ਬਟਾਲਾ (ਬੇਰੀ, ਗੋਰਾਇਆ, ਮਠਾਰੂ, ਜ. ਬ.) - ਪਹਿਲੀ ਪਾਤਿਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ-ਪੁਰਬ ਮੌਕੇ ਬਟਾਲਾ ਪੁਲਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਬਟਾਲਾ ਪੁਲਸ ਨੇ ਸੁਰੱਖਿਆ ਦਾ ਸਾਰਾ ਖਾਕਾ ਤਿਆਰ ਕਰ ਲਿਆ ਹੈ ਅਤੇ ਪੂਰੇ ਬਟਾਲਾ ਸ਼ਹਿਰ ਨੂੰ ਸੁਰੱਖਿਆ ਛਤਰੀ ਨਾਲ ਢਕ ਦਿੱਤਾ ਜਾਵੇਗਾ। ਐੱਸ. ਐੱਸ. ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਨੇ ਵਿਆਹ-ਪੁਰਬ ਦੇ ਮੱਦੇਨਜ਼ਰ ਪੁਲਸ ਵਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਬਾਰੇ ਦੱਸਿਆ ਕਿ ਬਟਾਲਾ ’ਚ 1800 ਤੋਂ ਵੱਧ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਨੂੰ ਸਖਤ ਕਰਨ ਲਈ ਡਰੋਨ ਦਾ ਇਸਤੇਮਾਲ ਵੀ ਕੀਤਾ ਜਾਵੇਗਾ।
ਹੁੱਲਡ਼ਬਾਜ਼ੀ ਕਰਨ ਵਾਲੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ
ਐੱਸ. ਐੱਸ. ਪੀ. ਘੁੰਮਣ ਨੇ ਪੁਲਸ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਇਸ ਪਾਵਨ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਸੰਗਤਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਜੋ ਕੋਈ ਸ਼ਰਾਰਤੀ ਅਨਸਰ ਇਸ ਮੌਕੇ ਖਲਲ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ’ਚ ਤੀਹਰੀ ਸਵਾਰੀ ਵਾਲੇ ਮੋਟਰਸਾਈਕਲ ਚਾਲਕਾਂ, ਬੁਲੇਟ ਮੋਟਰਸਾਈਕਲ ਰਾਹੀਂ ਪਟਾਕੇ ਮਾਰਨ ਵਾਲਿਆਂ ਅਤੇ ਟਰੈਕਟਰਾਂ ’ਤੇ ਉੱਚੀ ਆਵਾਜ਼ ’ਚ ਸਪੀਕਰ ਲਗਾ ਕੇ ਸੰਗਤਾਂ ਨੂੰ ਪਰੇਸ਼ਾਨ ਕਰਨ ਵਾਲੇ ਸ਼ਰਾਰਤੀਆਂ ਖਿਲਾਫ਼ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਆਹ ਪੁਰਬ ਦੌਰਾਨ ਕਿਸੇ ਨੂੰ ਵੀ ਗਡ਼ਬਡ਼ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ।
ਐੱਸ. ਐੱਸ. ਪੀ. ਦੀ ਸ਼ਹਿਰ ਵਾਸੀਆਂ ਨੂੰ ਅਪੀਲ
ਐੱਸ. ਐੱਸ. ਪੀ. ਬਟਾਲਾ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਟਰੈਕਟਰ-ਟਰਾਲੀਆਂ ਸਡ਼ਕ ਦੇ ਕਿਨਾਰੇ ਇਸ ਢੰਗ ਨਾਲ ਲਾਉਣ ਕੇ ਆਵਾਜਾਈ ’ਚ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਨਾਲ ਹੀ ਕਿਹਾ ਕਿ ਪਾਲਕੀ ਸਾਹਿਬ ਦੇ ਅੱਗੇ ਕੋਈ ਵੀ ਟਰੈਕਟਰ-ਟਰਾਲੀ ਨਾ ਲਾਈ ਜਾਵੇ ਅਤੇ ਹੋਰ ਵਾਹਨ ਵੀ ਕੇਵਲ ਪਾਲਕੀ ਸਾਹਿਬ ਦੇ ਪਿੱਛੇ ਹੀ ਲਾਏ ਜਾਣ।
ਪੀ. ਏ. ਪੀ. ਜਲੰਧਰ ਤੋਂ ਵੀ ਸ਼ਾਮਲ ਹੋਣਗੇ ਜਵਾਨ
ਜ਼ਿਲਾ ਪੁਲਸ ਮੁਖੀ ਓਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਬਟਾਲਾ ਪੁਲਸ ਸਮੇਤ 4 ਹੋਰ ਜ਼ਿਲਿਆਂ ਪਠਾਨਕੋਟ, ਗੁਰਦਾਸਪੁਰ, ਤਰਨ-ਤਾਰਨ ਅਤੇ ਅੰਮ੍ਰਿਤਸਰ ਰੂਰਲ ਦੀ ਪੁਲਸ ਬਟਾਲਾ ਸ਼ਹਿਰ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸੁਰੱਖਿਆ ਲਈ ਬਟਾਲਾ ’ਚ 1800 ਤੋਂ ਵੱਧ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ’ਚ ਕੁਝ ਜਵਾਨ ਪੀ. ਏ. ਪੀ. ਜਲੰਧਰ ਤੋਂ ਵੀ ਸ਼ਾਮਲ ਹੋਣਗੇ। ਸਾਰੇ ਸੁਰੱਖਿਆ ਪ੍ਰਬੰਧਾਂ ਦੀ ਕਮਾਂਡ ਉਹ ਖੁਦ ਕਰਨਗੇ ਅਤੇ ਉਨ੍ਹਾਂ ਨਾਲ 3 ਐੱਸ. ਪੀ., 11 ਡੀ. ਐੱਸ. ਪੀ. ਅਤੇ 42 ਇੰਸਪੈਕਟਰ ਪੱਧਰ ਦੇ ਅਧਿਕਾਰੀ ਤਾਇਨਾਤ ਰਹਿਣਗੇ।
7 ਸੈਕਟਰਾਂ ’ਚ ਵੰਡਿਆ ਗਿਆ ਸ਼ਹਿਰ
ਐੱਸ. ਐੱਸ. ਪੀ. ਨੇ ਦੱਸਿਆ ਕਿ ਪੂਰੇ ਬਟਾਲਾ ਸ਼ਹਿਰ ਨੂੰ 7 ਸੈਕਟਰਾਂ ’ਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ’ਚ ਪੁਲਸ ਸਹਾਇਤਾ ਕੇਂਦਰ ਵੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ 4 ਅਤੇ 5 ਸਤੰਬਰ ਨੂੰ ਨਗਰ ਕੀਰਤਨ ਦੇ ਰੂਟ ਨੂੰ ਵੀ 2 ਸੈਕਟਰਾਂ ’ਚ ਵੰਡਿਆ ਗਿਆ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਵਿੱਤਰ ਪੁਰਬ ਨੂੰ ਪੂਰੀ ਸ਼ਰਧਾ ਨਾਲ ਮਨਾਉਂਦਿਆਂ ਪੁਲਸ ਤੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ।
ਦੇਸ਼ ਭਰ ’ਚ ਮਿਲਾਵਟੀ ਭੋਜਨ ਪਦਾਰਥਾਂ ’ਤੇ ਰੋਕ ਲਾਉਣ ’ਚ ਪੰਜਾਬ ਮੋਹਰੀ
NEXT STORY