ਜਲੰਧਰ— ਸਾਈਕਲ ਰਿਪੇਅਰ ਕਰਨ ਵਾਲੇ ਮਕੈਨਿਕ ਰਣਜੀਤ ਸਿੰਘ ਨੇ ਕੂੜੇ 'ਚ ਸੁੱਟੇ ਗਏ ਬੂਟਿਆਂ ਨੂੰ ਚੁੱਕ ਕੇਸੜਕ ਕਿਨਾਰੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਉਂਝ ਅਕਸਰ ਦੇਖਿਆ ਜਾਂਦਾ ਹੈ ਕਿ ਘਰਾਂ 'ਚ ਲੋਕ ਗਮਲਾ ਟੁੱਟਣ 'ਤੇ ਬੂਟੇ ਲੱਗੇ ਗਮਲੇ ਨੂੰ ਬਾਹਰ ਸੁੱਟ ਦਿੰਦੇ ਹਨ। ਰਣਜੀਤ ਸਿੰਘ ਨੇ ਉਸੇ ਕੂੜੇ 'ਚ ਪਏ ਗਮਲੇ ਨੂੰ ਚੁੱਕੇ ਕੇ ਉਸ ਦੇ ਬੂਟੇ ਨੂੰ ਸੜਕ ਕਿਨਾਰੇ ਲਗਾਇਆ। ਕੁਝ ਦਿਨ ਬਾਅਦ ਬੂਟੇ ਨੂੰ ਖਿਲੇ ਦੇਖ ਕੇ ਰਣਜੀਤ ਸਿੰਘ ਨੇ ਇਹ ਮੁਹਿੰਮ ਹੀ ਸ਼ੁਰੂ ਕਰ ਦਿੱਤੀ।
2016 ਤੋਂ ਲਗਾ ਰਹੇ ਨੇ ਬੂਟੇ
ਰੇਲਵੇ ਰੋਡ 'ਤੇ ਸਾਈਕਲ ਰਿਪੇਅਰ ਦੀ ਦੁਕਾਨ ਚਲਾਉਣ ਵਾਲੇ ਰਣਜੀਤ ਸਿੰਘ 2016 ਤੋਂ ਸੜਕ ਕਿਨਾਰੇ ਡਿਵਾਈਡਰਾਂ 'ਤੇ ਬੂਟੇ ਲਗਾ ਰਹੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਵੀ ਕਰਦੇ ਹਨ। ਐਤਵਾਰ ਨੂੰ ਵੀ ਰਣਜੀਤ ਸਿੰਘ ਰੇਲਵੇ ਸਟੇਸ਼ਨ ਦੇ ਬਾਹਰ ਡਿਵਾਈਡਰ 'ਤੇ ਤੇਜ਼ ਗਰਮੀ 'ਚ ਬੂਟੇ ਨੂੰ ਟੁੱਟਣ ਤੋਂ ਬਚਾਉਣ ਲਈ ਬਾਂਸ ਨਾਲ ਬੰਨ੍ਹਦੇ ਦਿਖਾਈ ਦਿੱਤੇ। ਰੇਲਵੇ 'ਚ ਕੰਮ ਕਰਦੇ ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਰਣਜੀਤ ਸਿੰਘ ਰੇਲਵੇ ਸਟੇਸ਼ਨ ਹੀ ਨਹੀਂ ਸਗੋਂ ਛੋਟੀਆਂ ਪਾਰਕਾਂ 'ਚ ਵੀ ਬੂਟਿਆਂ ਦੀ ਸੰਭਾਲ ਕਰਦੇ ਨਜ਼ਰ ਆਉਂਦੇ ਹਨ।
ਇੰਝ ਆਇਆ ਆਈਡੀਆ
