ਪਟਿਆਲਾ, (ਜਗ ਬਾਣੀ ਟੀਮ)— ਪੰਜਾਬ 'ਚੋਂ ਲੰਘਦੇ ਸਤਲੁਜ ਦਰਿਆ ਦਾ ਪਾਣੀ ਇਕ ਮਹੀਨੇ ਦੌਰਾਨ ਸਾਫ ਨਹੀਂ ਹੋਇਆ ਜਦਕਿ ਬਿਆਸ ਦਰਿਆ ਦੇ ਪਾਣੀ 'ਚ ਕਾਫੀ ਕੁਆਲਟੀ ਸੁਧਾਰ ਵੇਖਣ ਨੂੰ ਮਿਲਿਆ। ਇਹ ਪ੍ਰਗਟਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੀਤਾ। ਆਪਣੀ ਇਕ ਰਿਪੋਰਟ 'ਚ ਬੋਰਡ ਨੇ ਦੱਸਿਆ ਕਿ ਬੋਰਡ ਵੱਲੋਂ ਨੰਗਲ ਤੋਂ ਲੈ ਕੇ ਹੁਸੈਨੀਵਾਲਾ ਤਕ ਦਰਿਆ ਸਤਲੁਜ 'ਚ ਪਾਣੀ ਦੇ ਵਹਾਅ ਦੀ ਨਿਗਰਾਨੀ ਰੱਖੀ ਜਾਂਦੀ ਹੈ। ਇਹ ਨਿਗਰਾਨੀ 16 ਥਾਵਾਂ 'ਤੇ ਰੱਖੀ ਜਾਂਦੀ ਹੈ ਤੇ ਪਿਛਲੇ ਇਕ ਮਹੀਨੇ ਦੇ ਨਿਗਰਾਨੀ ਦੇ ਨਤੀਜੇ ਦੱਸਦੇ ਹਨ ਕਿ ਦਰਿਆ ਦੇ ਪਾਣੀ ਵਿਚ ਸ਼ੁੱਧਤਾ ਪੱਖੋਂ ਕੋਈ ਸੁਧਾਰ ਨਹੀਂ ਹੋਇਆ।
ਬੋਰਡ ਨੇ 24 ਮਾਰਚ ਤੋਂ ਬਾਅਦ ਤਿੰਨ ਹਫਤਿਆਂ ਦੇ 'ਲਾਕਡਾਊਨ' ਦੌਰਾਨ ਪਾਣੀ ਦੀ ਕੁਆਲਟੀ 'ਤੇ ਨਿਗਰਾਨੀ ਰੱਖੀ ਸੀ, ਜਿਸ ਦੌਰਾਨ ਇਹ ਸਾਹਮਣੇ ਆਇਆ ਕਿ 'ਲਾਕਡਾਊਨ' ਕਾਰਣ ਦਰਿਆ 'ਚ ਕੂੜਾ-ਕਰਕਟ ਸੁੱਟਣ ਦੀਆਂ ਘਟਨਾਵਾਂ 'ਚ ਕਮੀ ਆਈ ਹੈ ਪਰ ਪਾਣੀ ਦੀ ਕੁਆਲਟੀ 'ਚ ਕੋਈ ਸੁਧਾਰ ਨਹੀਂ ਹੋਇਆ। ਪਾਣੀ 'ਚ ਸੁਧਾਰ ਬਾਇਓ ਕੈਮੀਕਲ ਆਕਸੀਜਨ ਡਿਮਾਂਡ ਲੈਵਲ ਅਨੁਸਾਰ ਮਾਪਿਆ ਜਾਂਦਾ।
ਦੂਜੇ ਪਾਸੇ ਬਿਆਸ ਦਰਿਆ, ਜਿਸ 'ਤੇ ਤਲਵਾੜਾ ਹੈੱਡ ਵਰਕਸ ਤੋਂ ਲੈ ਕੇ ਹਰੀਕੇ ਤਕ 10 ਥਾਵਾਂ 'ਤੇ ਨਜ਼ਰਸਾਨੀ ਕੀਤੀ ਜਾਂਦੀ, ਦੇ ਪਾਣੀ 'ਚ ਕਾਫੀ ਸੁਧਾਰ ਸਾਹਮਣੇ ਆਇਆ ਹੈ।
