ਦੁਖੀਆਂ ਦੇ ਸਹਾਰਾ ਬਣੇ ਭਗਤ ਪੂਰਨ ਸਿੰਘ ਜੀ ਦਾ ਅੱਜ ਜਨਮ ਦਿਨ ਹੈ। ਭਗਤ ਪੂਰਨ ਸਿੰਘ 4 ਜੂਨ 1904 ਨੂੰ ਲੁਧਿਆਣਾ ਦੇ ਪਿੰਡ ਰਾਜੇਵਾਲ ਰੋਹਣੋਂ ਵਿਖੇ ਹਿੰਦੂ ਘਰਾਣੇ ‘ਚ ਪੈਦਾ ਹੋਏ । ਭਗਤ ਜੀ ਦੇ ਪਿਤਾ ਸ਼ਿੱਭੂ ਮੱਲ ਤੇ ਮਾਤਾ ਮਹਿਤਾਬ ਕੌਰ ਨੇ ਉਨਾਂ ਦਾ ਨਾਂ ਰਾਮ ਜੀ ਦਾਸ ਰੱਖਿਆ । ਰਾਮ ਜੀ ਦਾਸ 14 ਸਾਲ ਦੇ ਸਨ ਜਦੋਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਜੋੜ ਮੇਲੇ 'ਤੇ ਫਤਹਿਗੜ੍ਹ ਸਾਹਿਬ ਗਏ । ਫਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦੇ ਇਤਿਹਾਸ 'ਤੇ ਇੱਕ ਦਸਤਾਰਧਾਰੀ ਨੌਜਵਾਨ ਦੇ ਸਿੱਖੀ ਸਰੂਪ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਵਾਪਸ ਘਰ ਆਕੇ ਉਨਾਂ ਨੇ ਆਪਣੀ ਮਾਂ ਨੂੰ ਆਖਿਆ ਕਿ ਉਹ ਕੇਸ ਰੱਖਣਾ ਚਾਹੁੰਦੇ ਹਨ। ਇਸ ਤਰਾਂ ਆਪ ਰਾਮ ਜੀ ਦਾਸ ਤੋਂ ਪੂਰਨ ਸਿੰਘ ਬਣ ਗਏ। 20 ਸਾਲ ਦੀ ਉਮਰ ਹੋਈ ਤਾਂ ਪੜ੍ਹਾਈ ਸਮਾਪਤ ਕਰਕੇ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਨਾਲ ਗੂੜਾ ਨਾਤਾ ਜੋੜ ਲਿਆ ਜੋਕਿ 1924 ਤੋਂ ਲੈ ਕੇ 18 ਅਗਸਤ 1947 ਦੀ ਵੰਡ ਦੇ ਵੇਲੇ ਤੱਕ ਰਿਹਾ। ਇਸ ਅਸਥਾਨ ਤੋਂ ਗੁਰਸਿੱਖੀ ਦੀ ਐਸੀ ਪਾਨ ਚੜ੍ਹੀ ਕਿ ਬੇਸਹਾਰਿਆਂ ਦੀ ਸੇਵਾ ਦੇ ਕਾਰਜ ਨੂੰ ਆਰੰਭ ਦਿੱਤਾ। 1930 ਈ. ਨੂੰ ਉਨ੍ਹਾਂ ਨੇ ਮਰਨ ਬਿਸਤਰੇ ਪਈ ਆਪਣੀ ਮਾਂ ਨੂੰ ਆਖ ਦਿੱਤਾ ਕਿ ਉਹ ਵਿਆਹ ਨਹੀਂ ਕਰਾਉਂਣਗੇ ਤੇ ਸਾਰਾ ਜੀਵਨ ਲੋਕ ਸੇਵਾ 'ਚ ਲਗਾਉਂਣਗੇ।
