ਚੰਡੀਗੜ੍ਹ (ਹਾਂਡਾ) - ਜ਼ਿਲਾ ਅਦਾਲਤ ਵਿਚ ਗਲਤ ਦਸਤਾਵੇਜ਼ ਤੇ ਜਾਣਕਾਰੀ ਦਿਖਾ ਕੇ ਅਦਾਲਤ ਨੂੰ ਗੁੰਮਰਾਹ ਕਰਕੇ ਸੈਕਟਰ-45 ਦੇ ਮਕਾਨ ਨੰਬਰ 325 ਨੂੰ ਖਾਲੀ ਕਰਵਾ ਕੇ ਸੀਲ ਕਰਵਾਉਣ ਦੇ ਹੁਕਮ ਜਾਰੀ ਕਰਵਾਉਣ ਵਾਲੇ ਨਰਿੰਦਰ ਕੁਮਾਰ ਨੂੰ ਹਾਈ ਕੋਰਟ ਦੇ ਨਿਰਦੇਸ਼ ਤਹਿਤ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਦੇ ਵਕੀਲ ਵੀ ਮੌਜੂਦ ਰਹੇ। ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਗਲਤਫਹਿਮੀ ਕਾਰਨ ਉਹ ਅਦਾਲਤ ਵਿਚ ਮੰਗਲਵਾਰ ਨੂੰ ਪੇਸ਼ ਨਹੀਂ ਹੋ ਸਕੇ ਸਨ। ਉਨ੍ਹਾਂ ਦੱਸਿਆ ਕਿ ਜੋ ਤੱਥ ਉਨ੍ਹਾਂ ਨੇ ਜ਼ਿਲਾ ਅਦਾਲਤ ਵਿਚ ਪੇਸ਼ ਕੀਤੇ, ਉਹ ਉਨ੍ਹਾਂ ਕੋਲ ਮੌਜੂਦ ਹਨ, ਜਿਨ੍ਹਾਂ ਵਿਚੋਂ ਕੋਈ ਫਰਜ਼ੀ ਨਹੀਂ ਤੇ ਸਾਡਾ ਮਕਸਦ ਅਦਾਲਤ ਨੂੰ ਗੁੰਮਰਾਹ ਕਰਨਾ ਨਹੀਂ ਸੀ। ਅਦਾਲਤ ਨੇ ਨਰਿੰਦਰ ਕੁਮਾਰ ਵਲੋਂ ਲਾਈ ਗੁਹਾਰ ਨੂੰ ਮੰਨਦਿਆਂ ਉਸ ਨੂੰ ਸ਼ਰਤਾਂ ਸਮੇਤ ਬੇਲ ਦੇ ਦਿੱਤੀ ਤੇ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਪੁਲਸ ਨੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਨਰਿੰਦਰ ਕੁਮਾਰ ਨੂੰ ਨਿੱਜੀ ਮੁਚਲਕੇ 'ਤੇ ਬੇਲ ਦੇ ਦਿੱਤੀ ਹੈ ਪਰ ਉਸ ਨੂੰ ਜਾਂਚ ਵਿਚ ਬੁਲਾਉਣ 'ਤੇ ਹਾਜ਼ਰ ਹੋਣਾ ਹੋਵੇਗਾ ਤੇ ਪੁਲਸ ਨੂੰ ਦੱਸੇ ਬਿਨਾਂ ਉਹ ਦੇਸ਼ ਤੋਂ ਬਾਹਰ ਨਹੀਂ ਜਾਵੇਗਾ।
ਸਦਮੇ ਤੋਂ ਨਹੀਂ ਉਭਰ ਸਕੇ ਦੇਸਰਾਜ
