ਹੁਸ਼ਿਆਰਪੁਰ/ਦਸੂਹਾ (ਅਮਰੀਕ, ਝਾਵਰ)— ਪੰਜਾਬ 'ਚ ਕਾਂਗਰਸ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀਂ ਲਿਆ। ਕੈਪਟਨ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦੱਸਦੇ ਹੋਏ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਜੋ ਵਾਅਦੇ ਕਰਕੇ ਸੱਤਾ 'ਚ ਆਈ ਸੀ, ਉਨ੍ਹਾਂ 'ਚੋਂ ਇਕ ਵੀ ਵਾਅਦਾ ਕੈਪਟਨ ਸਰਕਾਰ ਨੇ ਪੂਰਾ ਨਹੀਂ ਕੀਤਾ ਹੈ। ਬੀਤੇ ਦਿਨੀਂ ਕੈਪਟਨ ਦੇ ਹੁਕਮਾਂ 'ਤੇ ਮਾਈਨਿੰਗ ਮਾਫੀਆ ਵਿਰੁੱਧ ਚਲਾਏ ਗਏ ਸਰਚ ਆਪਰੇਸ਼ਨ ਨੂੰ ਬਿਕਰਮ ਸਿੰਘ ਮਜੀਠੀਆ ਨੇ ਸਿਰਫ ਇਕ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ।
ਇਸ ਸਬੰਧੀ ਅਮਰੀਕਾ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਦਸੂਹਾ ਦੇ ਗ੍ਰਹਿ ਨਿਵਾਸ ਸਾਊਥ ਸਿਟੀ ਦਸੂਹਾ ਵਿਖੇ ਗੱਲਬਾਤ ਕਰਦੇ ਹੋਏ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੋਟੇ ਮੱਗਰਮੱਛਾਂ ਨੂੰ ਕੈਪਟਨ ਸਰਕਾਰ ਹੱਥ ਨਹੀਂ ਪਾ ਰਹੀਂ ਜਦੋਂਕਿ ਪੰਜਾਬ ਦੇ ਸਮੂਹ ਜ਼ਿਲਿਆਂ 'ਚ ਮਾਈਨਿੰਗ ਮਾਫੀਆ ਦਿਨ-ਰਾਤ ਕੰਮ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਮਾਈਨਿੰਗ ਮਾਫੀਆ ਦੇ ਦਬਾਅ ਥੱਲੇ ਕੰਮ ਕਰ ਰਹੀ ਹੈ।
ਪੰਜਾਬ ਅੰਦਰ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ
ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਪੰਜਾਬ ਅੰਦਰ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ। ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ। ਜਿਹੜੇ ਕਿਸਾਨਾਂ ਦਾ ਕਰਜ਼ਾ ਮੁਆਫ ਨਹੀ ਹੋਇਆ, ਉਹ ਆਤਮ-ਹੱਤਿਆਵਾਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਕੈਪਟਨ ਸਰਕਾਰ ਇਸ਼ਤਿਹਾਰਾਂ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਕਿਸਾਨਾਂ ਦਾ 90 ਹਜ਼ਾਰ ਕਰੋੜ ਦਾ ਕਰਜ਼ਾ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਮੁਆਫ ਨਹੀਂ ਕੀਤਾ।
ਇਹ ਵੀ ਪੜ੍ਹੋ: ਕੈਪਟਨ ਵਲੋਂ 3 ਸਾਲਾਂ ਦਾ ਰਿਪੋਰਟ ਕਾਰਡ ਪੇਸ਼, ਗੈਂਗਸਟਰਾਂ ਤੇ ਮਾਫੀਆ ਨੂੰ ਦਿੱਤੀ ਵੱਡੀ ਚਿਤਾਵਨੀ
ਵਿਦਿਆਰਥੀਆਂ ਦੇ ਹੱਕਾਂ 'ਤੇ ਸਰਕਾਰ ਮਾਰ ਰਹੀ ਡਾਕਾ, ਨਹੀਂ ਦਿੱਤੇ ਵਜੀਫੇ
ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ, ਜਨ ਜਾਤੀ, ਪਿਛਲਾ ਵਰਗ ਦੇ ਵਿਦਿਆਰਥੀਆਂ ਨੂੰ ਵਜੀਫੇ ਨਹੀਂ ਦਿੱਤੇ ਗਏ। ਕਰੋੜਾਂ ਰੁਪਏ ਦੇ ਵਜੀਫਿਆਂ ਦੀ ਰਕਮ ਇਹ ਸਰਕਾਰ ਹਜਮ ਕਰ ਗਈ ਹੈ। ਜੇਕਰ ਇਨ੍ਹਾਂ ਵਿਦਿਆਰਥਆਂ ਨੂੰ ਵਜੀਫੇ ਨਹੀਂ ਮਿਲਣਗੇ ਤਾਂ ਉਹ ਪੜ੍ਹਾਈ ਨਹੀਂ ਕਰ ਸਕਣਗੇ। ਇਨ੍ਹਾਂ ਵਿਦਿਆਰਥੀਆਂ ਦੇ ਹੱਕਾਂ 'ਤੇ ਸਰਕਾਰ ਡਾਕਾ ਮਾਰ ਰਹੀ ਹੈ। ਇਸ ਸਰਕਾਰ ਨੇ 3 ਸਾਲ ਪਹਿਲਾਂ ਕੋਈ ਵਿਕਾਸ ਨਹੀਂ ਕੀਤਾ ਅਤੇ ਕੈਪਟਨ ਵੱਲੋਂ ਕੀਤੀ ਗਈ ਮੀਟਿੰਗ 'ਚ ਵੀ ਕੁਝ ਵੀ ਨਹੀਂ ਹੋਣ ਵਾਲਾ ਸਿਰਫ ਪੰਜਾਬ ਦੇ ਲੋਕਾਂ ਨੂੰ ਝੂਠ ਦਾ ਲਾਲਚ ਦੇ ਕੇ ਹੀ ਐਲਾਨਨਾਮੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲਾ ਹੁਸ਼ਿਆਰਪੁਰ 'ਚ ਅੱਜ ਤੱਕ ਕੋਈ ਵੀ ਕਾਰਖਾਨਾ ਜਾਂ ਵਿਕਾਸ ਦਾ ਕੰਮ ਹੋਇਆ ਹੈ। ਇਸ ਤੋ ਸ਼ਪੱਸ਼ਟ ਹੁੰਦਾ ਹੈ ਕਿ ਕਾਂਗਰਸ ਦੇ ਮੰਤਰੀ ਝੂਠੇ ਵਾਅਦੇ ਹੀ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਇਨ੍ਹਾਂ ਦੇ ਝੂਠੇ ਵਾਅਦਿਆਂ 'ਚ ਬਿਲਕੁਲ ਨਹੀਂ ਆਉਣਗੇ।
ਇਸ ਮੌਕੇ ਮਨਜੀਤ ਸਿੰਘ ਦਸੂਹਾ , ਸਰਬਜੀਤ ਸਿਮਘ, ਜ਼ਿਲਾ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਦੋਆਬਾ ਯੂਥ ਅਕਾਲੀ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਲੁਬਾਣਾ ਸਭਾ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਬੀ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਕੈਂਰੇ, ਅਨੁਸੂਚਿਤ ਜਾਤੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਮੂਨਕ, ਹਲਕਾ ਟਾਂਡਾ ਦੇ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬਿੱਕਾ ਚੀਮਾ, ਅਮਰੀਕ ਸਿੰਘ ਗੱਗੀ ਵਿਉਪਾਰ ਮੰਡਲ ਪ੍ਰਧਾਨ ਦਸੂਹਾ, ਜਸਵੰਤ ਸਿੰਘ ਬਿੱਟੂ, ਭੁਪਿੰਦਰ ਸਿੰਘ ਨੀਲੂ ਚੀਮਾਂ ਸਰਕਲ ਪ੍ਰਧਾਨ ਅਕਾਲੀ ਦਲ ਤੇ ਹੋਰ ਵਰਕਰ ਹਾਜ਼ਰ ਸਨ।
ਕੋਰੋਨਾ ਵਾਇਰਸ : SGPC ਸਰਬੱਤ ਦੇ ਭਲੇ ਲਈ ਗੁਰਦੁਆਰਿਆਂ 'ਚ ਕਰਵਾਏਗੀ ਸ੍ਰੀ ਅਖੰਡ ਪਾਠ ਸਾਹਿਬ
NEXT STORY