ਬਠਿੰਡਾ (ਸੰਦੀਪ ਮਿੱਤਲ)-ਬਾਬਾ ਫਰੀਦ ਅਕੈਡਮੀ ਉੱਭਾ ਦਾ ਸਾਲਾਨਾ ਸਮਾਗਮ ਦਸਤੂਰ 2019 ਬਡ਼ੇ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ |ਚ ਡਾਂਸ, ਕੋਰਿਓਗ੍ਰਾਫੀ, ਸਕਿੱਟ, ਗਿੱਧਾ ਅਤੇ ਜਿੰਦੂਆ ਸ਼ਾਮਲ ਸਨ। ਸਾਰੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਸਮਾਗਮ ’ਚ ਭਾਗ ਲਿਆ। ਇਸ ਸਮਾਗਮ ’ਚ ਨਰਸਰੀ ਅਤੇ ਕੇ.ਜੀ. ਦੇ ਵਿਦਿਆਰਥੀਆਂ ਵੱਲੋਂ ਮਾਤਾ-ਪਿਤਾ ਨੂੰ ਸਮਰਪਿਤ ਡਾਂਸ ਪੇਸ਼ ਕੀਤਾ ਗਿਆ। ਪਹਿਲੀ ਅਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਡਿਸਕੋ ਡਾਂਸ ਪੇਸ਼ ਕੀਤਾ ਗਿਆ। ਤੀਸਰੀ ਕਲਾਸ ਦੇ ਵਿਦਿਆਰਥੀਆਂ ਨੇ ਭੰਗਡ਼ੇ ਨਾਲ ਸਭ ਦਾ ਮਨ ਮੋਹ ਲਿਆ। ਚੌਥੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਜ਼ਿੰਦਗੀ ਦੀ ਅਹਿਮੀਅਤ ਨੂੰ ਦੱਸਦੇ ਹੋਏ ਕੋਰੀਓਗ੍ਰਾਫੀ ਪੇਸ਼ ਕੀਤੀ ਪੰਜਵੀਂ ਕਲਾਸ ਨੇ ਪੁਰਾਣੇ ਪੰਜਾਬ ਦੀਆਂ ਪਿੰਡ ਦੀਆਂ ਗਲੀਆਂ ਨੂੰ ਯਾਦ ਕੀਤਾ ਅਤੇ ਨਾਲ ਹੀ ਬੋਲੀਆਂ ਨਾਲ ਸਭ ਨੂੰ ਕੀਲ ਕੇ ਰੱਖ ਦਿੱਤਾ। ਛੇਵੀਂ ਕਲਾਸ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਯਾਦ ਕਰਦੇ ਹੋਏ ਪੰਜਾਬ ਦੀ ਤਸਵੀਰ ਪੇਸ਼ ਕੀਤੀ ਤੇ ਮਾਈਮ ਰਾਹੀਂ ਮੋਬਾਈਲ ਫੋਨ ਦੇ ਬੁਰੇ ਪ੍ਰਭਾਵ ਬਾਰੇ ਦੱਸਿਆ। ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਸਿੱਖੀ ਸਿਦਕ ਦੀ ਕੋਰੀਓਗ੍ਰਾਫੀ ਰਾਹੀਂ ਸਿੱਖ ਇਤਿਹਾਸ ਦੇ ਪੰਨਿਆਂ ਨੂੰ ਦੁਬਾਰਾ ਖੋਲ ਕੇ ਕੁਰਬਾਨੀਆਂ ਨੂੰ ਮੁਡ਼ ਸੁਰਜੀਤ ਕੀਤਾ। ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਕਾਲਜ ਦੀ ਜਿੰਦਗੀ ਨਾਲ ਸਬੰਧਿਤ ਸਕਿੱਟ ਪੇਸ਼ ਕੀਤੀ। ਬਾਰਵੀਂ ਕਲਾਸ ਦੀਆਂ ਕੁਡ਼ੀਆਂ ਦੇ ਗਿੱਧੇ ਨੇ ਸਾਰੇ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ ਅਤੇ ਮੁੰਡਿਆਂ ਦੇ ਭੰਗਡ਼ੇ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ। ਬਾਰਵੀਂ ਦੇ ਮੁੰਡਿਆਂ ਦੇ ਮਲਵਈ ਗਿੱਧੇ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ ਤੇ ਸਾਰੇ ਸਰੋਤਿਆਂ ਨੂੰ ਨੱਚਣ ਲਾ ਦਿੱਤਾ। ਸਟੇਜ ਸੰਭਾਲਣ ਦਾ ਕੰਮ ਸਕੂਲ ਦੇ ਕੋਆਰਡੀਨੇਟਰ ਮੈਡਮ ਸੁਖਵੀਰ ਕੌਰ ਅਤੇ ਵਾਈਸ ਪ੍ਰਿੰਸੀਪਲ ਮੈਡਮ ਹਰਵਿੰਦਰ ਕੌਰ ਨੇ ਕੀਤਾ। ਸਮਾਗਮ ਮੌਕੇ ਵੱਖ-ਵੱਖ ਪਿੰਡਾਂ ਤੋਂ ਸਰਪੰਚ ਸਾਹਿਬ ਤੇ ਉਨ੍ਹਾਂ ਦੀ ਪੰਚਾਇਤ ਵੀ ਸ਼ਾਮਲ ਹੋਏ। ਪ੍ਰਸਿੱਧ ਲੇਖਕ ਅਤੇ ਗੀਤਕਾਰ ਸ. ਹਰਮਨ ਸਿੰਘ (ਖਿਆਲਾ) ਨੇ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ਹਾਸਰਸ ਕਲਾਕਾਰਾਂ (ਭਾਨਾਂ ਭਗੌਡ਼ਾ, ਬੀਬੋ ਭੂਆ ਤੇ ਜੀਤ ਪੈਂਚਰਾਂ ਵਾਲਾ) ਨੇ ਦਰਸ਼ਕਾਂ ਨੂੰ ਹਾਸੇ ਨਾਲ ਲੋਟ-ਪੋਟ ਕੀਤਾ। ਸਕੂਲ ਦੇ ਪ੍ਰਿੰਸੀਪਲ ਬਿਰਜ ਲਾਲ ਨੇ ਸਾਰੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਜਨਰਲ ਸਕੱਤਰ ਦਲਵਿੰਦਰ ਸਿੰਘ ਧਾਲੀਵਾਲ ਤੇ ਚੇਅਰਮੈਨ ਰਾਜ ਸਿੰਘ ਨੇ ਸਾਰੇ ਪੰਚਾਇਤ ਮੈਂਬਰਾਂ ਅਤੇ ਸਰਪੰਚ ਸਾਹਿਬਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਮਾਗਮ ਵਿੱਚ ਭਾਗ ਲੈਣ ਵਿਦਿਆਰਥੀਆਂ ਨੂੰ ਵੀ ਸਨਮਾਨਤ ਕੀਤਾ ਗਿਆ।
ਬਿਜਲੀ ਮੰਤਰੀ ਕਾਂਗੜ ਵਲੋਂ ਥਾਣੇ ਦਾ ਦੌਰਾ
NEXT STORY