ਸੁਲਤਾਨਪੁਰ ਲੋਧੀ (ਸੋਢੀ) : ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਹਰਸਿਮਰਤ ਕੌਰ ਬਾਦਲ ਨਤਮਸਤਕ ਹੋਣ ਪਹੁੰਚੇ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਸਮਾਗਮ ਮੌਕੇ 2019 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਕੀਤਾ ਸੀ ਪ੍ਰੰਤੂ 3 ਸਾਲ ਬੀਤਣ ਦੇ ਬਾਵਜੂਦ ਵੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬੰਦੀ ਸਿੰਘਾਂ ਨੂੰ ਰਿਹਾਅ ਕਰਕੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ । ਬੀਬਾ ਬਾਦਲ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਸਤਿਗੁਰੂ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਪੂਰਾ ਨਾ ਕਰਕੇ ਸਤਿਗੁਰੂ ਪਾਤਸ਼ਾਹ ਨਾਲ ਵੀ ਵਾਅਦਾ ਖਿਲਾਫ਼ੀ ਕੀਤੀ ਹੈ ਤੇ ਸਿੱਖ ਸੰਗਤਾਂ ਨਾਲ ਵੀ ਕੀਤੇ ਵਾਅਦੇ ਤੋਂ ਕੇਂਦਰ ਸਰਕਾਰ ਮੁੱਕਰੀ ਹੈ । ਉਨ੍ਹਾਂ ਕਿਹਾ ਕਿ ਮੈ ਮੁੜ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦਾ ਕੀਤਾ ਵਾਅਦਾ ਚੇਤੇ ਕਰਵਾਉਦੀ ਹਾਂ ਤੇ ਮੰਗ ਕਰਦੀ ਹਾਂ ਕਿ ਆਪਣਾ ਵਾਅਦਾ ਪੂਰਾ ਕਰੋ ਤੇ ਸਮੂਹ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੋ।
ਬੀਬੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਸਲਾਨਾ ਬਜਟ ’ਤੇ ਟਿੱਪਣੀ ਕਰਦੇ ਕਿਹਾ ਕਿ ਬਜਟ ਵਿਚ ਪੰਜਾਬ ਦੇ ਵਿਕਾਸ ਲਈ ਚੰਗੀਆਂ ਯੋਜਨਾਵਾਂ ਹੋਣੀਆਂ ਚਾਹੀਦੀਆਂ ਹਨ ਪ੍ਰੰਤੂ ਸੂਬੇ ਦੀ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਚੁੱਕੀ ਹੈ ਤੇ ਬਜਟ ਸਿਰਫ ਲੋਕਾਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਮੈ ਕੇਂਦਰ ਦੀ ਹਕੂਮਤ ਤੇ ਸੂਬਾ ਸਰਕਾਰ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵਿਕਾਸ ਦਾ ਵਾਅਦਾ ਹੁਣ ਤੱਕ ਪੂਰਾ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੀਆਂ ਹਕੂਮਤਾਂ ਗੁਰੂ ਸਾਹਿਬ ਨਾਲ ਹੀ ਵਾਅਦਾ ਖਿਲਾਫ਼ੀ ਕਰ ਸਕਦੀਆਂ ਹਨ, ਉਨ੍ਹਾਂ ਤੇ ਆਮ ਜਨਤਾ ਕਿਵੇਂ ਭਰੋਸਾ ਕਰ ਸਕਦੀ ਹੈ। ਦੱਸਣਯੋਗ ਹੈ ਕਿ ਹਰਸਿਮਰਤ ਕੌਰ ਬਾਦਲ ਸੁਲਤਾਨਪੁਰ ਲੋਧੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਗਮ ’ਚ ਹਿੱਸਾ ਲੈਣ ਲਈ ਪੁੱਜੇ ਸਨ।
ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਮੁਲਾਜ਼ਮਾਂ ਦੀ ਬਾਇਓ ਮੈਟ੍ਰਿਕ ਹਾਜ਼ਰੀ ਲਗਾਉਣ ਦੀ ਸ਼ੁਰੂਆਤ
NEXT STORY