ਜਲੰਧਰ (ਸ਼ਿਵ) - ਐੱਨ. ਜੀ. ਟੀ. ਦੀ ਨਿਗਰਾਨੀ ਟੀਮ ਨੇ ਸੰਸਾਰਪੁਰ ਟੈਰਿਫ਼ ਦੀਆਂ 2 ਫ਼ੈਕਟਰੀਆਂ ਵਲੋਂ ਸਵਾਂ ਦਰਿਆ ਤੋਂ ਬਿਆਸ ਦਰਿਆ ’ਚ ਗੰਦਾ ਪਾਣੀ ਸੁੱਟਣ ਦੇ ਮਾਮਲੇ 'ਚ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਮਾਮਲਾ ਦਰਜ ਹੋਣ ਮਗਰੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵੀ ਹਿਮਾਚਲ ਪ੍ਰਦੇਸ਼ ਕੰਟਰੋਲ ਬੋਰਡ ਨੂੰ ਇਨ੍ਹਾਂ ਫ਼ੈਕਟਰੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਹਿ ਗਈ ਹੈ। ਦੱਸ ਦੇਈਏ ਕਿ ਨਵੰਬਰ ਮਹੀਨੇ ਜਦੋਂ ਚੇਅਰਮੈਨ ਜਸਟਿਸ ਜਸਬੀਰ ਸਿੰਘ ਦੀ ਅਗਵਾਈ ’ਚ ਐੱਨ. ਜੀ. ਟੀ. ਦੀ ਨਿਗਰਾਨੀ ਟੀਮ ਨੇ ਤਲਵਾੜਾ ਤੋਂ ਹੁੰਦੇ ਹੋਏ ਹਿਮਾਚਲ ਦੀ ਸਰਹੱਦ ਸਵਾਂ ਤੋਂ ਗੰਦਾ ਪਾਣੀ ਬਿਆਸ ’ਚ ਸੁੱਟਣ ਦਾ ਮਾਮਲਾ ਫੜਿਆ ਸੀ ਤਾਂ ਉਸ ਵੇਲੇ ਉਨ੍ਹਾਂ ਸੁੱਟੇ ਜਾ ਰਹੇ ਪਾਣੀ ਦੇ ਨਮੂਨੇ ਲਏ ਸਨ।
ਜਾਣਕਾਰੀ ਅਨੁਸਾਰ ਹਿਮਾਚਲ ਦੇ ਸੰਸਾਰਪੁਰ ਟੈਰਿਫ਼ 'ਚ ਲੱਗੀਆਂ ਕੁਝ ਫ਼ੈਕਟਰੀਆਂ ਗੁਪਤ ਤੌਰ ’ਤੇ ਗੰਦਾ ਪਾਣੀ ਪਲਾਸਟਿਕ ਦੇ ਪਾਈਪਾਂ ਰਾਹੀਂ ਪਹਿਲਾਂ ਸਵਾਂ ਦਰਿਆ ’ਚ ਸੁੱਟਦੇ ਸਨ, ਜਿਸ ਤੋਂ ਬਾਅਦ ਇਹੋ ਪਾਣੀ ਬਿਆਸ ਦਰਿਆ ’ਚ ਜਾਂਦਾ ਸੀ। ਬੋਰਡ ਦੇ ਸੀਨੀਅਰ ਅਧਿਕਾਰੀ ਇੰਜੀ. ਹਰਬੀਰ ਸਿੰਘ ਮੁਤਾਬਕ ਐੱਨ. ਜੀ. ਟੀ. ਦੀ ਮਿਲੀ ਰਿਪੋਰਟ ਦੇ ਤਹਿਤ ਅਜਿਹੀਆਂ ਫ਼ੈਕਟਰੀਆਂ ਨੂੰ 10 ਲੱਖ ਰੁਪਏ ਵਾਤਾਵਰਨ ਸਬੰਧੀ ਜੁਰਮਾਨਾ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ। ਰਿਪੋਰਟ ’ਚ ਇਹ ਵੀ ਸਿੱਧ ਹੋਇਆ ਹੈ ਕਿ ਜਿੰਨਾ ਪਾਣੀਆਂ ਦੇ ਨਮੂਨੇ ਭਰੇ ਗਏ ਸਨ, ਉਹ ਫ਼ੇਲ੍ਹ ਹੋ ਗਏ ਹਨ। ਦੱਸ ਦੇਈਏ ਕਿ ਐੱਨ. ਜੀ. ਟੀ. (ਨੈਸ਼ਨਲ ਗਰੀਨ ਟਿ੍ਬਿਊਨਲ) ਨੇ ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ, ਕੂੜੇ ਦੀ ਸਮੱਸਿਆ ਹੱਲ ਕਰਾਉਣ ਬਾਰੇ ਜਸਟਿਸ ਜਸਬੀਰ ਸਿੰਘ ਦੀ ਅਗਵਾਈ ’ਚ ਨਿਗਰਾਨੀ ਟੀਮ ਦਾ ਗਠਨ ਕੀਤਾ ਹੋਇਆ ਹੈ, ਜਿਹੜੀ ਕਿ ਸਮੇਂ-ਸਮੇਂ ਸਿਰ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਣਕਾਰੀ ਲੈ ਕੇ ਕਾਰਵਾਈ ਕਰ ਰਹੀ ਹੈ। ਟੀਮ ਦੀ ਸਖ਼ਤੀ ਕਰਕੇ ਬਿਆਸ ਦਰਿਆ 'ਚ ਕਈ ਜਗ੍ਹਾ ਤੋਂ ਗੰਦਾ ਪਾਣੀ ਸੁੱਟਣ ਦਾ ਕੰਮ ਬੰਦ ਕਰਵਾਇਆ ਗਿਆ ਹੈ ।
ਲਾਂਘਾ ਖੁੱਲ੍ਹਣ ਦੇ 74 ਦਿਨਾਂ 'ਚ ਜਾਣੋ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕਿੰਨੇ ਸ਼ਰਧਾਲੂ ਹੋਏ ਨਤਮਸਤਕ
NEXT STORY