ਪੱਤਰਕਾਰਾਂ ਵੱਲੋਂ ਜਦੋਂ ਰਣਜੀਤ ਸਿੰਘ ਇਹ ਸਵਾਲ ਕੀਤਾ ਗਿਆ ਕਿ ਉਹ ਕੀ ਸੋਚ ਕੇ ਇਹ ਕਰ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕੁਝ ਸਾਲ ਪਹਿਲਾਂ ਡਿਪਟੀ ਕਮਿਸ਼ਨਰ ਦੇ ਦਫਤਰ ਗਏ ਸਨ ਤਾਂ ਉਥੇ ਕਿਸੇ ਸ਼ਖਸ ਨੂੰ ਡਿਵਾਈਡਰ 'ਤੇ ਬੂਟੇ ਲਗਾਉਂਦੇ ਦੇਖਿਆ। ਉਸ ਨੂੰ ਦੇਖ ਕੇ ਰਣਜੀਤ ਸਿੰਘ ਨੇ ਸੋਚਿਆ ਕਿ ਜੇਕਰ ਉਹ ਸ਼ਖਸ ਇਹ ਕੰਮ ਕਰ ਰਿਹਾ ਹੈ ਤਾਂ ਉਹ ਕਿਉਂ ਨਹੀਂ ਕਰ ਸਕਦੇ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਰੇਲਵੇ ਰੋਡ, ਦਮੋਰੀਆ ਪੁਲ, ਸਟੇਸ਼ਨ ਨੇੜੇ ਪਾਰਕ ਅਤੇ ਸੜਕਾਂ ਦੇ ਕਿਨਾਰੇ ਬੂਟੇ ਲਗਾਉਣੇ ਸ਼ੁਰੂ ਕਰ ਦਿੱਤੇ।
ਉਨ੍ਹਾਂ ਦੱਸਿਆ ਕਿ ਜੋ ਇਨ੍ਹੀਂ ਦਿਨੀਂ ਗਰਮੀ ਪੈ ਰਹੀ ਹੈ, ਇਹ ਹਰਿਆਲੀ ਘੱਟ ਹੋਣ ਕਰਕੇ ਪੈ ਰਹੀ ਹੈ। ਅੱਜ ਤੋਂ 30 ਸਾਲ ਪਹਿਲਾਂ ਬਗੈਰ ਕਿਸੇ ਪੱਖੇ, ਕੂਲਰ ਤੋਂ ਲੋਕ ਛੱਤਾਂ 'ਤੇ ਸੌਂ ਜਾਂਦੇ ਸਨ। ਉਦੋਂ ਕਾਫੀ ਠੰਡਕ ਹੁੰਦੀ ਸੀ। ਫਿਰ ਦਰੱਖਤ ਕੱਟਣ ਨਾਲ ਗਰਮੀ ਵੱਧਣ ਲੱਗੀ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਗਰਮੀ ਰੋਕਣ ਲਈ ਉਹ ਆਪਣਾ ਯੋਗਦਾਨ ਦੇ ਸਕਣ।
ਇੰਝ ਕਰਦੇ ਨੇ ਬੂਟਿਆਂ ਦੀ ਦੇਖਭਾਲ
ਰਣਜੀਤ ਸਿੰਘ ਦੇ ਕੋਲ ਬੂਟਿਆਂ ਦੀ ਸੰਭਾਲ ਲਈ ਲੋਹੇ ਦੇ ਸੰਬਲ, ਗਰਿੱਲ ਕੱਟਣ ਵਾਲੀ ਆਰੀ ਸਮੇਤ ਮਿੱਟੀ ਖੋਦਣ ਵਾਲੇ ਹਥਿਆਰ ਵੀ ਹਨ। ਰਣਜੀਤ ਨੇ ਦੱਸਿਆ ਕਿ ਉਹ ਵਾਰੀ-ਵਾਰੀ ਬੂਟਿਆਂ ਦੀ ਸਿੰਚਾਈ ਕਰਦੇ ਹਨ। ਉਨ੍ਹਾਂ ਨੂੰ ਬੈਂਕਰ ਅਮਿਤ ਕੁਮਾਰ ਨੇ ਅਲੈਸਟੋਨੀਆ ਦੇ ਬੂਟੇ ਖਰੀਦ ਕੇ ਦਿੱਤੇ ਸਨ, ਜਿਨ੍ਹਾਂ ਦੀ ਦੇਖਭਾਲ ਤੋਂ ਬਾਅਦ ਉਹ ਦਰੱਖਤ ਬਣ ਚੁੱਕੇ ਹਨ। ਰਣਜੀਤ ਸਿੰਘ ਨੇ ਹੁਣ ਤੱਕ 100 ਤੋਂ ਵੱਧ ਬੂਟਿਆਂ ਦੀ ਦੇਖਭਾਲ ਕਰਕੇ ਦਰੱਖਤ ਬਣਾਇਆ ਹੈ।
ਉਥੇ ਹੀ ਬੈਂਕਰ ਅਮਿਤ ਕੁਮਾਰ ਨੇ ਇਹ ਮਿਸਾਲ ਕਾਇਮ ਕੀਤੀ ਹੈ ਕਿ ਜੇਕਰ ਤੁਹਾਡੇ ਕੋਲ ਬੂਟੇ ਲਗਾਉਣ ਦਾ ਸਮਾਂ ਨਹੀਂ ਹੈ ਤਾਂ ਰਣਜੀਤ ਸਿੰਘ ਵਰਗੇ ਲੋਕਾਂ ਨੂੰ ਬੂਟੇ ਖਰੀਦ ਕੇ ਦਿੱਤੇ ਜਾਣ। ਇਹ ਵੀ ਹਰਿਆਲੀ ਵਧਾਉਣ 'ਚ ਹੀ ਹਿੱਸੇਦਾਰੀ ਰਹੇਗੀ।
ਹਰਿਆਲੀ ਤੇ ਠੰਡਕ ਲਈ ਜ਼ਿਆਦਾਤਰ ਲਗਾਉਂਦੇ ਨੇ ਦੇਸੀ ਬੂਟੇ
ਰਣਜੀਤ ਐਤਵਾਰ ਨੂੰ ਆਪਣਾ ਕੰਮਕਾਜ ਖਤਮ ਕਰਕੇ ਬਾਕੀ ਦਾ ਸਮਾਂ ਵਾਤਾਵਰਣ ਨੂੰ ਦਿੰਦੇ ਹਨ। ਰਣਜੀਤ ਸਿੰਘ ਦੇ ਦੋ ਬੱਚੇ ਹਨ ਅਤੇ ਪਤਨੀ ਘਰ ਨੂੰ ਸੰਭਾਲਦੀ ਹੈ। ਰਣਜੀਤ ਸਿੰਘ ਨੇ ਦੱਸਿਆ ਕਿ ਉਹ ਦੇਸੀ ਬੂਟੇ ਹੀ ਲਗਾਉਂਦੇ ਹਨ। ਜਿਵੇਂ ਕਿ ਨਿੰਮ, ਬਰਗਦ ਅਤੇ ਪਿੱਪਲ ਦੇ ਬੂਟੇ ਲਗਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਹੈ ਕਿ ਦੇਸੀ ਬੂਟੇ ਲਗਾ ਕੇ ਠੰਡਕ ਵਧੇਗੀ। ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੂਟੇ ਲਗਾਉਂਦੇ ਹਨ ਤਾਂ ਉਸ ਦੇ ਵੱਧਣ ਦੇ ਨਾਲ-ਨਾਲ ਉਨ੍ਹਾਂ ਦੀ ਖੁਸ਼ੀ ਅਤੇ ਆਤਮਵਿਸ਼ਵਾਸ ਵੀ ਵੱਧਦਾ ਹੈ।
ਹੁਣ ਵਾਹਨ ਚਾਲਕ ਚਿਹਰਾ ਦਿਖਾਏ ਬਿਨਾਂ ਨਹੀਂ ਲੈ ਸਕਣਗੇ ਪੈਟਰੋਲ
NEXT STORY