ਬਰੇਸ਼ੀਆ (ਦਲਵੀਰ ਸਿੰਘ ਕੈਂਥ) : ਇਸ ਗੱਲ ਨੂੰ ਫਿਰ ਇੱਕ ਵਾਰ ਉਸ ਪੰਜਾਬੀ ਗੱਭਰੂ ਨੇ ਸਾਬਿਤ ਕਰ ਦਿੱਤਾ ਹੈ ਕਿ ਅਸਮਾਨ ਵਿੱਚ ਉੱਡਣ ਲਈ ਜਹਾਜ਼ ਦੀ ਨਹੀਂ ਸਗੋਂ ਫ਼ੌਲਾਦੀ ਹੌਸਲਿਆਂ ਦੀ ਲੋੜ ਹੁੰਦੀ ਹੈ ਜਿਹੜਾ ਕਿ ਅੱਜ-ਕਲ੍ਹ ਯੂਰਪ ਦੀ ਧਰਤੀ ਉਪਰ ਜਹਾਜ਼ 'ਚ ਨਹੀਂ ਸਗੋਂ ਆਪਣੇ ਸਾਇਕਲ ਨਾਲ ਉੱਡਦਾ ਫਿਰ ਰਿਹਾ ਹੈ। ਇਹ ਗੱਭਰੂ ਅੰਮ੍ਰਿਤਪਾਲ ਸਿੰਘ ਉਰਫ਼ ਘੁੱਦਾ ਸਿੰਘ ਜਿਹੜਾ ਬਠਿੰਡਾ ਦਾ ਰਹਿਣ ਵਾਲਾ ਹੈ, ਜਿਹੜਾ ਕਿ ਸਾਈਕਲ 'ਤੇ ਯੂਰਪ ਯਾਤਰਾ ਕਰ ਰਿਹਾ ਹੈ।

ਅੰਮ੍ਰਿਤਪਾਲ ਸਿੰਘ ਸਾਈਕਲ 'ਤੇ ਹੀ ਜਰਮਨ ਤੋਂ ਸ਼ੁਰੂ ਕਰਕੇ ਯਾਤਰਾ, ਇਟਲੀ ਦੇ ਰੀਗਲ ਰੈਸਟੋਰੈਂਟ ਬਰੇਸ਼ੀਆ ਵਿਖੇ ਪੁੱਜਿਆ, ਜਿੱਥੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਰੀਗਲ ਰੈਸਟੋਰੈਂਟ ਦੇ ਲਖਵਿੰਦਰ ਸਿੰਘ ਡੋਗਰਾਂਵਾਲ, ਜਸਵੀਰ ਸਿੰਘ ਡੋਗਰਾਂਵਾਲ, ਓਂਕਾਰ ਸਿੰਘ ਕਾਹਮਾ, ਜਤਿੰਦਰ ਪਾਲ ਸਿੰਘ ਅਮਨਦੀਪ ਸਿੰਘ ਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ। ਰੀਗਲ ਰੈਸਟੋਰੈਂਟ ਦੇ ਲਖਵਿੰਦਰ ਸਿੰਘ ਡੋਗਰਾਂਵਾਲ, ਜਸਵੀਰ ਸਿੰਘ ਡੋਗਰਾਂਵਾਲ ਨੇ ਅੰਮ੍ਰਿਤਪਾਲ ਸਿੰਘ ਘੁੱਦਾ ਨੂੰ ਜੀ ਆਇਆਂ ਆਖਦਿਆਂ ਗੱਲਵੱਕੜੀ ਦਾ ਨਿੱਘ ਦਿੱਤਾ। ਸਾਇਕਲ ਉਪਰ ਪਹਿਲੀ ਵਾਰ ਯੂਰਪ ਯਾਤਰਾ 'ਤੇ ਆਏ ਘੁੱਦਾ ਸਿੰਘ ਦਾ ਬੇਸ਼ੱਕ ਯੂਰਪ ਦੀ ਹੱਡ ਚੀਰਵੀਂ ਠੰਡ ਤੇ ਸੀਤ ਹਵਾਵਾਂ ਰਾਸਤਾ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਇੱਕ ਲੋਕ ਕਹਾਵਤ ਅਨੁਸਾਰ ਕਿ ਪੰਜਾਬੀ ਜਦੋਂ ਕਿਸੇ ਕੰਮ ਨੂੰ ਕਰਨ ਦੀ ਜਿੱਦ ਕਰ ਲੈਂਦੇ ਹਨ ਤਾਂ ਫਿਰ ਪੈਰ ਪਿੱਛੇ ਨਹੀਂ ਮੁੜਦੇ। ਅਜਿਹਾ ਹੀ ਯੂਰਪ ਵਿੱਚ ਆ ਘੁੱਦਾ ਸਿੰਘ ਕਰ ਰਿਹਾ ਹੈ। ਪਹਿਲਾਂ ਜਰਮਨ ਹੁਣ ਇਟਲੀ ਤੇ ਫਿਰ ਇਸ ਤੋਂ ਅਗਲੇ ਪੈਂਡੇ ਨੂੰ ਸਰ ਕਰਨ ਲਈ ਇਹ ਪੰਜਾਬੀ ਗੱਭਰੂ ਸਰਦ ਰੁੱਤ ਵਿੱਚ ਵੀ ਆਪਣੇ ਜੋਸ਼ੀਲੇ ਸੁਭਾਅ ਨਾਲ ਮਾਹੌਲ ਖੁਸ਼ਨੁਮਾ ਬਣਾ ਕੇ ਰੱਖਦਾ ਹੈ।