ਬੋਰਡ ਮੁਤਾਬਕ ਦਰਿਆਵਾਂ ਵਾਂਗ ਹੀ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਥਿਤੀ 'ਤੇ ਵੀ ਨਜ਼ਰਸਾਨੀ ਕੀਤੀ ਗਈ ਤੇ ਇਹ ਸਾਹਮਣੇ ਆਇਆ ਕਿ ਬੁੱਢੇ ਨਾਲੇ 'ਚ ਘਰੇਲੂ ਵੇਸਟ ਵਾਟਰ ਪੈ ਰਿਹਾ ਹੈ। 'ਲਾਕਡਾਊਨ' ਕਾਰਣ ਲੁਧਿਆਣਾ ਸ਼ਹਿਰ ਦੇ ਸਾਰੇ ਉਦਯੋਗਿਕ, ਕਮਰਸ਼ੀਅਲ ਅਦਾਰੇ ਅਤੇ ਸੰਸਥਾਵਾਂ ਬੰਦ ਹਨ ਅਤੇ ਇਨ੍ਹਾਂ 'ਚੋਂ ਵੀ ਵੇਸਟ ਵਾਟਰ ਯਾਨੀ ਵਰਤਿਆ ਪਾਣੀ ਨਹੀਂ ਆ ਰਿਹਾ। ਇਸੇ ਕਾਰਣ ਬੁੱਢੇ ਨਾਲੇ 'ਚ ਪਾਣੀ ਦਾ ਵਹਾਅ 600 ਐੱਮ. ਐੱਲ. ਡੀ. ਤੋਂ ਘੱਟ ਕੇ 475 ਐੱਮ. ਐੱਲ. ਡੀ. ਰਹਿ ਗਿਆ ਹੈ।
ਹਰੀਕੇ ਵਿਖੇ ਦਰਿਆ 'ਚ ਪਾਣੀ ਦੀ ਕੁਆਲਟੀ 'ਸੀ' ਵਰਗ 'ਚ ਆਉਂਦੀ ਹੈ। ਇਥੇ ਪਾਣੀ ਦਾ ਵਹਾਅ ਪਹਿਲਾਂ ਦੇ ਮੁਕਾਬਲੇ ਘੱਟ ਹੈ।
ਬੋਰਡ ਦੇ ਚੇਅਰਮੈਨ ਡਾ. ਐੱਸ. ਐੱਸ. ਮਰਵਾਹਾ ਨੇ ਦੱਸਿਆ ਕਿ ਮਾਰਚ ਦੇ ਮੁਕਾਬਲੇ ਅਪ੍ਰੈਲ ਦੀ ਆਈ ਰਿਪੋਰਟ 'ਚ ਸਪੱਸ਼ਟ ਹੋਇਆ ਹੈ ਕਿ ਭਾਵੇਂ ਉਦਯੋਗ ਬੰਦ ਹਨ ਪਰ ਇਸ ਦੇ ਬਾਵਜੂਦ ਬੁੱਢੇ ਨਾਲੇ ਦੇ ਪਾਣੀ 'ਚ ਸ਼ੁੱਧਤਾ ਪੱਖੋਂ ਕੋਈ ਸੁਧਾਰ ਨਹੀਂ ਹੋਇਆ। ਸ਼ੁੱਧਤਾ ਪੱਖੋਂ ਬਿਆਸ ਦਰਿਆ ਨੰਬਰ 1 'ਤੇ ਹੈ ਤੇ ਇਸਦੀ ਕੈਟਾਗਿਰੀ 'ਬੀ' ਹੈ।
ਜਲੰਧਰ 'ਚ ਦੇਰ ਸ਼ਾਮ ਕੋਰੋਨਾ ਦੇ 2 ਕੇਸ ਹੋਰ ਆਏ ਸਾਹਮਣੇ
NEXT STORY