ਚੰਡੀਗੜ੍ਹ (ਭੁੱਲਰ) - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ 'ਤੇ ਝੋਨੇ ਲਈ ਬਿਜਲੀ ਪੂਰਤੀ ਦੀ ਮੰਗ ਖਾਤਿਰ ਪਾਵਰਕਾਮ ਦਫ਼ਤਰਾਂ ਅੱਗੇ ਛੇ ਦਿਨਾਂ ਤੋਂ ਲਗਾਤਾਰ ਧਰਨੇ ਲਾਈ ਬੈਠੇ ਰੋਹ 'ਚ ਆਏ ਕਿਸਾਨਾਂ ਨੇ ਅੱਜ ਥਾਂ-ਥਾਂ 'ਤੇ ਕੈਪਟਨ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰੇ ਕੀਤੇ। ਕਿਸਾਨਾਂ ਵਲੋਂ ਸਰਕਾਰੀ ਪਾਬੰਦੀ ਦੇ ਬਾਵਜੂਦ ਨਿਰਧਾਰਿਤ 20 ਜੂਨ ਦੇ ਸਮੇਂ ਤੋਂ ਪਹਿਲਾਂ ਝੋਨਾ ਲਾਉਣ ਦਾ ਕੰਮ ਵੀ ਲਗਾਤਾਰ ਜਾਰੀ ਹੈ ਤੇ ਖੇਤੀ ਵਿਭਾਗ ਨੋਟਿਸ ਜਾਰੀ ਕਰਨ ਦੀ ਖਾਨਾਪੂਰਤੀ ਦੇ ਸਿਵਾਏ ਕੋਈ ਵੀ ਠੋਸ ਕਾਰਵਾਈ ਨਹੀਂ ਕਰ ਸਕਿਆ।
ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਹੋਏ ਮੁਜ਼ਾਹਰਿਆਂ ਦੌਰਾਨ ਕਈ ਥਾਵਾਂ 'ਤੇ ਭਾਰੀ ਗਿਣਤੀ 'ਚ ਸ਼ਾਮਲ ਹੋਈਆਂ ਔਰਤਾਂ ਨੇ ਸਰਕਾਰ ਦਾ ਪਿੱਟ-ਸਿਆਪਾ ਵੀ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਲਾਇਆ ਹੋਇਆ ਝੋਨਾ ਪੁਲਸ ਨਾਲ ਲੈ ਕੇ ਵਾਹੁਣ ਆਏ ਖੇਤੀਬਾੜੀ ਅਧਿਕਾਰੀਆਂ ਨੂੰ ਬੇਰੰਗ ਮੋੜਨ 'ਚ ਕਿਸਾਨ ਪੂਰੀ ਤਰ੍ਹਾਂ ਕਾਮਯਾਬ ਰਹੇ ਹਨ ਤੇ ਜਥੇਬੰਦੀਆਂ ਤੋਂ ਵਾਂਝੇ ਕੁਝ ਕੁ ਪਿੰਡਾਂ ਵਿਚ ਹੀ ਇਕੱਲੇ-ਕਹਿਰੇ ਕਿਸਾਨਾਂ ਨੂੰ ਡਰਾ-ਧਮਕਾ ਕੇ ਝੋਨਾ ਵਹਾਉਣ 'ਚ ਅਧਿਕਾਰੀ ਸਫਲ ਹੋਏ ਹਨ।
ਵੱਖ-ਵੱਖ ਥਾਈਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁਖ ਬੁਲਾਰਿਆਂ 'ਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਮਹਿੰਦਰ ਸਿੰਘ ਰੋਮਾਣਾ, ਸੰਗਠਨ ਸਕੱਤਰ ਹਰਦੀਪ ਸਿੰਘ ਟੱਲੇਵਾਲ, ਸਕੱਤਰ ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਬਿੰਦੂ ਅਤੇ ਕੁਲਦੀਪ ਕੌਰ ਕੁੱਸਾ ਤੋਂ ਇਲਾਵਾ ਸਮੂਹ ਜ਼ਿਲਾ ਪ੍ਰਧਾਨ, ਜਨਰਲ ਸਕੱਤਰ ਤੇ ਹੋਰ ਸਥਾਨਕ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਪਾਣੀ ਦੀ ਬੱਚਤ ਤਾਂ ਬਹਾਨਾ ਹੈ, ਅਸਲ ਵਿਚ ਸਰਕਾਰ ਫਸਲਾਂ ਦੀ ਸਰਕਾਰੀ ਖਰੀਦ ਠੱਪ ਕਰਕੇ ਖੇਤੀ ਮੰਡੀ ਲੁਟੇਰੇ ਸਾਮਰਾਜੀ ਵਪਾਰਕ ਘਰਾਣਿਆਂ ਹਵਾਲੇ ਕਰਨਾ ਚਾਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 20 ਜੂਨ ਤੋਂ ਮਗਰੋਂ ਲਾਉਣ ਵਾਲੀਆਂ ਪਿਛੇਤੀਆਂ ਕਿਸਮਾਂ ਦਾ ਝਾੜ ਅਗੇਤੀ ਕਿਸਮ ਦੇ ਝੋਨੇ ਨਾਲੋਂ 4-5 ਕੁਇੰਟਲ ਪ੍ਰਤੀ ਏਕੜ ਘੱਟ ਨਿਕਲਦਾ ਹੈ। ਅਗੇਤੀ ਕਿਸਮ ਪਛੇਤੀ ਲਾਉਣ ਨਾਲ ਦਾਣਿਆਂ 'ਚ ਸਿੱਲ੍ਹ ਵਧੇਰੇ ਰਹਿਣ ਵਾਲਾ ਠੰਡਾ ਮੌਸਮ ਆ ਜਾਂਦਾ ਹੈ। ਕਿਸਾਨਾਂ ਦੀ ਬਿਲਕੁਲ ਜਾਇਜ਼ ਮੰਗ ਇਸ ਸਿੱਲ੍ਹ ਦੀ ਮਾਤਰਾ ਵਧਾ ਕੇ 24 ਫੀਸਦੀ ਕਰਨ ਨੂੰ ਵੀ ਸਰਕਾਰ ਸੁਣਨ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਪਾਣੀ ਦੀ ਬਰਬਾਦੀ ਲਈ ਸਿਰਫ ਕਿਸਾਨਾਂ 'ਤੇ ਦੋਸ਼ ਮੜ੍ਹਿਆ ਜਾ ਰਿਹਾ ਹੈ, ਜਦੋਂਕਿ ਵੱਡੇ ਉਦਯੋਗਿਕ ਅਦਾਰਿਆਂ ਤੇ ਘਰੇਲੂ ਵਰਤੋਂ ਸਮੇਂ ਹੁੰਦੀ ਪਾਣੀ ਦੀ ਬਰਬਾਦੀ ਬਾਰੇ ਕੋਈ ਠੋਸ ਨੀਤੀ ਨਹੀਂ।
ਅਕਾਲੀ ਦਲ ਤੇ ਪੰਥਕ ਰਾਜਨੀਤੀ ਦੇ ਨਿਧੜਕ ਜਰਨੈਲ ਸਨ ਜਥੇ. ਕੁਲਦੀਪ ਵਡਾਲਾ : ਸੁਖਬੀਰ ਬਾਦਲ
NEXT STORY