ਘੁੱਦਾ ਸਿੰਘ ਜਿੱਥੇ ਇਟਲੀ ਵਿੱਚ ਭਾਰਤੀ ਭਾਈਚਾਰੇ ਨਾਲ ਮਿਲ-ਮਿਲਾਪ ਕਰਦਿਆਂ ਬਾਗੋ-ਬਾਗ ਹੋ ਰਿਹਾ ਹੈ, ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਰਿਹਾ ਹੈ ਨਾਲ ਹੀ ਉੱਥੇ ਇਟਲੀ ਵਿੱਚ ਭਾਰਤੀਆਂ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਕੰਮਾਂਕਾਰਾਂ ਨੂੰ ਵੀ ਬਹੁਤ ਨੇੜੇ ਤੋਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਟਲੀ ਦੇ ਅਜੂਬੇ ਪੀਜਾ ਟਾਵਰ (ਫਿਰੈਂਸੇ) ਨੂੰ ਹੱਥ ਲਾਉਣ ਤੋਂ ਬਾਅਦ ਘੁੱਦਾ ਸਿੰਘ ਹੁਣ ਰਾਜਧਾਨੀ ਰੋਮ ਵੱਲ ਆਪਣੇ ਸਾਇਕਲ ਦਾ ਮੂੰਹ ਘੁੰਮਾ ਚੁੱਕਾ ਹੈ ਤੇ ਜਲਦ ਹੀ ਉਹ ਇਤਿਹਾਸ ਸ਼ਹਿਰ ਰੋਮ ਨੂੰ ਨਿਹਾਰਦਾ ਦੇਖਿਆ ਜਾਵੇਗਾ। ਰੋਮ ਵਿੱਚ ਭਾਰਤੀ ਭਾਈਚਾਰਾ ਘੁੱਦਾ ਸਿੰਘ ਮਿਲਣ ਲਈ ਨਜ਼ਰਾਂ ਵਿਛਾਈ ਬੈਠਾਂ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਉਰਫ਼ ਘੁੱਦਾ ਸਿੰਘ ਸੋਸ਼ਲ ਮੀਡੀਏ ਰਾਹੀ ਆਮ ਲੋਕਾਂ 'ਚ ਇੱਕ ਖਾਸ ਰੁਤਬਾ ਬਣਾ ਚੁੱਕਾ ਹੈ। ਘੁੱਦਾ ਸਿੰਘ ਨੂੰ ਚਾਹੁੰਣ ਵਾਲੇ ਉਸ ਦੀ ਸਾਇਕਲ ਰਾਹੀ ਯੂਰਪ ਫੇਰੀ ਦੌਰਾਨ ਭਰਪੂਰ ਹੌਸਲਾ ਅਫ਼ਜਾਈ ਕਰ ਰਹੇ ਹਨ ਤੇ ਘੁੱਦਾ ਸਿੰਘ ਵੀ ਆਪਣੀ ਇਸ ਯਾਤਰਾ ਦੀ ਸਾਰੀ ਰਿਪੋਰਟ ਸੋਸ਼ਲ ਮੀਡੀਏ ਰਾਹੀ ਆਪਣੇ ਮਿੱਤਰਾ ਪ੍ਰੇਮੀਆਂ ਨਾਲ ਸਾਂਝੀ ਕਰ ਰਿਹਾ ਹੈ।
ਪਹਿਲੀ ਵਾਰ ਸਮੁੰਦਰ ’ਚ ਆਰਟੀਫੀਸ਼ੀਅਲ ਆਈਲੈਂਡ ਬਣਾ ਰਿਹਾ ਪਾਕਿਸਤਾਨ, ਪੁੱਟੇ ਜਾਣਗੇ ਤੇਲ ਦੇ 25 ਖੂਹ
NEXT STORY