ. ਦੀ 5 ਮੈਂਬਰੀ ਕਮੇਟੀ ਵਿਚ ਸ਼ਾਮਲ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਇਹ ਸੰਮਨ ਭੇਜਿਆ ਗਿਆ ਹੈ। ਐਸ.ਆਈ.ਟੀ. ਨੇ ਬਾਦਲ ਪਿਓ-ਪੁੱਤ ਨੂੰ 16 ਅਤੇ 19 ਅਤੇ ਅਕਸ਼ੈ ਕੁਮਾਰ ਨੂੰ 21 ਨਵੰਬਰ ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਕੁੰਵਰ ਵਿਜੇ ਪ੍ਰਤਾਪ ਨੇ ਦੱਸਿਆ ਕਿ ਐਸਆਈਟੀ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਥਾਣਾ ਸਿਟੀ ਕੋਟਕਪੂਰਾ ਵਿੱਚ ਸੱਤ ਅਕਤੂਬਰ 2018 ਨੂੰ ਆਈਪੀਸੀ ਦੀ ਧਾਰਾ 307, 323, 341, 148,149 ਅਤੇ ਆਰਮਜ਼ ਐਕਟ ਦੀ ਧਾਰਾ 27 ਤਹਿਤ ਦਰਜ ਮੁਕੱਦਮਾ ਨੰਬਰ 129 ਬਾਬਤ ਪੁੱਛ-ਗਿੱਛ ਸਬੰਧੀ ਤਿੰਨਾਂ ਨੂੰ ਵੱਖ-ਵੱਖ ਦਿਨ ਸੰਮਣ ਭੇਜੇ ਹਨ। ਵਿਸ਼ੇਸ਼ ਜਾਂਚ ਟੀਮ ਵੱਲੋਂ ਇਨ੍ਹਾਂ ਘਟਨਾਵਾਂ ਨਾਲ ਸੰਬੰਧਿਤ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ 50 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ ਜਦਕਿ 30 ਜੂਨੀਅਰ ਅਧਿਕਾਰੀਆਂ ਦੇ ਬਿਆਨ ਰਿਕਾਰਡ ਕੀਤੇ ਗਏ ਹਨ।
ਮਾਮਲੇ ਵਿਚ ਅਗਲੇਰੀ ਕਾਰਵਾਈ ਦੋ ਦਿਨ ਪਹਿਲਾਂ ਸਾਬਕਾ ਕੋਟਕਪੁਰਾ ਤੋਂ ਅਕਾਲੀ ਐਮ.ਐਲ.ਏ. ਮਨਤਾਰ ਸਿੰਘ ਬਰਾੜ ਕੋਲੋਂ ਹੋਈ ਪੁੱਛ-ਗਿੱਛ ਤੋਂ ਬਾਅਦ ਕੀਤੀ ਜਾ ਰਹੀ ਹੈ। ਉਸ ਨੇ ਐਸ.ਆਈ.ਟੀ. ਨੂੰ ਦੱਸਿਆ ਸੀ ਕਿ ਉਸ ਨੇ ਕੋਟਕਪੁਰਾ ਮਾਮਲੇ ਵਿਚ ਵਿਗੜ ਰਹੀ ਹਾਲਤ ਬਾਰੇ ਸੀਨੀਅਰ ਬਾਦਲ ਨੂੰ ਜਾਣੂੰ ਕਰਵਾਇਆ ਸੀ। ਬਰਾੜ ਨੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ਵਿਚ ਸਾਨੂੰ ਸੁਰੱਖਿਆ ਬਲਾਂ ਦੀ ਵਰਤੋਂ ਨਹੀਂ ਕਰਨ ਦਿੱਤੀ ਸੀ।
ਸੇਵਾ ਸਿੰਘ ਸੇਖਵਾਂ ਸਮੇਤ ਕਈ ਲੀਡਰਾਂ ਨੇ ਇਹ ਦਾਅਵਾ ਕੀਤਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨਾਲ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੇ ਮੁੰਬਈ ਸਥਿਤ ਘਰ ਵਿੱਚ ਮੁਲਾਕਾਤ ਕੀਤੀ ਸੀ। ਇਹ ਵੀ ਦੋਸ਼ ਲਾਏ ਗਏ ਸਨ ਕਿ ਡੇਰਾ ਮੁਖੀ ਨੂੰ ਅਕਾਲ ਤਖ਼ਤ ਤੋਂ ਮੁਆਫ਼ੀ ਦਿਵਾਉਣ ਦੀ ਸੈਟਿੰਗ ਅਕਸ਼ੇ ਦੇ ਘਰ ਹੀ ਕੀਤੀ ਗਈ ਸੀ।
ਝੋਨੇ ਦੀ ਫਰਜੀ ਖ਼ਰੀਦ ਦਾ ਮਾਮਲਾ ਭਖਿਆ, ਇੰਸਪੈਕਟਰ ਸਸਪੈਂਡ
NEXT STORY