ਭਵਾਨੀਗੜ੍ਹ (ਵਿਕਾਸ, ਸੰਜੀਵ) : ਪੰਡ ਨਦਾਮਪੁਰ ਨੇੜੇ ਪੰਜਾਬ ਹੈਰੀਟੇਜ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਸਰਕਾਰੀ ਪੈਟਰੋਲ ਪੰਪ ਤੋਂ 4 ਨਕਾਬਪੋਸ਼ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ 34 ਹਜ਼ਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਤਿੰਨ ਦਿਨਾਂ ਦੌਰਾਨ ਇਲਾਕੇ ਵਿਚ ਪੈਟਰੋਲ ਪੰਪ ਲੁੱਟਣ ਦੀ ਇਸ ਦੂਜੀ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮੈਨੇਜਰ ਹਿੰਮਤ ਸਿੰਘ ਨੇ ਦੱਸਿਆ ਕਿ ਅੱਜ ਇਕ ਸਕੂਟਰੀ ਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ 4 ਨਕਾਬਪੋਸ਼ ਵਿਅਕਤੀ ਪੈਟਰੋਲ ਪਵਾਉਣ ਲਈ ਆਏ ਸਨ। ਇਸ ਦੌਰਾਨ ਉਹ ਪੰਪ ਦੇ ਕਰਿੰਦੇ ਨੂੰ ਪਿਸਤੌਲ ਦੀ ਨੋਕ 'ਤੇ ਧੂਹ ਕੇ ਕੈਬਿਨ ਅੰਦਰ ਲੈ ਗਏ, ਜਿੱਥੇ ਉਹ ਆਪ ਵੀ ਮੌਜੂਦ ਸੀ। ਇਸ ਦੌਰਾਨ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਨੂੰ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਅਤੇ 33 ਹਜ਼ਾਰ 765 ਰੁਪਏ ਲੁੱਟ ਲਏ। ਹਿੰਮਤ ਸਿੰਘ ਨੇ ਦੱਸਿਆ ਕਿ ਲੁਟੇਰੇ ਜਾਂਦੇ ਹੋਏ ਉਸ ਦਾ ਮੋਬਾਈਲ ਫ਼ੋਨ ਤੇ ਜੇਬ ਚੋਂ ਪਰਸ, ਜਿਸ ਵਿਚ ਕਰੀਬ 2400 ਰੁਪਏ ਸਨ ਸਮੇਤ ਕਰਿੰਦੇ ਦਾ ਮੋਬਾਈਲ ਫੋਨ ਵੀ ਖੋਹ ਕੇ ਭਵਾਨੀਗੜ੍ਹ ਵੱਲ ਨੂੰ ਫਰਾਰ ਹੋ ਗਏ।
ਪੰਪ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਪੈਟਰੋਲ ਪੰਪ 'ਤੇ ਸੀ.ਸੀ.ਟੀ.ਵੀ. ਕੈਮਰੇ ਨਾ ਲੱਗੇ ਹੋਣ ਕਾਰਨ ਅੱਜ ਦੀ ਇਹ ਵਾਰਦਾਤ ਕੈਮਰੇ ਵਿਚ ਕੈਦ ਨਾ ਹੋ ਸਕੀ। ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਐੱਸ.ਪੀ. ਸੰਗਰੂਰ ਹਰਿੰਦਰ ਸਿੰਘ, ਡੀ.ਐੱਸ.ਪੀ. ਭਵਾਨੀਗੜ੍ਹ ਸੁਖਰਾਜ ਸਿੰਘ, ਐੱਸ.ਐੱਚ.ਓ. ਭਵਾਨੀਗੜ੍ਹ ਪ੍ਰਿਤਪਾਲ ਸਿੰਘ ਸਮੇਤ ਐੱਸ.ਆਈ. ਗੀਤਾ ਰਾਣੀ ਚੌਕੀ ਇੰਚਾਰਜ ਕਾਲਾਝਾੜ ਨੇ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਡੀ.ਐੱਸ.ਪੀ. ਭਵਾਨੀਗੜ੍ਹ ਸੁਖਰਾਜ ਸਿੰਘ ਨੇ ਕਿਹਾ ਕਿ ਨਾਭਾ ਰੋਡ 'ਤੇ ਸਥਿਤ ਇਕ ਪੈਟਰੋਲ ਪੰਪ 'ਤੇ 2 ਦਿਨ ਪਹਿਲਾਂ ਹੋਈ ਲੁੱਟ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੇ ਇਲਾਕੇ ਦੇ ਪੈਟਰੋਲ ਪੰਪ ਮਾਲਕਾਂ ਨਾਲ ਜ਼ਰੂਰੀ ਮੀਟਿੰਗ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਪੈਟਰੋਲ ਪੰਪਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਦੇ ਨਿਰਦੇਸ਼ ਦਿੱਤੇ ਸਨ। ਫਿਲਹਾਲ ਲੁੱਟ ਦੀ ਘਟਨਾ ਦੀ ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਸ ਨੇ ਇਲਾਕੇ ਵਿਚ ਨਾਕਾਬੰਦੀ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੇਫ 'ਚ ਰੱਖੀ ਨਕਦੀ ਦਾ ਹੋਇਆ ਬਚਾਅ
ਪੈਟਰੋਲ ਪੰਪ ਦੇ ਮੈਨੇਜਰ ਹਿੰਮਤ ਸਿੰਘ ਨੇ ਦੱਸਿਆ ਕਿ ਪੈਟਰੋਲ ਪੰਪ ਦੇ ਕੈਬਿਨ ਵਿਚ ਸੇਫ ਅੰਦਰ ਰੱਖੀ ਕਰੀਬ 1 ਲੱਖ ਰੁਪਏ ਦੀ ਨਕਦੀ ਦਾ ਲੁਟੇਰਿਆਂ ਤੋਂ ਬਚਾਅ ਹੋ ਗਿਆ ਹੈ, ਜੋ ਪੰਪ 'ਤੇ ਪਿਛਲੇ ਦਿਨਾਂ ਦੌਰਾਨ ਹੋਈ ਸੇਲ ਦੀ ਸੀ।
ਬੇਅਦਬੀ ਮਾਮਲੇ 'ਚ ਪਰਮਰਾਜ ਉਮਰਾਨੰਗਲ ਨੂੰ ਹਾਈਕੋਰਟ ਵਲੋਂ ਰਾਹਤ
NEXT STORY