ਬਠਿੰਡਾ (ਜ. ਬ.) : ਇਕ ਵਿਅਕਤੀ ਨੇ ਆਪਣਾ ਏ. ਟੀ. ਐੱਮ. ਕਾਰਡ ਕਿਸੇ ਨੂੰ ਨਹੀਂ ਦਿੱਤਾ। ਨਾ ਹੀ ਕਿਸੇ ਨੂੰ ਪਾਸਵਰਡ ਦੱਸਿਆ। ਫਿਰ ਵੀ ਉਸ ਦੇ ਖਾਤੇ ‘ਚੋਂ ਏ. ਟੀ. ਐੱਮ. ਰਾਹੀਂ 4 ਲੱਖ ਰੁਪਏ ਚੋਰੀ ਕਰ ਲਏ ਗਏ।
ਗੁਰਜੀਤ ਸਿੰਘ ਵਾਸੀ ਭਾਗੂ ਰੋਡ ਬਠਿੰਡਾ ਵੱਲੋਂ ਐੱਸ. ਐੱਸ. ਪੀ. ਬਠਿੰਡਾ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਕੁਝ ਸਮਾਂ ਪਹਿਲਾਂ ਉਸ ਦੀ ਪਤਨੀ ਦਾ ਦਿਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਲਈ ਬੈਂਕ ਖਾਤਿਆਂ ਜਾਂ ਹੋਰ ਕੰਮਾਂ ਦੀ ਕਦੇ ਪੜਤਾਲ ਨਹੀਂ ਕੀਤੀ। ਬੀਤੇ ਦਿਨ ਜਦੋਂ ਉਸ ਨੇ ਬੈਂਕ ਦੀ ਸਟੇਟਮੈਂਟ ਕਢਵਾਈ ਤਾਂ ਪਤਾ ਲੱਗਾ ਕਿ ਉਸ ਦੇ ਖਾਤੇ ‘ਚੋਂ ਏ. ਟੀ. ਐੱਮ. ਰਾਹੀਂ ਰੋਜ਼ਾਨਾ 20 ਹਜ਼ਾਰ ਰੁਪਏ ਕਢਵਾਏ ਜਾ ਰਹੇ ਹਨ। ਇਹ ਸਿਲਸਿਲਾ ਲਗਾਤਾਰ 20 ਦਿਨਾਂ ਤੋਂ ਜਾਰੀ ਸੀ। ਇਸ ਤਰ੍ਹਾਂ ਅਣਪਛਾਤੇ ਚੋਰਾਂ ਨੇ ਉਸ ਦੇ ਖਾਤੇ ‘ਚੋਂ 4 ਲੱਖ ਰੁਪਏ ਚੋਰੀ ਕਰ ਲਏ। ਉਕਤ ਦਾ ਏ. ਟੀ. ਐੱਮ. ਕਾਰਡ ਵੀ ਚੋਰੀ ਨਹੀਂ ਹੋਇਆ। ਨਾ ਹੀ ਉਸ ਨੇ ਆਪਣਾ ਪਾਸਵਰਡ ਕਿਸੇ ਹੋਰ ਨੂੰ ਦੱਸਿਆ ਹੈ। ਫਿਰ ਵੀ ਇਸ ਤਰ੍ਹਾਂ ਚੋਰੀ ਹੋਣ ਪਿੱਛੇ ਚੰਗੀ ਤਕਨੀਕ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀਆਂ ਚੋਰੀਆਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਕਈ ਮਾਮਲੇ ਹੱਲ ਵੀ ਕੀਤੇ ਗਏ ਹਨ। ਇਨ੍ਹਾਂ ਪਿੱਛੇ ਕਿਸੇ ਏ. ਟੀ. ਐੱਮ. ਇੰਜੀਨੀਅਰ ਆਦਿ ਦਾ ਹੱਥ ਹੀ ਸਾਹਮਣੇ ਆਇਆ ਹੈ। ਹੁਣ ਵੀ ਸੰਭਾਵਨਾ ਹੈ ਕਿ ਇਸ ਵਾਰਦਾਤ ਨਾਲ ਕੋਈ ਇੰਜੀਨੀਅਰ ਜ਼ਰੂਰ ਸਬੰਧ ਰੱਖਦਾ ਹੈ।
ਕੀ ਕਹਿੰਦੀ ਹੈ ਪੁਲਸ?
ਜਾਂਚ ਅਧਿਕਾਰੀ ਐੱਸ. ਪੀ. (ਡੀ) ਬਲਵਿੰਦਰ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਉਕਤ ਖਾਤੇ ‘ਚੋਂ ਏ. ਟੀ. ਐੱਮ. ਰਾਹੀਂ ਇਕੱਲੇ ਬਠਿੰਡਾ ਜਾਂ ਪੰਜਾਬ ‘ਚ ਹੀ ਨਹੀਂ, ਸਗੋਂ ਬਾਹਰੀ ਸੂਬਿਆਂ ‘ਚ ਵੀ ਪੈਸੇ ਕਢਵਾਏ ਗਏ ਹਨ। ਸਬੰਧਤ ਏ. ਟੀ. ਐੱਮਜ਼. ਦੇ ਸੀ. ਸੀ. ਟੀ. ਵੀ. ਤੋਂ ਫੁਟੇਜ ਲੈ ਕੇ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਵੀ ਫੁਟੇਜ ਮਿਲੀ ਹੈ, ਉਸ ਨੂੰ ਸ਼ੋਸ਼ਲ ਮੀਡੀਆ ‘ਤੇ ਵੀ ਪਾਇਆ ਜਾ ਰਿਹਾ ਹੈ। ਹੋ ਸਕਦਾ ਹੈ ਕਿ ਕਿਸੇ ਮੁਲਜ਼ਮ ਦੀ ਸ਼ਨਾਖਤ ਹੋ ਜਾਵੇ। ਇਸ ਤੋਂ ਇਲਾਵਾ ਪੁਲਸ ਪਾਰਟੀ, ਜਿਸ ਦੀ ਅਗਵਾਈ ਬਲਵੰਤ ਸਿੰਘ ਐੱਸ. ਆਈ. ਕਚਹਿਰੀ ਚੌਕੀ ਕਰ ਰਹੇ ਹਨ, ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਜਲਦ ਹੀ ਚੋਰਾਂ ਦੇ ਫੜੇ ਜਾਣ ਦੀ ਸੰਭਾਵਨਾ ਹੈ।
ਫਿਰੋਜ਼ਪੁਰ ਦੀਆਂ ਕੁੜੀਆਂ ਨੇ ਚੁੱਕਿਆ ਆਪਣੀ ਸੁਰੱਖਿਆ ਕਰਨ ਦਾ ਜਿੰਮਾ
NEXT STORY