ਜਲੰਧਰ (ਬੁਲੰਦ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਾਂ ਚਾਹੁੰਦੇ ਹਨ ਕਿ ਐੱਸ. ਆਈ. ਟੀ. ਉਨ੍ਹਾਂ ਦੇ ਇਸ਼ਾਰਿਆਂ 'ਤੇ ਕੰਮ ਕਰੇ ਅਤੇ ਉਨ੍ਹਾਂ ਦੇ ਅਨੁਸਾਰ ਹੀ ਬਣੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਜਲੰਧਰ ਵਿਖੇ ਕੀਤਾ। ਦਰਅਸਲ ਆਮ ਆਦਮੀ ਪਾਰਟੀ ਨੇ ਬੀਤੇ ਦਿਨ ਆਪਣੇ ਜਲੰਧਰ ਲੋਕ ਸਭਾ ਸੀਟ ਦੇ ਚੋਣ ਕੈਂਪੇਨ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਪਹੁੰਚੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਅਕਾਲੀ ਦਲ-ਭਾਜਪਾ ਅਤੇ ਕਂਗਰਸ ਨੂੰ ਚੋਣਾਂ 'ਚ ਜਨਤਾ ਵੱਡਾ ਝਟਕਾ ਦੇਣ ਨੂੰ ਤਿਆਰ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਾਂਗਰਸ ਦੀ ਅਕਾਲੀ ਦਲ ਨਾਲ ਮਿਲੀਭੁਗਤ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ 2 ਵਾਰ ਜਾਂਚ ਕਮਿਸ਼ਨਾਂ ਤੋਂ ਬੇਅਦਬੀ ਕਾਂਡ ਦੀ ਜਾਂਚ ਕਰਵਾਈ ਗਈ ਅਤੇ ਤੀਜੀ ਵਾਰ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਪਰ ਤਿੰਨੋਂ ਵਾਰ ਜਾਂਚ ਕਿਸੇ ਸਿਰੇ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਐੱਸ. ਆਈ. ਟੀ. ਦੇ ਮੁੱਖ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਨੂੰ ਜਾਂਚ ਤੋਂ ਹਟਾਏ ਜਾਣ ਦਾ ਕਦਮ ਬਿਲਕੁਲ ਗਲਤ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਤਾਂ ਚਾਹੁੰਦੇ ਹਨ ਕਿ ਐੱਸ. ਆਈ. ਟੀ. ਉਨ੍ਹਾਂ ਦੇ ਇਸ਼ਾਰਿਆਂ 'ਤੇ ਕੰਮ ਕਰੇ ਅਤੇ ਉਨ੍ਹਾਂ ਦੇ ਅਨੁਸਾਰ ਹੀ ਬਣੇ । ਮਾਨ ਨੇ ਕਿਹਾ ਕਿ 'ਆਪ' ਪਾਰਟੀ ਹਾਈਕਮਾਨ ਤੋਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਅਪ੍ਰੈਲ ਦੇ ਆਖਰੀ ਹਫਤੇ 'ਚ ਪੰਜਾਬ ਦਾ ਦੌਰਾ ਕਰਨਗੇ ਅਤੇ ਉਸ ਤੋਂ ਬਾਅਦ ਦਿੱਲੀ ਚੋਣਾਂ ਦੇ ਅਗਲੇ ਹੀ ਦਿਨ ਪੰਜਾਬ ਦੀ ਵਾਗਡੋਰ ਸੰਭਾਲਣਗੇ।
ਉਨ੍ਹਾਂ ਕਿਹਾ ਪਾਰਟੀ ਨਾ ਤਾਂ ਪੰਜਾਬ 'ਚ ਅਤੇ ਨਾ ਹੀ ਦਿੱਲੀ 'ਚ ਕਾਂਗਰਸ ਨਾਲ ਗਠਜੋੜ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਬਚੇ 3 ਉਮੀਦਵਾਰਾਂ ਦਾ ਜਲਦੀ ਹੀ ਐਲਾਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੰਗਰੂਰ 'ਚ ਉਨ੍ਹਾਂ ਪਾਰਟੀ ਫੰਡ ਤੋਂ 1 ਕਰੋੜ 60 ਲੱਖ ਤੋਂ ਜ਼ਿਆਦਾ ਖਰਚ ਕੀਤੇ ਹਨ ਜਦਕਿ ਅਕਾਲੀ ਅਤੇ ਕਾਂਗਰਸੀ ਸੰਸਦ ਮੈਂਬਰ ਆਪਣੇ ਫੰਡ ਦੇ ਪੈਸੇ ਪੂਰੇ ਵੀ ਨਹੀਂ ਖਰਚਦੇ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਦੋਬਾਰਾ ਸੱਤਾ 'ਚ ਆਉਣ ਦਾ ਮੌਕਾ ਮਿਲਦਾ ਹੈ ਤਾਂ ਉਹ ਨਕੋਦਰ 'ਚ ਮਾਰੇ ਗਏ ਸਿੱਖਾਂ ਦੇ ਮਾਮਲੇ ਨੂੰ ਵਿਧਾਨ ਸਭਾ ਅਤੇ ਲੋਕ ਸਭਾ 'ਚ ਉਠਾਉਣਗੇ। ਉਨ੍ਹਾਂ ਨੇ ਕਿਹਾ ਕਿ 'ਆਪ' ਪਾਰਟੀ ਪੰਜਾਬ 'ਚ ਸਿੱਖਿਆ, ਸਿਹਤ, ਵਾਤਾਵਰਣ ਅਤੇ ਵਿਕਾਸ ਆਦਿ ਮੁੱਦਿਆਂ 'ਤੇ ਚੋਣ ਲੜੇਗੀ ਨਾ ਕਿ ਧਰਮ ਦੇ ਨਾਂ 'ਤੇ। ਇਸ ਮੌਕੇ ਰਿਟਾਇਰਡ ਜ਼ੋਰਾ ਸਿੰਘ, ਡਾ. ਸ਼ਿਵ ਦਿਆਲ ਮਾਲੀ ਅਤੇ ਡਾ. ਸ਼ਰਮਾ ਸਮੇਤ ਹੋਰ ਆਗੂ ਵੀ ਮੌਜੂਦ ਸੀ।
ਨਰਸਿੰਗ ਹੋਮ 'ਚ ਗਰਭਵਤੀ ਮਹਿਲਾ ਦੀ ਮੌਤ, ਭੜਕੇ ਲੋਕਾਂ ਨੇ ਕੀਤਾ ਚੌਕ ਜਾਮ
NEXT STORY