1947 'ਚ ਜਦੋਂ ਦੇਸ਼ ਵੰਡ ਹੋਈ ਤਾਂ ਭਗਤ ਜੀ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਆਪਣਾ ਟਿਕਾਣਾ ਬਣਾ ਲਿਆ। ਉਹ ਇੱਕ ਰਿਫਿਊਜ਼ੀ ਦੇ ਤੌਰ 'ਤੇ ਲਾਹੌਰ ਤੋਂ ਅੰਮ੍ਰਿਤਸਰ ਪੁੱਜੇ ਤੇ ਉਸ ਵੇਲੇ ਉਨ੍ਹਾਂ ਕੋਲ ਕੇਵਲ ਸਵਾ ਰੁਪਿਆ ਹੀ ਸੀ ਜੋਕਿ ਕਿਸੇ ਨੇ ਦਾਨ ਵਜੋਂ ਦਿੱਤਾ ਸੀ। ਪਾਕਿਸਤਾਨ ਤੋਂ ਉਹ ਆਪਣੇ ਨਾਲ ਇੱਕ ਬਜ਼ੁਰਗ ਤੇ ਲੂਲੇ ਬਾਲਕ ਪਿਆਰਾ ਸਿੰਘ ਨੂੰ ਵੀ ਲੈ ਆਏ। ਜਦੋਂ ਭਗਤ ਪੂਰਨ ਸਿੰਘ ਅੰਮ੍ਰਿਤਸਰ ਦੇ ਖਾਲਸਾ ਕਾਲਜ ਪਹੁੰਚੇ ਤਾਂ ਰਿਫਿਊਜੀ ਕੈਂਪ 'ਚ ਬਹੁਤ ਸਾਰੇ ਬੇਸਹਾਰਾ,ਅਪਾਹਿਜ਼ਾਂ ਤੇ ਰੋਗੀਆਂ ਨੂੰ ਮਿਲੇ। ਇੱਥੋਂ ਹੀ ਪਿੰਗਲਵਾੜਾ ਸੰਸਥਾ ਦਾ ਮੁੱਢ ਬੱਝਿਆ। ਉਨਾਂ ਨੇ ਰਫਿਊਜ਼ੀ ਕੈਂਪ ਦੇ ਬਾਹਰ ਰੁਲ ਰਹੇ ਅਪਾਹਿਜ਼ਾਂ ਤੇ ਰੋਗੀਆਂ ਦੀ ਸੇਵਾ ਸੰਭਾਲ ਆਰੰਭ ਦਿੱਤੀ। ਭਗਤ ਪੂਰਨ ਸਿੰਘ ਜੀ ਨੇ ਅੰਮ੍ਰਿਤਸਰ ਦੀਆਂ ਸੜਕਾਂ ਤੇ ਰੁਲ ਰਹੇ ਕੁਝ ਲਵਾਰਸ ਤੇ ਪਿੰਗਲੇ ਬਾਲਕਾਂ ਨੂੰ ਵੀ ਸ਼ਾਮਲ ਕਰ ਲਿਆ। ਉਹ ਸਤਿਨਾਮ ਦਾ ਅਵਾਜਾ ਦੇਕੇ ਲੋਕਾਂ ਦੇ ਘਰਾਂ ਤੋਂ ਪ੍ਰਸ਼ਾਦਾ ਉਗਰਾਉਂਦੇ ਤੇ ਇਨ੍ਹਾਂ ਨੂੰ ਛਕਾਉਂਦੇ। ਸੰਗਤ ਸਾਥ ਦਿੰਦੀ ਰਹੀ ਤੇ ਪਿੰਗਲਵਾੜੇ ਦੀ ਪ੍ਰਸਿੱਧੀ ਵਧਦੀ ਗਈ। ਉਨਾਂ ਸੈਂਕੜੇ ਬੇਸਹਾਰਾ ਲੋੜਵੰਦ ਤੇ ਯਤੀਮਾਂ ਦੀ ਹੱਥੀਂ ਸੇਵਾ ਕੀਤੀ।
ਇਹ ਵੀ ਪੜ੍ਹੋ :ਜਨਮ ਦਿਨ 'ਤੇ ਵਿਸ਼ੇਸ਼: ਬੇਸਹਾਰਿਆਂ ਲਈ ਫ਼ਰਿਸ਼ਤਾ ਭਗਤ ਪੂਰਨ ਸਿੰਘ ਜੀ
ਇਸ ਤੋਂ ਇਲਾਵਾ ਭਗਤ ਜੀ ਨੇ ਕੁਦਰਤੀ ਆਫਤਾਂ ਤੋਂ ਬਚਾਉ ਲਈ ਲੋਕਾਂ ਨੂੰ ਕੁਦਰਤ ਪ੍ਰਤੀ ਜਾਗਰੂਕ ਕੀਤਾ। ਉਨਾਂ ਪਾਣੀ ਹਵਾ ਤੇ ਧਰਤੀ ਨੂੰ ਜ਼ਹਿਰੀਲੀ ਹੋਣ ਤੋਂ ਬਚਾਉਂਣ ਲਈ ਵੀ ਕਈ ਕਾਰਜ ਕੀਤੇ। ਭਗਤ ਜੀ ਨੇ ਵਾਤਾਵਰਣ ਦੀ ਸੰਭਾਲ ਲਈ ਸਾਹਿਤ ਲਿਖਿਆ ਤੇ ਲੋਕਾ 'ਚ ਮੁਫਤ ਵੰਡਿਆ। ਭਗਤ ਜੀ ਵੱਲੋਂ ਸੇਵਾ ਦਾ ਲਾਇਆ ਬੂਟਾ ਇੰਨਾਂ ਵੱਡਾ ਹੋਇਆ ਕਿ ਅੱਜ ਲੋੜਵੰਦਾਂ ਲਈ ਕਈ ਮੈਡੀਕਲ ਲੈਬਾਰਟਰੀ, ਮੁਫ਼ਤ ਵਿਦਿਅਕ ਅਦਾਰੇ ਤੇ ਵਾਤਾਵਰਣ ਦੀ ਸੰਭਾਲ ਲਈ ਕਈ ਕਾਰਜ ਜਾਰੀ ਹਨ। ਉਨ੍ਹਾਂ ਦੀ ਸੇਵਾ ਬਦਲੇ ਉਨ੍ਹਾਂ ਨੂੰ ਕਈ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ.. ਜਿਨ੍ਹਾਂ 'ਚ ਪਦਮਸ਼੍ਰੀ ਸਨਮਾਨ, ਹਾਰਮਨੀ ਸਨਮਾਨ, ਰੋਗ ਰਤਨ ਸਨਮਾਨ, ਭਾਈ ਘਨੱਈਆ ਜੀ ਸਨਮਾਨ ਸ਼ਾਮਲ ਸਨ ਪਰ 1984 'ਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਕਾਰਨ ਉਨ੍ਹਾਂ ਨੂੰ ਇੰਨਾ ਸਦਮਾ ਪਹੁੰਚਿਆ ਕਿ ਉਨਾਂ ਨੇ ਪਦਮਸ਼੍ਰੀ ਸਨਮਾਨ ਵਾਪਸ ਕਰ ਦਿੱਤਾ।
ਇਹ ਵੀ ਪੜ੍ਹੋ : ਜੂਨ 1984 ਦੇ ਘੱਲੂਘਾਰੇ ਸਮੇਂ ਜ਼ਖ਼ਮੀ ਹੋਏ ਪਾਵਨ ਸਰੂਪ ਸੰਗਤ ਦੇ ਦਰਸ਼ਨਾਂ ਲਈ ਸੁਸ਼ੋਭਿਤ
ਭਗਤ ਪੂਰਨ ਸਿੰਘ ਜੀ 5 ਅਗਸਤ 1992 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਭਗਤ ਪੂਰਨ ਸਿੰਘ ਭਾਵੇਂ ਸਰੀਰ ਕਰਕੇ ਦੁਨੀਆਂ 'ਚ ਨਹੀਂ ਪਰ ਲੋਕਾਂ ਦੇ ਦਿਲਾਂ 'ਚ ਅੱਜ ਵੀ ਵਸਦੇ ਹਨ । ਉਨ੍ਹਾਂ ਵਲੋਂ ਜਾਰੀ ਕੀਤੇ ਸੇਵਾ ਦੇ ਮਹਾਨ ਕਾਰਜਾਂ ਨੂੰ ਅੱਜਕੱਲ੍ਹ ਸੰਗਤ ਦੇ ਸਹਿਯੋਗ ਨਾਲ ਡਾ. ਇੰਦਰਜੀਤ ਕੌਰ ਨਿਭਾ ਰਹੇ ਹਨ ।
ਨੋਟ: ਭਗਤ ਪੂਰਨ ਸਿੰਘ ਜੀ ਦੀ ਸੇਵਾ ਘਾਲਣਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਨਮ ਦਿਨ 'ਤੇ ਵਿਸ਼ੇਸ਼: ਬੇਸਹਾਰਿਆਂ ਲਈ ਫ਼ਰਿਸ਼ਤਾ ਭਗਤ ਪੂਰਨ ਸਿੰਘ ਜੀ
NEXT STORY