ਲੁਧਿਆਣਾ (ਵਿੱਕੀ)- ਪਿਛਲੇ ਸਾਲਾਂ ਦੌਰਾਨ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ’ਚ ਪੜ੍ਹਨ ਵਾਲੇ ਬੱਚਿਆਂ ਲਈ ਪਾਠ ਪੁਸਤਕਾਂ ਦੀ ਸਪਲਾਈ ’ਚ ਹੋਈ ਦੇਰ ਕਾਰਨ ਨਾ ਸਿਰਫ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਅਸਰ ਪਿਆ ਸੀ, ਸਗੋਂ ਮਾਪਿਆਂ ਅਤੇ ਅਧਿਆਪਕਾਂ ’ਚ ਵੀ ਅਸੰਤੋਖ ਦੇਖਿਆ ਗਿਆ ਸੀ।
ਇਸ ਨਾਲ ਸਿੱਖਿਆ ਵਿਭਾਗ ਦੀ ਕਾਰਜਸ਼ੈਲੀ ’ਤੇ ਗੰਭੀਰ ਸਵਾਲ ਖੜ੍ਹੇ ਹੋਏ ਸਨ ਅਤੇ ਪ੍ਰਸ਼ਾਸਨ ਨੂੰ ਅਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ’ਚ ਰੱਖਦੇ ਹੋਏ ਅਤੇ ਭਵਿੱਖ ਵਿਚ ਅਜਿਹੀ ਸਥਿਤੀ ਤੋਂ ਬਚਣ ਲਈ ਸਿੱਖਿਆ ਵਿਭਾਗ ਨੇ ਇਸ ਵਾਰ ਸਮੇਂ ਸਿਰ ਠੋਸ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਦਿਅਕ ਸੈਸ਼ਨ ’ਚ ਕਿਸੇ ਵੀ ਵਿਦਿਆਰਥੀ ਨੂੰ ਕਿਤਾਬਾਂ ਦੀ ਕਮੀ ਨਾ ਝੱਲਣੀ ਪਵੇ, ਇਸ ਦੇ ਲਈ ਵਿਭਾਗ ਨੇ ਹੁਣ ਤੋਂ ਵਿਸਥਾਰਤ ਯੋਜਨਾ ਤਿਆਰ ਕਰ ਲਈ ਹੈ ਅਤੇ ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਅਧਿਕਾਰੀਆਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਹਨ।
ਪੰਜਾਬ ਸਿੱਖਿਆ ਵਿਭਾਗ ਦੇ ਨਿਦੇਸ਼ਕ ਜਨਰਲ ਸਕੂਲ ਸਿੱਖਿਆ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ, ਸਮੱਗਰ ਸਿੱਖਿਆ ਮੁਹਿੰਮ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਪ੍ਰਾਇਮਰੀ ਅਤੇ ਸੈਕੰਡਰੀ) ਨੂੰ ਆਗਾਮੀ ਵਿੱਦਿਅਕ ਸਾਲ 2025-26 ਲਈ ਪਾਠ ਪੁਸਤਕਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੇ ਲਈ ਕਰਵਟ, ਡਿੱਗ ਰਹੇ ਮੋਟੇ-ਮੋਟੇ ਗੜ੍ਹੇ, ਸੜਕਾਂ ਹੋ ਗਈਆਂ ਚਿੱਟੀਆਂ
ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ’ਚ ਪਹਿਲੀ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਸਮੇਂ ’ਤੇ ਮੁਫਤ ਪੁਸਤਕਾਂ ਮੁਹੱਈਆ ਕਰਵਾਉਣ ਲਈ ਇਕ ਸੰਗਠਿਤ ਯੋਜਨਾ ਬਣਾਈ ਗਈ ਹੈ। ਨਿਰਦੇਸ਼ਾਂ ਮੁਤਾਬਕ ਪ੍ਰਾਇਮਰੀ ਕਲਾਸਾਂ ਦੀਆਂ ਪੁਸਤਕਾਂ ਦੀ ਵੇਰਵਾ ਵਿਵਸਥਾ ਦੀ ਜ਼ਿੰਮੇਵਾਰੀ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾਇਮਰੀ) ਨੂੰ ਦਿੱਤੀ ਗਈ ਹੈ, ਜਦੋਂਕਿ ਸੈਕੰਡਰੀ ਕਲਾਸਾਂ ਦੀਆਂ ਪੁਸਤਕਾਂ ਦਾ ਪ੍ਰਬੰਧ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਕਰਨਗੇ।
ਇਨ੍ਹਾਂ ਅਧਿਕਾਰੀਆਂ ਨੂੰ ਮੁੱਖ ਦਫਤਰ ਵਲੋਂ ਚਲਾਏ ਗਏ ਅਧਿਕਾਰਤ ਵ੍ਹਟਸਐਪ ਗਰੁੱਪ ਨਾਲ ਜੁੜੇ ਰਹਿਣ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਹਰ ਜ਼ਿਲੇ ’ਚ ਨਿਯੁਕਤ ਟੈਸਟਬੁਕ ਕੋਆਰਡੀਨੇਟਰ ਦਾ ਨਾਂ, ਅਹੁਦਾ, ਸੰਪਰਕ ਨੰਬਰ ਅਤੇ ਈ-ਮੇਲ ਆਈ. ਡੀ. ਤਤਕਾਲ ssatextbook0punjabeducation.gov.in ’ਤੇ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।
ਬਲਾਕ ਅਤੇ ਸਕੂਲ ਪੱਧਰ ’ਤੇ ਬਿਹਤਰ ਤਾਲਮੇਲ ’ਤੇ ਜ਼ੋਰ
ਸਿੱਖਿਆ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪਿਛਲੇ ਸਾਲਾਂ ’ਚ ਕਈ ਸਕੂਲਾਂ ਵਲੋਂ ਬਲਾਕ ਸਿੱਖਿਆ ਅਧਿਕਾਰੀਆਂ ਨਾਲ ਤਾਲਮੇਲ ਦੀ ਕਮੀ ਕਾਰਨ ਪੁਸਤਕਾਂ ਦੀ ਵੰਡ ’ਚ ਦੇਰੀ ਹੋਈ ਸੀ। ਇਸ ਸਮੱਸਿਆ ਤੋਂ ਬਚਣ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੇ ਅਧੀਨ ਅਧਿਕਾਰੀਆਂ ਨੂੰ ਇਸ ਵਿਸ਼ੇ ਵਿਚ ਜ਼ਰੂਰੀ ਨਿਰਦੇਸ਼ ਦੇਣ, ਤਾਂ ਕਿ ਛੇਵੀਂ ਤੋਂ 12ਵੀਂ ਕਲਾਸ ਤੱਕ ਦੀਆਂ ਪੁਸਤਕਾਂ ਦੀ ਵੰਡ ਦੀ ਜ਼ਿੰਮੇਵਾਰੀ ਸੁਚਾਰੂ ਰੂਪ ’ਚ ਨਿਭਾਈ ਜਾ ਸਕੇ।
