ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਫਲਾਈਓਵਰ ਥੱਲੇ ਬਰਵਾਲਾ ਚੌਂਕ ਨੇੜੇ ਆਪਣੇ ਕਲੀਨਿਕ ਅੱਗੇ ਬੱਸ ਖੜ੍ਹੀ ਕਰਨ ਤੋਂ ਰੋਕਣ ’ਤੇ ਇਕ ਪ੍ਰਾਈਵੇਟ ਡਾਕਟਰ ਦੀ ਬੱਸ ਚਾਲਕਾਂ ਨੇ ਕੁੱਟਮਾਰ ਕਰ ਦਿੱਤੀ। ਡਾਕਟਰ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੀੜਤ ਡਾਕਟਰ ਤਰਸੇਮ ਕੁਮਾਰ ਵਾਸੀ ਪਿੰਡ ਹੈਬਤਪੁਰ ਨੇ ਉਸ ਨਾਲ ਕੁੱਟਮਾਰ ਕਰਨ ਵਾਲੇ ਬੱਸ ਚਾਲਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਡੇਰਾਬੱਸੀ ਸਿਵਲ ਹਸਪਤਾਲ ’ਚ ਜੇਰੇ ਇਲਾਜ ਡਾ. ਤਰਸੇਮ ਨੇ ਦੱਸਿਆ ਕਿ ਉਸ ਦਾ ਮਸਜਿਦ ਦੇ ਸਾਹਮਣੇ ਹਾਈਵੇਅ ’ਤੇ ਮੈਡੀਕਲ ਸਟੋਰ ਅਤੇ ਡਾਕਟਰੀ ਕਲੀਨਿਕ ਹੈ। ਉਸ ਦੇ ਕਲੀਨਿਕ ਦੇ ਸਾਹਮਣੇ ਪਿਛਲੇ ਕਾਫ਼ੀ ਦਿਨਾਂ ਤੋਂ ਬੱਸਾਂ ਵਾਲੇ ਨਾਜਾਇਜ਼ ਪਾਰਕਿੰਗ ਕਰ ਕੇ ਆਪਣੀਆਂ ਬੱਸਾਂ ਖੜ੍ਹੀਆਂ ਕਰ ਦਿੰਦੇ ਹਨ। ਉਹ ਮੰਗਲਵਾਰ ਸਵੇਰੇ ਕਰੀਬ 9 ਵਜੇ ਜਦੋਂ ਕਲੀਨਿਕ ’ਤੇ ਆਇਆ ਤਾਂ ਬੱਸ ਚਾਲਕ ਨੇ ਉਸ ਦੇ ਕਲੀਨਿਕ ਦੇ ਅੱਗੇ ਬਸ ਪਾਰਕ ਕਰ ਕੇ ਰਸਤਾ ਬੰਦ ਕੀਤਾ ਹੋਇਆ ਸੀ।
ਜਦੋਂ ਉਸ ਨੇ ਉਕਤ ਬੱਸਾਂ ਦੇ ਚਾਲਕਾਂ ਨੂੰ ਇੱਥੋਂ ਬੱਸਾਂ ਹਟਵਾਉਣ ਲਈ ਕਿਹਾ ਤਾਂ ਉਹ ਉਸ ਨਾਲ ਗਾਲੀ-ਗਲੋਚ ਕਰਨ ਲੱਗ ਪਏ, ਜਦੋਂ ਉਸ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨਾਲ ਕਲੀਨਿਕ ’ਚ ਵੜ ਕੇ ਕੁੱਟਮਾਰ ਕੀਤੀ। ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀ ਡਾਕਟਰ ਨੇ ਟ੍ਰੈਫਿਕ ਪੁਲਸ ਸਮੇਤ ਸਥਾਨਕ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਾਈਵੇਅ ’ਤੇ ਹਾਦਸਿਆਂ ਦਾ ਕਾਰਨ ਬਣਦੀਆਂ ਉਕਤ ਨਾਜਾਇਜ਼ ਪਾਰਕ ਕੀਤੀਆਂ ਬੱਸਾਂ ਨੂੰ ਉੱਥੋਂ ਹਟਵਾਇਆ ਜਾਵੇ ਅਤੇ ਉਸ ਨਾਲ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਚਲਦੀ ਬੱਸ ’ਚੋਂ ਡਿੱਗ ਕੇ ਔਰਤ ਜ਼ਖਮੀ
NEXT STORY