ਹੁਸ਼ਿਆਰਪੁਰ,(ਘੁੰਮਣ)-ਪੰਜਾਬ ਸਰਕਾਰ ਵੱਲੋਂ ਸਾਲ 2020 ਦੌਰਾਨ ਕਰਵਾਏ ਗਏ ਵੱਖ-ਵੱਖ ਅਹਿਮ ਵਿਕਾਸ ਕਾਰਜਾਂ ਸਦਕਾ ਇਹ ਵਰ੍ਹਾ ਹੁਸ਼ਿਆਰਪੁਰ ਲਈ ਵਿਕਾਸਮਈ ਸਾਲ ਸਾਬਤ ਹੋਇਆ ਅਤੇ ਸ਼ੁਰੂ ਹੋਣ ਜਾ ਰਹੇ 2021 ਵਿਚ ਵਿਕਾਸ ਦੀਆਂ ਵੱਡੀਆਂ ਪੁਲਾਂਘਾ ਪੁੱਟਦਿਆਂ ਕਰੋੜਾਂ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਜਾ ਰਹੇ ਕਈ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਜਿਨ੍ਹਾਂ ’ਚ ਬਹੁਮੰਤਵੀ ਖੇਡ ਸਟੇਡੀਅਮ, ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਮਿਊਨਿਟੀ ਸੈਂਟਰ, ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਸਰਦਾਰ ਬਹਾਦਰ ਅਮੀ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਬਜਵਾੜਾ ਸ਼ਾਮਲ ਹਨ।
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਪ੍ਰਗਟਾਵਾ ਕਰਦਿਆਂ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਰਫਤਾਰ ’ਤੇ ਤਸੱਲੀ ਪ੍ਰਗਟਾਈ ਅਤੇ ਕਿਹਾ ਕਿ 2021 ’ਚ ਹੁਸ਼ਿਆਰਪੁਰ ਵਿਕਾਸ ਦੇ ਖੇਤਰ ਵਿਚ ਨਵੇਂ ਦ੍ਰਿਸ ਕਾਇਮ ਕਰੇਗਾ। ਉਨ੍ਹਾਂ ਕਿਹਾ ਕਿ ਪੂਰਾ ਹੋਣ ਜਾ ਰਹੇ ਸਾਲ 2020 ਵਿਚ ਸ਼ਹਿਰ ਦੇ ਲੋਕਾਂ ਦੀਆਂ ਬਹੁਤ ਚਿਰੋਕਲੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਹਰ ਖੇਤਰ ਨਾਲ ਸਬੰਧਤ ਕੰਮਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜਦਿਆਂ ਲੋਕਾਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਭਾਵੇਂ 2020 ਵਿੱਚ ਕੋਰੋਨਾ ਮਹਾਮਾਰੀ ਕਾਰਣ ਪੈਦਾ ਹੋਏ ਗੰਭੀਰ ਸੰਕਟਾਂ ਨੇ ਹਰ ਖੇਤਰ ਨੂੰ ਬੁਰੀ ਤਰ੍ਹਾਂ ਢਾਹ ਲਾਈ ਪਰ ਬਾਵਜੂਦ ਇਸ ਦੇ ਪੰਜਾਬ ਸਰਕਾਰ ਨੇ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਰਫ਼ਤਾਰ ਮੱਠੀ ਨਹੀਂ ਪੈਣ ਦਿੱਤੀ ਅਤੇ ਉਲੀਕੇ ਹੋਏ ਕਾਰਜ ਸਮਾਂਬੱਧ ਢੰਗ ਨਾਲ ਮੁਕੰਮਲ ਕਰਵਾਏ।
ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ 60.28 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਜੁਡੀਸ਼ੀਅਲ ਕੰਪਲੈਕਸ ਬਣ ਰਿਹਾ ਹੈ। ਜਿਸ ਦੀ ਉਸਾਰੀ ਆਉਂਦੇ ਕੁਝ ਮਹੀਨਿਆਂ ਵਿੱਚ ਮੁਕੰਮਲ ਹੋਣ ਉਪਰੰਤ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਪੂਰੇ ਜ਼ਿਲੇ੍ਹ ਦੇ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਉਪਰਾਲਿਆਂ ਤਹਿਤ ਹੁਸ਼ਿਆਰਪੁਰ ਵਿਚ 6.99 ਕਰੋਡ਼ ਰੁਪਏ ਦੀ ਲਾਗਤ ਨਾਲ ਬਹੁਮੰਤਵੀ ਇਨਡੋਰ ਖੇਡ ਸਟੇਡੀਅਮ ਦੀ ਉਸਾਰੀ ਦਾ ਕੰਮ ਲਗਭਗ ਅੰਤਮ ਪੜਾਅ ’ਤੇ ਹੈ ਜੋ ਕਿ ਜਲਦ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਸ਼ਹਿਰ ਅੰਦਰ ਆਮ ਲੋਕਾਂ ਦੀ ਸਹੂਲਤ ਲਈ 6.11 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਕਮਿਊਨਿਟੀ ਸੈਂਟਰ ਸਬੰਧੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਵੀ ਲਗਭਗ ਮੁਕੰਮਲ ਹੋਣ ਕਿਨਾਰੇ ਹੈ ਅਤੇ ਇਸ ਦੀ ਸ਼ੁਰੂਆਤ ਨਾਲ ਆਮ ਲੋਕਾਂ ਨੂੰ ਭਾਰੀ ਸਹੂਲਤ ਮਿਲੇਗੀ ਕਿਉਂਕਿ ਇਥੇ ਕਰੀਬ 1000 ਲੋਕਾਂ ਦੀ ਇਕੱਤਰਤਾ ਵਾਲੇ ਸਮਾਗਮ ਬਹੁਤ ਵਧੀਆ ਢੰਗ ਨਾਲ ਕਰਵਾਏ ਜਾ ਸਕਣਗੇ।
ਕਾਂਗਰਸ-ਭਾਜਪਾ ਨੂੰ ਟੱਕਰ ਦੇਣ ਲਈ 1 ਜਨਵਰੀ ਨਵਾਂ ਸਾਲ ਅਸੀਂ ਕਿਸਾਨਾਂ ਨਾਲ ਮਨਾਵਾਂਗੇ : ਜਸਵੀਰ ਗੜ੍ਹੀ
NEXT STORY