ਇਹ ਵੀ ਪੜ੍ਹੋ- ਅੱਜ ਤੋਂ ਬਦਲ ਜਾਵੇਗਾ ਮਿਡ-ਡੇ ਮੀਲ ਦਾ ਸਵਾਦ, ਨਵਾਂ ਮੈਨਿਊ ਹੋਇਆ ਜਾਰੀ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਣਕਾਰੀ ਦਿੱਤੀ ਹੈ ਕਿ ਬਲਾਕ ਪੱਧਰ ’ਤੇ ਕਿਤਾਬਾਂ ਦੀ ਸਪਲਾਈ ਜਲਦ ਸ਼ੁਰੂ ਕੀਤੀ ਜਾਵੇਗੀ। ਇਸ ਦੇ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਖੇਤਰ ’ਚ ਸਥਿਤ ਬਲਾਕ ਸਿੱਖਿਆ ਅਧਿਕਾਰੀਆਂ ਨੂੰ ਸਮੇਂ ’ਤੇ ਸੂਚਿਤ ਕਰਨ, ਤਾਂ ਕਿ ਕਿਤਾਬਾਂ ਸਕੂਲ ਪੱਧਰ ਤੱਕ ਜਲਦ ਪਹੁੰਚ ਸਕਣ।
ਇਸ ਤੋਂ ਇਲਾਵਾ ਕਿਤਾਬਾਂ ਦੇ ਰੱਖ-ਰਖਾਅ ਅਤੇ ਟ੍ਰਾਂਸਪੋਰਟ ਲਈ ਢੁੱਕਵੀਂ ਵਿਵਸਥਾ ਕਰਨ ਅਤੇ ਇਸ ’ਤੇ ਆਉਣ ਵਾਲੇ ਖਰਚ ਦਾ ਵੇਰਵਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
ਬੁੱਕ ਬੈਂਕ ਸਥਾਪਿਤ ਕਰਨ ਦੀ ਪਹਿਲ
ਸਕੂਲਾਂ ’ਚ ਪਹਿਲਾਂ ਤੋਂ ਉਪਲਬਧ ਪੁਸਤਕਾਂ ਦਾ ਰਿਕਾਰਡ ਬਣਾਈ ਰੱਖਣ ਅਤੇ ਗੈਰ-ਜ਼ਰੂਰੀ ਸਪਲਾਈ ਰੋਕਣ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਪਿਛਲੇ ਸਟਾਕ ਦਾ ਮੁੱਲਾਕਣ ਕਰਨ ਅਤੇ ਸਿਰਫ ਜ਼ਰੂਰੀ ਪੁਸਤਕਾਂ ਦੀ ਸਪਲਾਈ ਯਕੀਨੀ ਬਣਾਉਣ। ਜੇਕਰ ਕਿਸੇ ਸਕੂਲ ’ਚ ਪੁਸਤਕਾਂ ਦੀ ਬਹੁਾਂਤ ਜਾਂ ਕਮੀ ਹੁੰਦੀ ਹੈ ਤਾਂ ਬਲਾਕ ਸਿੱਖਿਆ ਅਧਿਕਾਰੀ ਸਬੰਧਤ ਸਕੂਲ ਮੁਖੀ ਨਾਲ ਸੰਪਰਕ ਕਰ ਕੇ ਲੋੜ ਮੁਤਾਬਕ ਪੁਸਤਕਾਂ ਮੁਹੱਈਆ ਕਰਵਾਉਣਗੇ।
ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸਕੂਲਾਂ ’ਚ ਬੁੱਕ ਬੈਂਕ ਸਥਾਪਿਤ ਕਰਨ ਲਈ ਸਕੂਲ ਮੁਖੀਆਂ ਨੂੰ ਪ੍ਰੇਰਿਤ ਕਰਨ, ਤਾਂ ਕਿ ਲੋੜ ਪੈਣ ’ਤੇ ਵਿਦਿਆਰਥੀਆਂ ਨੂੰ ਉਥੋਂ ਪੁਸਤਕਾਂ ਮਿਲ ਸਕਣ। ਸਾਰੇ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਇਸ ਮਹੱਤਵਪੂਰਨ ਕੰਮ ਨੂੰ ਤਾਲਮੇਲ ਅਤੇ ਇਕਰੁੂਪਤਾ ਨਾਲ ਪੂਰਾ ਕਰਨ, ਤਾਂ ਕਿ ਕਿਸੇ ਵੀ ਵਿਦਿਆਰਥੀ ਨੂੰ ਪਾਠ ਪੁਸਤਕਾਂ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਜ ਤੋਂ ਬਦਲ ਜਾਵੇਗਾ ਮਿਡ-ਡੇ ਮੀਲ ਦਾ ਸਵਾਦ, ਨਵਾਂ ਮੈਨਿਊ ਹੋਇਆ ਜਾਰੀ
NEXT STORY