ਉਥੇ ਹੀ ਸੈਕਟਰ-45 ਦੇ ਫਲੈਟ ਨੰਬਰ 325 ਦੇ ਮਾਲਕ ਦੇਸਰਾਜ ਗਰਗ ਅਜੇ ਸਦਮੇ 'ਚੋਂ ਬਾਹਰ ਨਹੀਂ ਜਾ ਸਕੇ ਹਨ। ਉਨ੍ਹਾਂ ਦੇ ਪਰਿਵਾਰ ਦੇ ਲੋਕ ਅੱਜ ਵੀ ਘਰ ਸੰਵਾਰਨ ਵਿਚ ਜੁਟੇ ਹੋਏ ਹਨ, ਜਿਨ੍ਹਾਂ ਦਾ ਸਾਮਾਨ 12 ਜਨਵਰੀ ਨੂੰ ਘਰ ਦੇ ਬਾਹਰ ਸੁੱਟ ਦਿੱਤਾ ਗਿਆ ਸੀ ਤੇ ਜ਼ਿਲਾ ਅਦਾਲਤ ਦੇ ਹੁਕਮਾਂ 'ਤੇ ਪੁਲਸ ਨੇ ਵੈਲਫ ਦੀ ਮੌਜੂਦਗੀ ਵਿਚ ਘਰ ਸੀਲ ਕਰ ਦਿੱਤਾ ਸੀ, ਜਿਸ ਨੂੰ ਹਾਈ ਕੋਰਟ ਨੇ ਮੰਗਲਵਾਰ ਨੂੰ ਮੁੜ ਖੁੱਲ੍ਹਵਾ ਕੇ ਅਸਲ ਮਾਲਕ ਦੇ ਹਵਾਲੇ ਕਰ ਦਿੱਤਾ ਸੀ। ਜ਼ਿਲਾ ਅਦਾਲਤ ਵਿਚ ਉਕਤ ਮਾਮਲੇ 'ਤੇ 'ਜਗ ਬਾਣੀ' 'ਚ ਲੱਗੀ ਖਬਰ ਚਰਚਾ ਦਾ ਵਿਸ਼ਾ ਬਣੀ ਰਹੀ। 23 ਜਨਵਰੀ ਤਕ ਸੈਸ਼ਨ ਜੱਜ ਦੀ ਮਾਰਫਤ ਸਿਵਲ ਜੱਜ ਵਲੋਂ ਜਾਰੀ ਆਰਡਰਾਂ ਤੇ ਵੈਲਫ ਵਾਰੰਟ 'ਤੇ ਕੁਮੈਂਟਸ ਹਾਈ ਕੋਰਟ ਵਿਚ ਜਮ੍ਹਾ ਕਰਵਾਏ ਜਾਣੇ ਹਨ।
ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਨਰਿੰਦਰ ਨੂੰ ਜ਼ਮਾਨਤ 'ਤੇ ਛੱਡਿਆ
ਹਾਈ ਕੋਰਟ ਦੇ ਹੁਕਮਾਂ ਮਗਰੋਂ ਨਰਿੰਦਰ ਨੂੰ ਬੇਲ 'ਤੇ ਛੱਡ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾਣੀ ਹੈ ਤੇ ਲੋੜ ਪੈਣ 'ਤੇ ਨਰਿੰਦਰ ਦੀ ਮੁੜ ਗ੍ਰਿਫਤਾਰੀ ਹੋ ਸਕਦੀ ਹੈ। ਨਰਿੰਦਰ ਕੁਮਾਰ ਦੇ ਖਿਲਾਫ ਧੋਖਾਦੇਹੀ, ਟ੍ਰੈਸਪਾਸਿੰਗ, ਸਾਜ਼ਿਸ਼ ਰਚਣ ਤੇ ਕੋਰਟ ਵਿਚ ਗਲਤ ਤੱਥ ਪੇਸ਼ ਕਰਨ ਤੇ ਗੁੰਮਰਾਹ ਕਰਨ ਦੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
-ਅਜੇ ਕੁਮਾਰ, ਐੱਸ. ਐੱਚ. ਓ., ਥਾਣਾ-34
ਸਿਹਤ ਵਿਭਾਗ ਦੀ ਟੀਮ ਨੇ ਨਰਸ ਦੇ ਘਰ 'ਚ ਕੀਤੀ ਚੈਕਿੰਗ
NEXT STORY